ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਪਟਿਆਲੇ ਦੀ ਬੜੀ ਨਦੀ ਨੂੰ ਨੱਥ ਚੂੜਾ ਚੜ੍ਹਾਉਣਾ ਰੂੜੀਵਾਦੀ ਤੇ ਗੁੰਮਰਾਹਕੁੰਨ ਰਵਾਇਤ

ਹੜ੍ਹਾਂ ਲਈ ਸਰਕਾਰਾਂ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ : ਤਰਕਸ਼ੀਲ ਆਗੂ

ਮੋਹਾਲੀ, 12 ਜੁਲਾਈ ( ਡਾ. ਮਜੀਦ ਆਜਾਦ):  ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਟਿਆਲੇ ਦੇ ਬਰਤਾਨਵੀਂ ਸਾਮਰਾਜ ਪੱਖੀ ਰਹੇ ਘਰਾਣੇ ਦੇ ਬੜੀ ਨਦੀ ਨੂੰ ਨੱਥ ਚੂੜਾ ਚੜ੍ਹਾਉਣ ਦੀ ਅੰਧਵਿਸ਼ਵਾਸੀ ਰਵਾਇਤ ਨੂੰ ਗੁੰਮਰਾਹਕੁੰਨ ਤੇ ਹੜ੍ਹਾਂ ਦੀ ਤਬਾਹੀ ਦੇ ਅਸਲ ਕਾਰਣਾਂ ਨੂੰ ਅੱਖੋਂ ਪਰੋਖੇ ਕਰਨ ਦੀ

ਸਾਜ਼ਿਸ਼ ਕਰਾਰ ਦਿੱਤਾ ਹੈ. ਸੁਸਾਇਟੀ ਦੇ ਸਥਾਨਕ ਆਗੂਆਂ ਲੈਕਚਰਾਰ ਸੁਰਜੀਤ ਸਿੰਘ, ਗੁਰਤੇਜ ਸਿੰਘ, ਡਾ. ਮਜੀਦ ਆਜਾਦ, ਜਸਵੰਤ ਮੋਹਾਲੀ, ਸਮਸ਼ੇਰ ਚੋਟੀਆਂ ਆਦਿ  ਨੇ ਸੰਸਦ ਮੈਂਬਰ ਪਰਨੀਤ ਕੌਰ ਅਤੇ ਉਸਦੀ ਪੁੱਤਰੀ ਜੈ ਇੰਦਰ ਕੌਰ ਵਲੋਂ ਬੜੀ ਨਦੀ ਨੂੰ ਨੱਥ ਚੂੜਾ ਚੜ੍ਹਾਉਣ ਦੀ ਰੂੜੀਵਾਦੀ ਰਵਾਇਤ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸਨੂੰ ਪੰਜਾਬ ਦੇ ਲੋਕਾਂ ਵਿਚ ਅੰਧ ਵਿਸ਼ਵਾਸ ਫੈਲਾਉਣ ਵਾਲੀ ਲੋਕ ਵਿਰੋਧੀ ਅਤੇ ਗੈਰ ਕਾਨੂੰਨੀ ਕਾਰਵਾਈ ਕਰਾਰ ਦਿੱਤਾ ਹੈ. ਤਰਕਸ਼ੀਲ ਆਗੂਆਂ ਨੇ ਸਪੱਸ਼ਟ ਕੀਤਾ ਕਿ ਬੜੀ ਨਦੀ ਵਿਚ ਹਰ ਸਾਲ ਨੱਥ ਚੂੜਾ ਚੜ੍ਹਾਉਣ ਅਤੇ ਮੰਤਰਾਂ, ਅਰਦਾਸਾਂ ਦਾ ਜਾਪ ਕਰਨ ਨਾਲ ਅੱਜ ਤਕ ਕਦੇ ਵੀ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੇ ਜਾਨ ਮਾਲ ਦੇ ਭਾਰੀ ਨੁਕਸਾਨ ਤੋਂ ਨਹੀਂ ਬਚਾਇਆ ਜਾ ਸਕਿਆ. ਇਸ ਪਰਵਾਰ ਵਲੋਂ ਕਈ ਸਾਲਾਂ ਤੋਂ ਅਜਿਹਾ ਕਰਨ ਦੇ ਬਾਵਜੂਦ ਬੜੀ ਨਦੀ ਦਾ ਪਾਣੀ ਲਗਾਤਾਰ ਲੋਕਾਂ ਦਾ ਵੱਡਾ ਨੁਕਸਾਨ ਕਰਦਾ ਹੈ. ਉਨ੍ਹਾਂ ਦੋਸ਼ ਲਾਇਆ ਕਿ ਇਕ ਸੰਸਦ ਮੈਂਬਰ ਵਲੋਂ ਸਿਰੇ ਦੀ ਇਸ ਰੂੜੀਵਾਦੀ ਕਾਰਵਾਈ ਰਾਹੀਂ ਨਾ ਸਿਰਫ ਪੰਜਾਬ ਅਤੇ ਦੇਸ਼ ਦੇ ਲੋਕਾਂ ਵਿਚ ਘੋਰ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਬਲਕਿ ਹੁਕਮਰਾਨਾਂ ਨੂੰ ਸਵਾਲ ਕਰਨ ਦੀ ਬਜਾਏ ਲੋਕਾਂ ਨੂੰ ਸਭ ਕੁਝ ਕਿਸੇ ਅਦਿੱਖ ਸ਼ਕਤੀ ਉਤੇ ਟੇਕ ਰੱਖਣ ਲਈ ਗੁੰਮਰਾਹ ਵੀ ਕੀਤਾ ਜਾ ਰਿਹਾ ਹੈ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਸਖ਼ਤ ਨੋਟਿਸ ਲੈਣ ਅਤੇ ਲੋਕਾਂ ਨੂੰ ਡਟਵਾਂ ਵਿਰੋਧ ਕਰਨ ਦੀ ਲੋੜ ਹੈ.

ਤਰਕਸ਼ੀਲ ਆਗੂਆਂ ਨੇ ਇਸ ਸਬੰਧੀ ਲੋਕਾਂ ਨੂੰ ਸੁਚੇਤ ਕਰਦਿਆਂ ਸਪੱਸ਼ਟ ਕੀਤਾ ਕਿ ਹੜ੍ਹਾਂ ਦਾ ਆਉਣਾ ਇਕ ਕੁਦਰਤੀ ਤਰਾਸਦੀ ਹੈ ਪਰ ਸਾਮਰਾਜ ਪੱਖੀ ਹਕੂਮਤਾਂ ਵਲੋਂ ਕਾਰਪੋਰੇਟ ਪੱਖੀ ਮੁਨਾਫ਼ਾਖੋਰ ਨੀਤੀਆਂ ਹੇਠ ਕੁਦਰਤੀ ਸਰੋਤਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ, ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਗੈਰ ਯੋਜਨਾਬੱਧ ਪ੍ਰੋਜੈਕਟ, ਵੱਡੇ ਕਾਰਖਾਨਿਆਂ ਅਤੇ ਅੰਧ ਵਿਸ਼ਵਾਸੀ ਲੋਕਾਂ ਰਾਹੀਂ ਨਦੀਆਂ, ਨਾਲਿਆਂ ਤੇ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਗੰਦਾ ਪਾਣੀ ਤੇ ਧਾਰਮਿਕ ਸਮੱਗਰੀ ਅਤੇ ਉਨ੍ਹਾਂ ਦੀ ਨਿਯਮਤ ਸਫਾਈ ਨਾ ਹੋਣ, ਹੜ੍ਹਾਂ ਦੀ ਰੋਕਥਾਮ ਲਈ ਠੋਸ ਯੋਜਨਾਬੰਦੀ ਦੀ ਘਾਟ ਅਤੇ ਮੌਜੂਦਾ ਭ੍ਰਿਸ਼ਟ ਰਾਜ ਪ੍ਰਬੰਧ ਆਦਿ ਅਜਿਹੇ ਕਾਰਨ ਜ਼ਿੰਮੇਵਾਰ ਹਨ ਜਿਨ੍ਹਾਂ ਕਰਕੇ ਹਰ ਸਾਲ ਪੰਜਾਬ ਅਤੇ ਦੇਸ਼ ਦੇ ਲੋਕਾਂ ਦਾ ਕੀਮਤੀ ਜਾਨੀ ਅਤੇ ਅਰਬਾਂ ਰੁਪਏ ਦਾ ਆਰਥਿਕ ਨੁਕਸਾਨ ਕੀਤਾ ਜਾਂਦਾ ਹੈ ਜਿਸ ਲਈ ਕੋਈ ਦੈਵੀ ਸ਼ਕਤੀ ਨਹੀਂ  ਬਲਕਿ ਮੌਜੂਦਾ ਹਕੂਮਤਾਂ ਜ਼ਿੰਮੇਵਾਰ ਹਨ.

ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਰਾਜ ਭਾਗ ਉਤੇ ਲੰਬਾ ਸਮਾਂ ਰਹੇ ਕੈਪਟਨ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਕਦੇ ਕੋਈ ਠੋਸ ਯੋਜਨਾਬੰਦੀ ਅਮਲ ਵਿਚ ਨਹੀਂ ਲਿਆਂਦੀ ਗਈ ਅਤੇ ਉਲਟਾ ਪੰਜਾਬ ਦੇ ਲੋਕਾਂ ਦੇ ਸਰਮਾਏ ਦੀ ਆਪਣੇ ਨਿੱਜੀ ਹਿੱਤਾਂ ਲਈ ਅੰਨ੍ਹੀ ਲੁੱਟ ਕਰਕੇ ਲੋਕਾਂ ਨੂੰ ਗਰੀਬੀ, ਬੇਰੁਜ਼ਗਾਰੀ ਆਰਥਿਕ ਮੰਦਹਾਲੀ ਅਤੇ ਹੜ੍ਹਾਂ ਦੀ ਤਬਾਹੀ ਨਾਲ ਬਰਬਾਦ ਕਰਨ ਅਤੇ ਨੱਥ ਚੂੜੇ ਸੁੱਟਣ ਅਤੇ ਅਰਦਾਸਾਂ ਕਰਨ ਜਿਹੇ ਅੰਧ ਵਿਸ਼ਵਾਸਾਂ ਵਿੱਚ ਫਸਾਉਣ ਦੀਆਂ ਸਾਜਿਸ਼ਾਂ ਕਰਕੇ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸਤੋਂ ਲੋਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੁਚੇਤ ਹੋਣ ਅਤੇ ਹਕੂਮਤਾਂ ਖਿਲਾਫ ਸੰਘਰਸ਼ ਕਰਨ ਦੀ ਲੋੜ ਹੈ. ਤਰਕਸ਼ੀਲ ਆਗੂਆਂ ਨੇ ਮਜੂਦਾ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਹੜ੍ਹਾਂ ਦੀ ਤਬਾਹੀ ਨਾਲ ਬਰਬਾਦ ਹੋਏ ਘਰਾਂ, ਫਸਲਾਂ, ਕਿਸਾਨਾਂ,ਮਜ਼ਦੂਰਾਂ,ਦਲਿਤਾਂ ਸਮੇਤ ਹਰ ਵਰਗ ਦੇ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਪੰਜਾਬ ਦੇ ਲੋਕਾਂ ਵਿਚ ਅਜਿਹੇ ਗੰਭੀਰ ਹਾਲਾਤਾਂ ਵਿੱਚ ਅਜਿਹੀਆਂ ਰੂੜੀਵਾਦੀ ਰਵਾਇਤਾਂ ਰਾਹੀਂ ਅੰਧ ਵਿਸ਼ਵਾਸ ਫੈਲਾਉਣ ਵਾਲੇ ਜ਼ਿੰਮੇਵਾਰ ਆਗੂਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ.