ਵਿਗਿਆਨਕ ਚੇਤਨਾ ਰੌਸ਼ਨ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗੀ

ਜੋਨ ਦੇ ਫਾਜ਼ਿਲਕਾ ਚੇਤਨਾ ਪਰਖ਼ ਪ੍ਰੀਖਿਆ ਵਿਚ ਕੁੱਲ 1507 ਵਿਦਿਆਰਥੀ ਬੈਠੇ

ਮੁਕਤਸਰ, 11 ਅਗਸਤ (ਬੂਟਾ ਸਿੰਘ ਵਾਕਫ਼): ਸਕੂਲੀ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਵਿਕਸਿਤ ਕਰਨ ਅਤੇ ਬਾਲ ਮਨਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਹਿਤ ਤਰਕਸ਼ੀਲ ਸੁਸਾਇਟੀ (ਰਜ਼ਿ.) ਪੰਜਾਬ ਵੱਲੋਂ ਪੰਜਾਬ ਭਰ ਵਿਚ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਗਈ. ਇਸੇ ਕੜੀ ਤਹਿਤ

ਸੁਸਾਇਟੀ ਦੇ ਜੋਨ ਫਾਜ਼ਿਲਕਾ ਵੱਲੋਂ ਕਰਵਾਈ ਗਈ ਪ੍ਰੀਖਿਆ ਵਿਚ ਜੋਨ ਦੀਆਂ ਕੁੱਲ ਪੰਜ ਇਕਾਈਆਂ ਦੇ 17 ਪ੍ਰੀਖਿਆ ਕੇਂਦਰਾਂ ਵਿਚ 1507 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋ ਲੜਕੀਆਂ ਦੀ ਗਿਣਤੀ 867 ਸੀ. ਇਹ ਜਾਣਕਾਰੀ ਦਿੰਦਿਆਂ ਸਾਹਿਤ ਵਿਭਾਗ ਦੇ ਸੂਬਾਈ ਮੁਖੀ ਰਾਮ ਸਵਰਨ ਲੱਖੇਵਾਲੀ ਅਤੇ ਜੋਨ ਪ੍ਰਧਾਨ ਪ੍ਰੋ. ਅਵਤਾਰ ਦੀਪ ਨੇ ਦੱਸਿਆ ਕਿ ਇਹ ਮਿਡਲ ਪੱਧਰ ਦੀ ਪ੍ਰੀਖਿਆ ਵਿਚ ਕੁੱਲ 611 ਵਿਦਿਆਰਥੀ ਅਤੇ ਸੈਕੰਡਰੀ ਪੱਧਰ ਦੀ ਪ੍ਰੀਖਿਆ ਵਿਚ ਕੁੱਲ 696 ਵਿਦਿਆਰਥੀ ਸ਼ਾਮਿਲ ਹੋਏ. ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਤੋਂ ਪਹਿਲਾਂ ਇੱਕਤਰ ਵਿਦਿਆਰਥੀਆਂ ਨੂੰ ਤਰਕਸ਼ੀਲ ਬੁਲਾਰਿਆਂ ਨੇ ਵਿਦਿਅਰਥੀਆਂ ਨੂੰ ਤਰਕਸ਼ੀਲ ਲਹਿਰ ਦੇ ਯੋਗਦਾਨ, ਭਰਮ ਮੁਕਤ ਸਮਾਜ ਸਿਰਜਣ, ਵਿਗਿਆਨਕ ਸੋਚ ਅਪਣਾਉਣ ਅਤੇ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ. ਬੁਲਾਰਿਆਂ ਕਿਹਾ ਕਿ ਵਿਗਿਆਨਕ ਚੇਤਨਾ ਹੀ ਹਰ ਵਿਦਿਆਰਥੀ ਦੇ ਰੌਸ਼ਨ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗੀ. ਆਗੂਆਂ ਨੇ ਦੱਸਿਆ ਕਿ ਹਰ ਇਕਾਈ ਵਿਚੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ. ਜੋਨ ਵਿਚ ਪ੍ਰੀਖਿਆ ਦੀ ਸਫ਼ਲਤਾ ਲਈ ਇਕਾਈ ਮੁਖੀਆਂ ਪ੍ਰਵੀਨ ਜੰਡਵਾਲਾ, ਸੁਰਿੰਦਰ ਗੰਜੂਆਣਾ, ਸੰਦੀਪ ਕੁਮਾਰ, ਜਸਵਿੰਦਰ ਕਿੱਕਰਖੇੜਾ ਤੋਂ ਇਲਾਵਾ ਕੁਲਜੀਤ ਡੰਗਰਖੇੜਾ, ਰਸ਼ਪਿੰਦਰ ਪਾਲ ਕੌਰ, ਕੇ.ਸੀ. ਰੁਪਾਣਾ, ਡਾ. ਸੁਖਚੈਨ ਸੈਦੋਕੇ, ਬੂਟਾ ਸਿੰਘ ਵਾਕਫ਼, ਪਰਮਿੰਦਰ ਖੋਖਰ, ਬਲਦੇਵ ਸਿੰਘ ਲੱਧੂਵਾਲਾ, ਕੁਲਬੀਰ ਭਾਗਸਰ, ਮੰਗਲਦੀਪ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ.