ਕਰੋਨਾ ਤੋਂ ਭੈਭੀਤ ਹੋਣ ਦੀ ਬਜਾਇ ਸਾਵਧਾਨੀ ਵਰਤਣ ਦੀ ਲੋੜ; ਗੁਰਮੀਤ ਖਰੜ
ਖਰੜ, 21 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਕਰਮਜੀਤ ਸਕਰੁੱਲਾਂਪੁਰੀ ਦੀ ਪ੍ਰਧਾਨਗੀ ਹੇਠ ਹੋਈ. ਕਰੋਨਾ ਮਹਾਂਮਾਰੀ ਸਬੰਧੀ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਿਆਂ ਕਰਮਜੀਤ ਨੇ ਕਿਹਾ ਇਸ ਨਾਲ਼ ਆਮ ਲੋਕਾਂ ਵਿੱਚ ਦਹਿਸਤ ਫੈਲਦੀ ਹੈ.
ਜਿਸ ਕਾਰਨ ਬਦ-ਅਮਨੀ ਦਾ ਮਾਹੌਲ ਬਣ ਸਕਦਾ ਹੈ.ਉਨਾਂ ਦੱਸਿਆ ਕਿ ਕਿਸੇ ਸਰਾਰਤੀ ਅਨਸਰ ਨੇ ਰਾਤ ਨੂੰ ਜਹਾਜਾਂ ਰਾਹੀਂ ਸਪਰੇਅ ਕਰਨ ਦੀ ਅਫਵਾਹ ਫੈਲਾ ਦਿੱਤੀ. ਜਿਸ ਕਾਰਨ ਬੌਂਦਲ਼ੇ ਹੋਏ ਲੋਕ ਐਵੇਂ ਆਪਣਾ ਸਮਾਨ ਅੰਦਰ ਰੱਖਦੇ ਰਹੇ.
ਮੀਟਿੰਗ ਵਿੱਚ ਹਾਜਰ ਜੋਨਲ ਆਗੂ ਪ੍ਰਿੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਰੋਨਾ ਵਾਇਰਸ ਦੇ ਇਲਾਜ ਦੀ ਹਾਲੇ ਤੱਕ ਕੋਈ ਕਾਰਗਰ ਅਤੇ ਸਪੈਸ਼ਲ ਦਵਾਈ ਤਿਆਰ ਨਹੀਂ ਕੀਤੀ ਜਾ ਸਕੀ. ਪਰ ਸੋਸ਼ਲ ਮੀਡੀਆ ੳੱਤੇ ਇੱਕ ਖਾਸ ਤਬਕੇ ਵੱਲੋਂ ਨੀਮ-ਹਕੀਮੀ ਨੁਸਖੇ ਸੁਝਾਏ ਜਾ ਰਹੇ ਹਨ. ਕਿਸੇ ਖਾਸ ਧਰਮ ਦੇ ਪ੍ਰਚਾਰਕ ਲੋਕਾਂ ਨੂੰ ਗਊ ਮੂਤਰ ਪੀਣ ਅਤੇ ਗਊ ਗੋਬਰ ਖਾਣ ਦੀਆਂ ਸਲਾਹਾਂ ਹੀ ਨਹੀਂ ਦੇ ਰਹੇ ਬਲਕਿ ਗਊ-ਮੂਤਰ ਦੀਆਂ ਪਾਰਟੀਆਂ ਦਾ ਆਯੋਜਨ ਵੀ ਕਰ ਰਹੇ ਹਨ. ਕੋਈ ਕਥਾ-ਕੀਰਤਨ ਰਾਹੀਂ ਅਤੇ ਕੋਈ ਹਥੌਲ਼ੇ ਨਾਲ ਕਰੋਨਾਂ ਦਾ ਇਲਾਜ ਕਰਨ ਦਾ ਦਾਅਵਾ ਕਰ ਰਿਹਾ ਹੈ. ਉਨਾਂ ਕਿਹਾ ਕਿ ਇਹ ਸਭ ਝੂਠੀਆਂ ਅਤੇ ਗੁੰਮਰਾਹ ਕਰਨ ਵਾਲ਼ੀਆਂ ਅਫਵਾਹਾਂ ਹਨ ਲੋਕਾਂ ਨੂੰ ਇਨਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ.
ਇਸ ਮੌਕੇ ਹਾਜ਼ਰ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਕੋਈ ਵੀ ਬਿਮਾਰੀ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਹੀ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਹੈ. ਇਸ ਕਰਕੇ ਕਰੋਨਾ ਪ੍ਰਤੀ ਜਾਗਰੂਕਤਾ ਹੀ ਬਚਾਓ ਦਾ ਇੱਕੋ-ਇੱਕ ਜਰੀਆ ਹੈ. ਅਫਵਾਹਾਂ ਵੀ ਜਾਗਰੂਕਤਾ ਦੀ ਘਾਟ ਕਾਰਨ ਹੀ ਫੈਲਦੀਆਂ ਹਨ ਕਿਉਂਕਿ ਅਨਜਾਣ ਵਿਅਕਤੀ ਹਰੇਕ ਸੂਚਨਾ ਨੂੰ ਸੱਚ ਮੰਨ ਲੈਂਦਾ ਹੈ. ਉਨਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਫਵਾਹਾਂ ਫੈਲਾਉਣ ਅਤੇ ਇਲਾਜ ਦੇ ਨਾਮ 'ਤੇ ਅੰਧਵਿਸ਼ਵਾਸ਼ ਫੈਲਾਉਣ ਵਾਲ਼ੇ ਸਮਾਜ ਵਿਰੋਧੀ ਅਨਸਰਾਂ ਉੱਤੇ ਕਾਰਵਾਈ ਕੀਤੀ ਜਾਵੇ. ਇਸ ਸਮੇਂ ਜਰਨੈਲ ਸਹੌੜਾਂ ਅਤੇ ਸੁਜਾਨ ਬਡਾਲ਼ਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ.