ਤਰਕਸ਼ੀਲ ਸੁਸਾਇਟੀ ਵੱਲੋਂ ਲਈ ਪ੍ਰੀਖਿਆ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਮੇਂ ਦੀ ਹਾਣੀ ਬਣਾਉਣਾ

ਖਰੜ, 10 ਅਗਸਤ 2019 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜਲ੍ਹਿਆਂ ਵਾਲੇ ਬਾਗ ਦੇ ਸਤਾਬਦੀ ਵਰ੍ਹੇ ਮੌਕੇ ਇਸ ਕਾਂਡ ਦੇ ਸਹੀਦਾਂ ਨੂੰ ਸਮਰਪਿਤ ਤੀਸਰੀ 'ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ' ਕਰਵਾਈ ਗਈ. ਇਸ ਪ੍ਰੀਖਿਆ ਵਾਸਤੇ ਬਣਾਏ ਦੋ ਗਰੱਪਾਂ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ

ਜਮਾਤ ਦੇ ਲੱਗਭੱਗ ਪੱਚੀ ਹਜਾਰ ਵਿਦਿਆਰਥੀਆਂ ਨੇ ਭਾਗ ਲਿਆ. ਪੰਜਾਬ ਪੱਧਰੀ ਇਸ ਪ੍ਰੀਖਿਆ ਵਿੱਚ ਇਕਾਈ ਖਰੜ ਦੀ ਦੇਖਰੇਖ ਹੇਠ ਐੱਸ ਐੱਨ ਪਬਲਿਕ ਸਕੂਲ ਗੀਗੇ ਮਾਜਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇ ਮਾਜਰਾ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ, ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਅਤੇ ਸਰਕਾਰੀ ਮਿਡਲ ਸਕੂਲ ਮੋਰਿੰਡਾ ਸਮੇਤ ਪੰਜ ਸਕੂਲਾਂ ਦੇ 250 ਵਿਦਿਆਰਥੀਆਂ ਨੇ ਪੇਪਰ ਦਿੱਤਾ. ਇਸ ਪ੍ਰੀਖਿਆ ਦੇ ਮੁੱਖ ਉਦੇਸ਼ ਬਾਰੇ ਦੱਸਦਿਆਂ ਪ੍ਰਿੰਸੀਪਲ ਗੁਰਮੀਤ ਖਰੜ ਨੇ ਕਿਹਾ ਕਿ ਸਾਡੇ ਦੇਸ ਦੀ ਸਿੱਖਿਆ ਪ੍ਰਣਾਲ਼ੀ ਵਿਗਿਆਨਿਕ ਸੋਚ ਦੇ ਧਾਰਨੀ ਮਨੁੱਖ ਪੈਦਾ ਨਹੀਂ ਕਰ ਪਾ ਰਹੀ .ਇਸ ਪ੍ਰਣਾਲ਼ੀ ਤਹਿਤ ਸਿੱਖਿਆ ਹਾਸਲ ਕਰਨ ਵਾਲ਼ੇ ਵਿਦਿਆਰਥੀ ਅੱਖਰ ਗਿਆਨ ਹਾਸਲ ਕਰਕੇ ਹਿਸਾਬ-ਕਿਤਾਬ ਵਿੱਚ ਤਾਂ ਮਾਹਿਰ ਹੋ ਜਾਂਦੇ ਹਨ ਪਰ ਵਿਗਿਆਨਿਕ ਚੇਤਨਾ ਨਾਲ਼ ਲੈਸ ਨਾ ਹੋਣ ਕਾਰਨ ਇਨ੍ਹਾਂ 'ਪੜ੍ਹਿਆਂ-ਲਿਖਿਆਂ' ਦਾ ਵੱਡਾ ਹਿੱਸਾ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਫਸਿਆ ਰਹਿੰਦਾ ਹੈ. ਇਹ ਸਭ ਵਿਗਿਆਨਿਕ ਸੂਝ ਦੀ ਘਾਟ ਦਾ ਨਤੀਜਾ ਹੈ. ਇਸ ਪ੍ਰੀਖਿਆ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਵਿਗਿਆਨਿਕ ਚੇਤਨਾ ਨਾਲ਼ ਲੈਸ ਕਰਕੇ ਸਮੇਂ ਦੇ ਹਾਣ ਦੀ ਬਣਾਉਣਾ ਹੈ.

ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਦੇਸ਼ ਦੇ ਇਨਕਲਾਬੀ ਇਤਿਹਾਸ ਤੋਂ ਜਾਣੂ ਕਰਵਾਕੇ ਸਮਾਜ ਦੇ ਅਸਲ ਨਾਇਕਾਂ ਦੇ ਰੂਬਰੂ ਕਰਨਾ ਹੈ, ਤਾਂਕਿ ਨੌਜਵਾਨ ਪੀੜ੍ਹੀ 'ਸਿੱਖਣ ਲਈ ਆਓ, ਸੇਵਾ ਲਈ ਜਾਓ' ਦੇ ਸਹੀ ਅਰਥਾਂ ਨੂੰ ਸਮਝ ਕੇ ਸਮਾਜਿਕ ਸਰੋਕਾਰਾਂ ਨਾਲ਼ ਜੁੜ ਸਕੇ. ਕੁਲਵਿੰਦਰ ਨਗਾਰੀ ਨੇ ਕਿਹਾ ਕਿ ਅੱਜਕੱਲ ਬੱਚਿਆਂ ਮੂਹਰੇ ਟੈਲੀਵਿਜ਼ਨ ਰਾਹੀਂ ਇਹੋ ਜਿਹੇ ਗੈਰਵਿਗਿਆਨਿਕ ਅਤੇ ਸਮਾਜ ਵਿਰੋਧੀ ਪ੍ਰੋਗਰਾਮ ਪਰੋਸੇ ਜਾ ਰਹੇ ਹਨ ਜਿਨਾਂ ਦਾ ਵੱਡਾ ਹਿੱਸਾ ਸਮਾਜਿਕ ਸੱਚਾਈ ਤੋਂ ਕੋਹਾਂ ਦੂਰ ਹੁੰਦਾ ਹੈ. ਅੰਧਵਿਸ਼ਵਾਸਾਂ ਦੇ ਅਜੋਕੇ ਮਾਹੌਲ ਵਿੱਚ ਤਰਕਸ਼ੀਲ ਪਰਖ ਪ੍ਰੀਖਿਆ ਵਿਦਿਆਰਥੀਆਂ ਲਈ ਰਾਹ-ਦਸੇਰਾ ਸਾਬਤ ਹੋਵੇਗੀ. ਪ੍ਰੀਖਿਆ ਲੈਣ ਵਾਸਤੇ ਤਰਕਸ਼ੀਲ ਕਾਮਿਆਂ ਜਰਨੈਲ ਸਹੌੜਾਂ, ਸੁਰਿੰਦਰ ਸਿੰਬਲ਼ ਮਾਜਰਾ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਜਾਨ ਬਡਾਲ਼ਾ, ਆਮੀਨ ਤੇਪਲ਼ਾ, ਜਗਵਿੰਦਰ ਸਿੰਬਲ਼ ਮਾਜਰਾ, ਸਖਵੀਰ ਕੌਰ ਆਦ ਨੇ ਜੁਮੇਂਵਾਰੀ ਨਿਭਾਈ.