ਮੁੱਖ ਮੰਤਰੀ ਤੀਰਥ ਯੋਜਨਾ ਜਨਤਕ ਸਰਮਾਏ ਦੀ ਬਰਬਾਦੀ: ਤਰਕਸ਼ੀਲ

ਧਾਰਮਿਕ ਆਸਥਾ ਦੀ ਬਜਾਏ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰੇ ਸਰਕਾਰ

ਅੰਮ੍ਰਿਤਸਰ, 10 ਦਸੰਬਰ 2023 (ਸੁਮੀਤ ਸਿੰਘ): ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੇਠ ਵੱਖ ਵੱਖ ਧਾਰਮਿਕ ਸਥਾਨਾਂ ਦੀ ਕਰਵਾਈ ਜਾ ਰਹੀ ਯਾਤਰਾ ਨੂੰ ਸ਼ਰਾਸਰ ਗੈਰ ਸੰਵਿਧਾਨਕ ਅਤੇ ਕਰੋੜਾਂ ਰੁਪਏ ਦੇ ਜਨਤਕ ਸਰਮਾਏ ਦੀ

ਬਰਬਾਦੀ ਕਰਾਰ ਦਿੰਦਿਆਂ ਇਸ ਫ਼ਜ਼ੂਲਖਰਚੀ ਉਤੇ ਤੁਰੰਤ ਰੋਕ ਲਾਉਣ ਅਤੇ ਪੰਜਾਬ ਸਰਕਾਰ ਨੂੰ ਧਾਰਮਿਕ ਆਸਥਾ ਦੀ ਬਜਾਏ ਆਮ ਲੋਕਾਂ ਦੀਆਂ ਦੀਆਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਵੱਲ ਵਧ ਧਿਆਨ ਦੇਣ ਦੀ ਜੋਰਦਾਰ ਮੰਗ ਕੀਤੀ ਹੈ।

ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਬਲਬੀਰ ਲੋਂਗੋਵਾਲ, ਰਾਜਪਾਲ ਸਿੰਘ, ਸੁਮੀਤ ਅੰਮ੍ਰਿਤਸਰ, ਜਸਵੰਤ ਮੋਹਾਲੀ ਅਤੇ ਜੋਗਿੰਦਰ ਕੁੱਲੇਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਭਾਰਤੀ ਸਟੇਟ ਦਾ ਇਕ ਧਰਮ ਨਿਰਪੇਖ ਆਧਾਰ ਹੈ ਅਤੇ ਧਰਮ ਨੂੰ ਮੰਨਣ ਜਾਂ ਨਾ ਮੰਨਣ ਦਾ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਹੈ, ਇਸ ਲਈ ਮੌਜੂਦਾ ਹਕੂਮਤ ਵੱਲੋਂ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਇਕੱਠੇ ਕੀਤੇ ਕੀਮਤੀ ਜਨਤਕ ਸਰਮਾਏ ਨੂੰ ਕਿਸੇ ਵੀ ਧਰਮ ਨੂੰ ਪ੍ਰੋਤਸਾਹਿਤ ਕਰਨ ਅਤੇ ਧਾਰਮਿਕ ਕਾਰਜਾਂ ਉਤੇ ਫਜ਼ੂਲ ਖਰਚ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਅਤੇ ਇਹ ਭਾਰਤੀ ਸੰਵਿਧਾਨ ਦੀ ਧਾਰਾ 51- ਏ (ਐੱਚ) ਤਹਿਤ ਨਾਗਰਿਕਾਂ ਦੇ ਵਿਗਿਆਨਕ ਚੇਤਨਾ ਦੇ ਵਿਕਾਸ ਦੀ ਭਾਵਨਾ ਦੇ ਬਿਲਕੁਲ ਉਲਟ ਵੀ ਹੈ।

ਤਰਕਸ਼ੀਲ ਆਗੂਆਂ ਨੇ ਇਸ ਯੋਜਨਾ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਤੀਰਥ ਯਾਤਰਾ ਯੋਜਨਾ ਦਾ ਆਮ ਲੋਕਾਂ ਦੇ ਬੁਨਿਆਦੀ ਵਿਕਾਸ ਜਾਂ ਬੁਨਿਆਦੀ ਲੋੜਾਂ ਦੀ ਪੂਰਤੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਯੋਜਨਾ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਵਲੋਂ ਸਟੇਟ ਬਨਾਮ ਰਫੀਕ ਸ਼ੇਖ ਕੇਸ ਵਿੱਚ ਦਿੱਤੇ ਗਏ ਉਸ ਫ਼ੈਸਲੇ ਦੀ ਵੀ ਘੋਰ ਉਲੰਘਣਾ ਹੈ ਜਿਸ ਵਿਚ ਕੇਂਦਰੀ ਹਕੂਮਤ ਨੂੰ ਹੱਜ ਯਾਤਰਾ ਉਤੇ ਜਾਂਦੇ ਯਾਤਰੀਆਂ ਨੂੰ ਦਿੱਤੀ ਜਾਂਦੀ ਸਬਸਿਡੀ ਨੂੰ ਦਸ ਸਾਲ ਵਿੱਚ ਖ਼ਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਕਾਲੀ ਭਾਜਪਾ ਸਰਕਾਰ ਵੇਲੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਸਨ ਤਾਂ ਫਿਰ ਇਸ ਸਰਕਾਰ ਵਲੋਂ ਇਹ ਯੋਜਨਾ ਕਿਸ ਅਧਾਰ ਤੇ ਦੋਬਾਰਾ ਲਾਗੂ ਕੀਤੀ ਗਈ ਹੈ?

ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਫੰਡਾਂ ਦੀ ਘਾਟ ਕਰਕੇ ਪੰਜਾਬ ਦੇ ਪੜ੍ਹੇ ਲਿਖੇ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਅਧਿਆਪਕਾਂ ਦੀਆਂ ਹੱਕੀ ਆਰਥਿਕ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਇਸਦੇ ਬਿੱਲਕੁਲ ਉਲਟ ਲੋਕਾਂ ਦੀ ਧਾਰਮਿਕ ਆਸਥਾ ਦੀ ਆੜ ਹੇਠ ਵੋਟਾਂ ਬਟੋਰਨ ਦੀ ਫ਼ਿਰਕੂ ਸਿਆਸਤ ਕਰਕੇ ਕਰੋੜਾਂ ਰੁਪਏ ਦੀ ਬਰਬਾਦੀ ਕੀਤੀ ਜਾ ਰਹੀ ਹੈ। ਤਰਕਸ਼ੀਲ ਸੁਸਾਇਟੀ ਨੇ ਰਾਜਪਾਲ ਪੰਜਾਬ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਜਨਤਕ ਸਰਮਾਏ ਦੀ ਕੀਤੀ ਜਾ ਰਹੀ ਬਰਬਾਦੀ ਨੂੰ ਰੋਕਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਤੇ ਤੁਰੰਤ ਪਾਬੰਦੀ ਲਗਾਈ ਜਾਵੇ। ਇਸ ਮੌਕੇ ਸੂਬਾ ਕਮੇਟੀ ਆਗੂ ਰਾਜੇਸ਼ ਅਕਲੀਆ,ਰਾਮ ਸਵਰਨ ਲੱਖੇਵਾਲੀ,ਜਸਵਿੰਦਰ ਫਗਵਾੜਾ, ਅਜੀਤ ਪ੍ਰਦੇਸੀ, ਗੁਰਪ੍ਰੀਤ ਸ਼ਹਿਣਾ, ਸੰਦੀਪ ਧਾਰੀਵਾਲ ਭੋਜਾਂ ਅਤੇ ਮੀਡੀਆ ਸਹਿਯੋਗੀ ਜੋਨ ਆਗੂ ਪਰਮਵੇਦ ਸੰਗਰੂਰ ਵੀ ਹਾਜਰ ਸਨ।