ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਛਿਮਾਹੀ ਇਕੱਤਰਤਾ ਹੋਈ
ਲੁਧਿਆਣਾ, 26 ਨਵੰਬਰ (ਹਰਚੰਦ ਭਿੰਡਰ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਛਿਮਾਹੀ ਇਕੱਤਰਤਾ ਜ਼ੋਨ ਦਫਤਰ ਲੁਧਿਆਣਾ ਵਿਖੇ ਹੋਈ. ਇਸ ਇਕਤਰਤਾ ਵਿੱਚ ਲੁਧਿਆਣਾ ਜ਼ੋਨ ਦੀਆਂ ਇਕਾਈਆਂ ਜਗਰਾਓਂ, ਲੁਧਿਆਣਾ, ਸੁਧਾਰ, ਮਲੇਰਕੋਟਲਾ ਅਤੇ ਕੋਹਾੜਾ ਨੇ ਪਿਛਲੇ ਛੇ ਮਹੀਨਿਆਂ ਵਿੱਚ ਸਮਾਜ ਵਿੱਚੋਂ
ਰੂੜੀਵਾਦੀ, ਪਿਛਾਖੜੀ ਤੇ ਅੰਧਵਿਸ਼ਵਾਸੀ ਵਰਤਾਰੇ ਨੂੰ ਚਣੌਤੀ ਦੇਣ ਵਾਸਤੇ ਵਿਗਿਆਨਕ ਧਾਰਨਾਵਾਂ ਸਥਾਪਤ ਕਰਨ ਲਈ ਕੀਤੀਆਂ ਸਰਗਰਮੀਆਂ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ. ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਸਮੇਂ ਪਿਛਲੇ ਮਹੀਨਿਆਂ ਵਿੱਚ ਸਦੀਵੀ ਵਿਛੋੜਾ ਦੇ ਗਏ ਉੱਘੇ ਰੰਗਕਰਮੀ ਅਤੇ ਇਕਾਈ ਕੁਹਾੜਾ ਦੇ ਜਥੇਬੰਦਕ ਮੁੱਖੀ ਮਾ. ਤਰਲੋਚਨ ਸਮਰਾਲਾ ਅਤੇ ਤਰਕਸ਼ੀਲ ਕਾਰਕੁਨ ਰਣਜੋਧ ਸਿੰਘ ਲਲਤੋਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦੇਣ ਉਪਰੰਤ ਜ਼ੋਨ ਦੇ ਜਥੇਬੰਦਕ ਮੁਖੀ ਜਸਵੰਤ ਜੀਰਖ਼ ਨੇ ਜੋਨ ਦੀਆਂ ਇਕਾਈਆਂ ਦੇ ਵਿਭਾਗੀ ਮੁੱਖੀਆਂ ਨੂੰ ਆਪੋ ਆਪਣੀਆਂ ਰਿਪੋਰਟਾਂ ਪੇਸ਼ ਕਰਨ ਲਈ ਸੱਦਾ ਦਿੱਤਾ.
ਆਪਣੇ ਵਿਭਾਗਾਂ ਦੇ ਕੀਤੇ ਕੰਮਾਂ ਦੀ ਜਾਣਕਾਰੀ ਦੇਣ ਸਮੇਂ ਆਗੂਆਂ ਨੇ ਜਿੱਥੇ ਸਾਡੇ ਸਮਾਜ ਵਿੱਚ ਫੈਲੀ ਅਗਿਆਨਤਾ ਅਤੇ ਅੰਧਵਿਸਵਾਸ਼ ਕਾਰਣ ਵਾਪਰ ਰਹੀਆਂ ਵੱਖ-ਵੱਖ ਕਿਸਮ ਦੀਆਂ ਗੈਰ ਸਮਾਜੀ ਅਤੇ ਗੈਰ ਮਨੁੱਖੀ ਘਟਨਾਵਾਂ ਦੀ ਤਸਵੀਰ ਸਾਹਮਣੇ ਲਿਆਂਦੀ, ਉਥੇ ਤਰਕਸ਼ੀਲਤਾ ਦੀ ਮੌਜੂਦਾ ਸਥਿੱਤੀ ਬਾਰੇ ਵੀ ਸਪੱਸ਼ਟਤਾ ਆਈ. ਉਪਰੰਤ ਜ਼ੋਨ ਦੇ ਵਿਭਾਗਾਂ ਨੇ ਵੀ ਵਿਗਿਆਨਕ ਪਹੁੰਚ ਅਪਣਾਉਂਣ ਲਈ ਆਪਣੇ ਵਲੋਂ ਕੀਤੇ ਯਤਨਾਂ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਲਈ ਕਈ ਪੱਖ ਸਾਹਮਣੇ ਲਿਆਂਦੇ. ਇਸ ਮੌਕੇ ਕੈਨੇਡਾ ਤੋਂ ਆਏ ਮਾ. ਭਜਨ ਸਿੰਘ ਜੋ ਸਰੋਕਾਰਾਂ ਦੀ ਆਵਾਜ਼ ਪਰਚੇ ਦੇ ਸਹਾਇਕ ਸੰਪਾਦਕ ਹਨ, ਵੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ. ਉਨ੍ਹਾਂ ਨੇ ਕੈਨੇਡਾ ਦੀ ਤਰਕਸ਼ੀਲ ਜਥੇਬੰਦੀ ਦੀਆਂ ਸਰਗਰਮੀਆਂ ਬਾਰੇ ਅਤੇ ਵਿਸ਼ੇਸ਼ ਤੌਰ ਤੇ ਕਨੇਡਾ ਵਿੱਚ ਲੋਕਾਂ ਨੂੰ ਸਾਹਿਤ ਅਤੇ ਕਲਾ ਨਾਲ ਜੋੜਨ ਅਤੇ ਉੱਥੇ ਵਿਕਸਤ ਕੀਤੇ ਕਿਤਾਬ ਸਭਿਆਚਾਰ ਅਤੇ ਨਾਟਕਾਂ ਰਾਹੀਂ ਲੋਕਾਂ ਵਿੱਚ ਸਿੱਖਣ ਦੀ ਖਾਹਸ਼ ਪੈਦਾ ਕਰਨ ਲਈ ਆਪਣੇ ਵੱਲੋਂ ਕੀਤੇ ਯਤਨਾਂ ਬਾਰੇ ਉਤਸਾਹ ਜਨਕ ਜਾਣਕਾਰੀ ਦਿੱਤੀ.
ਮਨਜੀਤ ਘਣਗਸ ਨੇ ਆਪਣੇ ਲਿਖੇ ਗੀਤ ‘ਤਰਕਸ਼ੀਲ ਬਣ ਜਾਓ ਲੋਕੋ’ ਗਾ ਕੇ ਮਹੌਲ ਨੂੰ ਹਲਕਾ ਫੁਲਕਾ ਤੇ ਉਤਸਾਹੀ ਬਣਾਇਆ. ਅੰਤ ਵਿੱਚ ਸਾਹਮਣੇ ਆਏ ਮਸਲਿਆਂ ਦੇ ਹੱਲ ਅਤੇ ਅਗਲੇ ਕੰਮਾਂ ਪ੍ਰਵਾਰਿਕ ਮਿਲਣੀਆਂ ਅਤੇ ਹੋਰ ਆਪਸੀ ਮੇਲ ਜੋਲ ਵਧਾਉਣ ਅਤੇ ਸਭਿਆਚਾਰਕ ਅਗਾਂਹਵਧੂ ਸਮਾਜ ਸਿਰਜਣ ਦੇ ਸੰਭਾਵੀ ਹਾਲਤਾਂ ਬਾਰੇ ਵਿਚਾਰ ਚਰਚਾ ਕੀਤੀ. ਇਹ ਵੀ ਫੈਸਲਾ ਹੋਇਆ ਕਿ ਜ਼ੋਨ ਪੱਧਰ ਤੇ ਸਭਿਆਚਾਰਕ ਸਮਾਗਮਾਂ ਰਾਹੀਂ ਲੋਕਾਂ ਵਿੱਚ ਸਮਾਜ ਪ੍ਰਤੀ ਉਸਾਰੂ ਵਿਚਾਰ ਵਿਕਸਤ ਕਰਨ ਦੀ ਜਾਂਚ ਸਿਖਾਉਣ ਦੇ ਉਪਰਾਲੇ ਕੀਤੇ ਜਾਣਗੇ ਤੇ ਇਸ ਨੂੰ ਇਕਾਈਆਂ ਤੱਕ ਵਿਕਸਤ ਕਰਨ ਲਈ ਅਗਲਾ ਕਦਮ ਉਠਾਇਆ ਜਾਣਾ ਤਹਿ ਕੀਤਾ ਜਾਵੇਗਾ. ਇਸ ਮੌਕੇ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਕਿਤਾਬਾਂ ਅਦਿ ਦੇਣ ਦੀ ਡਿਉਟੀ ਵੀ ਲਗਾਈ ਗਈ. ਇਸ ਛਿਮਾਹੀ ਇਕੱਤਰਤਾ ਵਿੱਚ ਉਪਰੋਕਤ ਦੇ ਇਲਾਵਾ ਆਤਮਾ ਸਿੰਘ, ਸ਼ਮਸੇਰ ਨੂਰਪਰੀ, ਹਰਚੰਦ ਭਿੰਡਰ, ਮੋਹਨ ਬਡਲਾ, ਧਰਮਪਾਲ, ਧਰਮ ਸਿੰਘ ਸੂਜਾਪੁਰ, ਮੇਜਰ ਸਿੰਘ, ਰਜਿੰਦਰ ਜੰਡਿਆਲੀ, ਰੁਪਿੰਦਰਪਾਲ, ਕਮਲਜੀਤ ਬਜੁਰਗ, ਕਵੀ ਅਜੀਤ ਪਿਆਸਾ, ਕਰਤਾਰ ਵੀਰਾਨ, ਰਕੇਸ਼ ਆਜਾਦ ਅਤੇ ਦਰਬਾਰਾ ਸਿੰਘ ਆਦਿ ਨੇ ਹਿੱਸਾ ਲਿਆ.