ਜੀਵਨ ਭਰ ਦੀਆਂ ਉਪਲਬਧੀਆਂ ਲਈ ਜਰਨੈਲ ਕਰਾਂਤੀ ਨੂੰ ਕੀਤਾ ਸਨਮਾਨਿਤ

ਮੋਹਾਲੀ, 14 ਜੂਨ (ਡਾ. ਮਜ਼ੀਦ ਆਜ਼ਾਦ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬਾ ਪੱਧਰੀ ਸਮਾਗਮ ਵਿੱਚ ਤਰਕਸ਼ੀਲ ਆਗੂ ਜਰਨੈਲ ਕਰਾਂਤੀ ਨੂੰ ਵਿਸ਼ੇਸ਼ ਤੌਰ ਤੇ 'ਜੀਵਨ ਭਰ ਦੀਆਂ ਉਪਲੱਬਧੀਆਂ ਲਈ' ਸਨਮਾਨ ਪੱਤਰ ਦਿੱਤਾ ਗਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਤਰਕਸ਼ੀਲ ਗਤੀਵਿਧੀਆਂ, ਅਧਿਆਪਕ ਸੰਘਰਸ਼ ਅਤੇ ਲੋਕ ਪਖੀ ਸਰਗਰਮੀਆਂ ਨੂੰ

ਸਮਰਪਿਤ ਹੈ. ਬਰਨਾਲਾ ਵਿਖੇ ਬਣੇ ਤਰਕਸ਼ੀਲ ਭਵਨ ਵਿੱਚ ਉਨ੍ਹਾਂ ਵੱਡੀ ਆਰਥਿਕ ਮਦਦ ਭੇਜੀ. ਉਮਰ ਦੀ ਪੌਣੀ ਸਦੀ ਹੰਢਾ ਚੁੱਕੇ ਕ੍ਰਾਂਤੀ ਸੂਬਾ ਪੱਧਰੀ ਹੋਣ ਵਾਲੇ ਕਿਸੇ ਵੀ ਸਮਾਗਮ ਵਿੱਚ ਖਾਲੀ ਹੱਥ ਨਹੀਂ ਜਾਂਦੇ. ਪਿੰਡ ਬਲੌਂਗੀ ਵਿਖੇ ਬਣਾਈ ਏਅਰ ਕੰਡੀਸ਼ਨਡ ਲਾਇਬ੍ਰੇਰੀ ਜਿਸ ਵਿੱਚ 3 ਹਜ਼ਾਰ ਤੋਂ ਵੱਧ ਕਿਤਾਬਾਂ ਹਨ, ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਦੇ ਨਾਮ ਕਰ ਦਿੱਤੀ ਹੈ. ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਉਨ੍ਹਾਂ ਪੀਜੀਆਈ ਨੂੰ ਸਰੀਰ ਪ੍ਰਦਾਨ ਕਰਨ ਦਾ ਪ੍ਰਣ ਫ਼ਾਰਮ ਭਰਿਆ ਹੋਇਆ ਹੈ.

ਇਸ ਸਬੰਧੀ ਬੋਲਦਿਆਂ ਸੁਬਾ ਆਗੂ ਜਸਵੰਤ ਮੋਹਾਲੀ ਨੇ ਕਿਹਾ ਕਿ ਜਰਨੈਲ ਕਰਾਂਤੀ ਨੇ ਤਰਕਸ਼ੀਲ ਸੋਚ ਦੇ ਫੈਲਾਅ ਲਈ ਹਮੇਸ਼ਾ ਪਹਿਲਕਦਮੀ ਕੀਤੀ ਹੈ, ਅਤੇ ਉਹਨਾਂ ਦਾ ਕੁੱਲ ਜੀਵਨ ਇੱਕ ਆਦਰਸ਼ ਮਾਰਗਦਰਸ਼ਨ ਹੈ. ਜੋਨ ਆਗੂ ਗੁਰਮੀਤ ਖਰੜ ਅਤੇ ਇਕਾਈ ਮੋਹਾਲੀ ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਜਰਨੈਲ ਕਰਾਂਤੀ ਦੇ ਕਾਰਜ ਲਈ ਹਮੇਸ਼ਾ ਉਹਨਾਂ ਦੀ ਕਰਜਦਾਰ ਰਹੇਗੀ.

ਉਹਨਾਂ ਨੂੰ ਸਨਮਾਨ ਚਿੰਨ ਸੌਪਣ ਸਮੇਂ ਸੂਬਾ ਆਗੂ ਜਸਵੰਤ ਮੋਹਾਲੀ, ਜੋਨ ਆਗੂ ਗੁਰਮੀਤ ਖਰੜ, ਜਥੇਬੰਦਕ ਮੁਖੀ ਸੁਰਜੀਤ ਸਿੰਘ ਤੋਂ ਬਿਨਾਂ ਸ਼੍ਰੀ ਜੋਗਾ ਸਿੰਘ, ਗੋਰਾ ਹੁਸ਼ਿਆਰਪੁਰੀ, ਗੁਰਪਿਆਰ ਸਿੰਘ ਅਤੇ ਜਰਨੈਲ ਕ੍ਰਾਂਤੀ ਦੇ ਪਰਵਾਰ ਦੇ ਮੈਂਬਰ ਹਾਜ਼ਰ ਸਨ.