ਵਰਕਸ਼ਾਪ ਰਾਹੀਂ ਕੀਤਾ ਅਖੌਤੀ ਚਮਤਕਾਰਾਂ ਦਾ ਪਰਦਾਫਾਸ਼

ਖਰੜ, 18 ਮਾਰਚ (ਕੁਲਵਿੰਦਰ ਨਗਾਰੀ): ਜਾਦੂ-ਟੂਣਾ ਸੰਸਾਰ ਦੀਆਂ ਸਾਰੀਆਂ ਪ੍ਰਾਚੀਨ ਸੱਭਿਆਤਾਵਾਂ ਵਿੱਚ ਪ੍ਰਚੱਲਿਤ ਰਿਹਾ ਹੈ. ਪੁਰਾਤਨ ਕਾਲ ਵਿੱਚ ਓਝਿਆਂ, ਤਾਂਤਰਿਕਾਂ ਦੁਆਰਾ ਇਸ ਨੂੰ ਮਨੁੱਖੀ ਬੀਮਾਰੀਆਂ ਦੀ ਇਲਾਜ-ਵਿਧੀ ਦੇ ਤੌਰ ਤੇ ਵਰਤਿਆ ਜਾਂਦਾ ਸੀ. ਪਰ ਸਮੇਂ ਦੇ ਬੀਤਣ ਅਤੇ ਮਨੁੱਖੀ ਸੂਝ ਵਿਕਸਿਤ ਹੋਣ ਨਾਲ਼

ਜਾਦੂ ਦਾ ਰੂਪ ਵੀ ਬਦਲਦਾ ਗਿਆ. ਅੱਜ ਜਾਦੂ ਦੇ ਦੋ ਰੂਪ ਪ੍ਰਚੱਲਿਤ ਹਨ; ਇੱਕ ਜਾਦੂਗਰਾਂ ਦੁਆਰਾ ਮਨੋਰੰਜਨ ਵਾਸਤੇ ਲੋਕਾਂ ਸਾਮ੍ਹਣੇ ਪੇਸ਼ ਕੀਤਾ ਜਾਂਦਾ ਹੈ. ਦੁਜਾ ਪੁੱਛਾਂ ਦੇਣ ਵਾਲ਼ੇ ਅਖੌਤੀ ਸਾਧਾਂ-ਸ਼ਿਆਣਿਆਂ ਵੱਲੋਂ ਭੋਲ਼ੇ-ਭਾਲ਼ੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ. ਸਾਡਾ ਵਿਰੋਧ ਜਾਦੂ ਨੂੰ ਚਮਤਕਾਰ ਦੱਸ ਕੇ ਇਸ ਦੀ ਦੁਰਵਰਤੋਂ ਕਰਨ ਵਾਲਿਆਂ ਨਾਲ ਹੈ. ਇਹ ਵਿਚਾਰ ਪਿਛਲੇ ਦਿਨੀ ਤਰਕਸ਼ੀਲ ਜ਼ੋਨ ਚੰਡੀਗੜ੍ਹ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖਰੜ ਵਿਖੇ ਕਰਵਾਈ 'ਜਾਦੂ ਦੀ ਟ੍ਰੇਨਿੰਗ ਵਰਕਸ਼ਾਪ' ਮੌਕੇ ਸੁਖਦੇਵ ਮਲੂਕਪੁਰੀ ਨੇ ਪ੍ਰਗਟ ਕੀਤੇ.

ਸ੍ਰੀ ਮਲੂਕਪੁਰੀ ਨੇ ਅੱਗੇ ਦੱਸਿਆ ਕਿ ਤਰਕਸ਼ੀਲ ਲੋਕਾਂ ਦੇ ਮਨੋਰੰਜਨ ਵਾਸਤੇ ਜਾਦੂ ਨਹੀਂ ਦਿਖਾਉਂਦੇ ਬਲਕਿ ਅਸੀਂ ਜਾਦੂ ਰਾਹੀਂ ਵਿਗਿਆਨ ਦੇ ਭੌਤਿਕ ਅਤੇ ਰਸਾਇਣਿਕ ਨਿਯਮਾਂ ਦੀ ਪੇਸ਼ਕਾਰੀ ਕਰਦੇ ਹਾਂ. ਇੱਕ ਪ੍ਰੋਫੈਸ਼ਨਲ ਜਾਦੂਗਰ ਦਾ ਜਾਦੂ ਇੱਕ ਕਲਾ ਹੁੰਦੀ ਹੈ. ਇਹੋ ਤਕਨੀਕ ਤਾਂਤਰਿਕਾਂ ਦੇ ਹੱਥ ਵਿੱਚ ਜਾਕੇ ਭੋਲ਼ੇ-ਭਾਲ਼ੇ ਲੋਕਾਂ ਦੀ ਲੁੱਟ ਦਾ ਜਰੀਆ ਬਣ ਜਾਂਦੀ ਹੈ. ਪਰ ਤਰਕਸ਼ੀਲਾਂ ਦਾ ਜਾਦੂ ਅਖੌਤੀ ਚਮਤਕਾਰਾਂ ਦਾ ਪਰਦਾਫਾਸ਼ ਹੀ ਨਹੀਂ ਕਰਦਾ ਬਲਕਿ ਲੋਕਾਂ ਵਿੱਚ ਵਿਗਿਆਨਿਕ-ਚੇਤਨਾ ਦਾ ਪਸਾਰ ਵੀ ਕਰਦਾ ਹੈ.

ਵਰਕਸ਼ਾਪ ਦੇ ਦੁਜੇ ਸ਼ੈਸਨ ਦੌਰਾਨ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਗੱਲ ਕਰਦਿਆਂ ਸੂਬਾ ਆਗੂ ਅਜੀਤ ਪ੍ਰਦੇਸੀ ਨੇ ਕਿਹਾ ਕਿ ਅੱਜ ਲੋੜ ਹੈ ਭਗਤ ਸਿੰਘ ਦਾ ਇਹ ਸੁਨੇਹਾ ਦੇਸ ਦੇ ਹਰੇਕ ਵਿਆਕਤੀ ਤੱਕ ਪਹੁੰਚਾਉਣ ਦੀ ਜਿਸ ਬਾਰੇ ਖੁਦ ਭਗਤ ਸਿੰਘ ਨੇ ਕਿਹਾ ਸੀ; ''ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜਦੂਰਾਂ ਕੋਲ਼, ਝੁੱਗੀਆਂ ਅਤੇ ਝੌਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ. ਉਸ ਇਨਕਲਾਬ ਦਾ ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਗੀ.." ਜ਼ੋਨ ਮੁਖੀ ਗਿਆਨ ਚੰਦ ਨੇ ਕਿਹਾ ਕਿ ਅੱਜ ਕਈ ਗੈਂਗਸਟਰ ਵੀ ਭਗਤ ਸਿੰਘ ਨੂੰ ਆਪਣਾ ਆਦਰਸ਼ ਦੱਸਦੇ ਹਨ ਜਦਕਿ ਭਗਤ ਸਿੰਘ ਦਹਿਸਤਗਰਦੀ ਦੇ ਸ਼ਖਤ ਵਿਰੋਧੀ ਸਨ. ਜੋਨਲ ਆਗੂਆਂ ਜਰਨੈਲ ਕਰਾਂਤੀ, ਜੋਗਾ ਸਿੰਘ, ਸੁਰਿੰਦਰ ਸੁਹਾਲ਼ੀ, ਪ੍ਰਿੰਸੀਪਲ ਗੁਰਮੀਤ ਖਰੜ ਤੋਂ ਇਲਾਵਾ ਖਰੜ, ਮੋਹਾਲ਼ੀ, ਚੰਡੀਗੜ ਅਤੇ ਰੋਪੜ ਇਕਾਈਆਂ ਦੇ ਮੈਂਬਰਾਂ ਨੇ ਮਲੂਕਪੁਰੀ ਨਾਲ਼ ਸਵਾਲ-ਜਵਾਬ ਕਰਦਿਆਂ ਵਰਕਸ਼ਾਪ ਦੌਰਾਨ ਸਰਗਰਮ ਭੂਮਿਕਾ ਨਿਭਾਈ.