ਡਾ ਨਰੇਂਦਰ ਦਬੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਤਰਕਸ਼ੀਲ ਪ੍ਰਚਾਰ ਮੁਹਿੰਮ 10 ਤੋਂ
ਲੁਧਿਆਣਾ, 6 ਅਗਸਤ (ਹਰਚੰਦ ਭਿੰਡਰ ) ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਜੋਨ ਦਫਤਰ ਵਿੱਖੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ਼ੋਨ ਦੇ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸੂਬਾ ਪੱਧਰ ਤੇ ਡਾ
ਨਰੇਂਦਰ ਦਬੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਤਰਕਸ਼ੀਲ ਪ੍ਰਚਾਰ ਮੁਹਿੰਮ 10 ਤੋਂ 20 ਅਗਸਤ ਤੱਕ ਚਲਾਈ ਜਾਵੇਗੀ. ਡਾ ਦਬੋਲਕਰ ਜਿਹਨਾਂ ਨੇ ਮਹਾਰਾਸ਼ਟਰ ਵਿੱਚ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਖਿਲਾਫ ਕਾਨੂੰਨ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਸੀ, ਨੂੰ ਕੱਟੜ ਧਾਰਮਿਕ ਮੂਲਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ. ਇਸ ਮੁਹਿੰਮ ਤਹਿਤ ਇੱਕ ਵਿਸ਼ੇਸ਼ ਹੱਥ ਪਰਚਾ ਜਿਸ ਦਾ ਸਿਰਲੇਖ “ ਪੜ੍ਹੋ, ਵਿਚਾਰੋ ਤੇ ਅਮਲ ਕਰੋ” ਜੋ ਲੋਕਾਂ ਵਿੱਚ ਵੰਡਕੇ ਤਰ੍ਹਾਂ ਤਰ੍ਹਾਂ ਦੇ ਵਹਿਮਾਂ- ਭਰਮਾਂ, ਅੰਧਵਿਸ਼ਵਾਸਾਂ ਅਤੇ ਆਪਣੇ ਵਿੱਚ ਗ਼ੈਬੀ ਸ਼ਕਤੀਆਂ ਵੱਸ ਹੋਣ ਦਾ ਦਾਅਵਾ ਕਰਕੇ ਟੂਣਾ ਟਾਮਣ ਕਰਨ ਵਾਲੇ ਤਾਂਤਰਿਕਾਂ, ਜੋਤਿਸੀਆਂ, ਬਾਬਿਆਂ, ਚੇਲਿਆਂ ਆਦਿ ਦੀ ਲੁੱਟ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇਗਾ. ਜ਼ੋਨ ਦੀਆਂ ਸਾਰੀਆਂ ਇਕਾਈਆਂ ਨੂੰ ਆਪਣੇ ਇਲਾਕੇ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਇਹ ਹੱਥ ਪਰਚਾ ਜਾਰੀ ਕੀਤਾ ਗਿਆ.
ਵਿਦਿਆਰਥੀਆਂ ਨੂੰ ਅੰਧਿਵਿਸ਼ਵਾਸਾਂ ਤੋਂ ਮੁਕਤ ਕਰਕੇ ਉਹਨਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣ ਹਿੱਤ ਤਰਕਸ਼ੀਲ ਸੁਸਾਇਟੀ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸ਼ੁਰੂ ਕੀਤੀ ਹੋਈ ਹੈ. ਇਸ ਸਾਲ ਇਹ ਪੰਜਵੀਂ ਪ੍ਰੀਖਿਆ 26, 27 ਅਗਸਤ ਨੂੰ ਪੰਜਾਬ ਭਰ ਅੰਦਰ ਚੋਣਵੇਂ ਸਕੂਲਾਂ ਵਿੱਚ ਹੋ ਰਹੀ ਹੈ. ਇਸ ਦੀ ਤਿਆਰੀ ਸੰਬੰਧੀ ਮੀਟਿੰਗ ਦੌਰਾਨ ਵਿਉਂਤਬੰਦੀ ਬਣਾਈ ਗਈ. ਮੀਟਿੰਗ ਵਿੱਚ ਵਿੱਤ ਮੁੱਖੀ ਆਤਮਾ ਸਿੰਘ, ਸੱਭਿਆਚਾਰ ਮੁੱਖੀ ਸ਼ਮਸ਼ੇਰ ਨੂਰਪੁਰੀ, ਮਾਨਸਿਕ ਸਿਹਤ ਮੁੱਖੀ ਰਾਜਿੰਦਰ ਜੰਡਿਆਲੀ, ਇਕਾਈ ਜਗਰਾਓਂ ਮੁੱਖੀ ਕਰਤਾਰ ਸਿੰਘ ਵੀਰਾਨ, ਲੁਧਿਆਣਾ ਮੁੱਖੀ ਬਲਵਿੰਦਰ ਸਿੰਘ, ਦੀਪ ਦਿਲਬਰ ਤੇ ਮਾ ਆਤਮਾ ਸਿੰਘ ਕੋਟਲਾ ਕੋਹਾੜਾ ਇਕਾਈ ਤੋਂ ਸ਼ਾਮਲ ਸਨ.