ਤਰਕਸ਼ੀਲਾਂ ਵੱਲੋਂ ਵਿਗਿਆਨਕ ਚੇਤਨਾ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ

ਰਾਜ ਪੱਧਰੀ ਚੇਤਨਾ ਪਰਖ ਪ੍ਰੀਖਿਆ ਨੂੰ ਉਤਸ਼ਾਹਜਨਕ ਹੁੰਗਾਰਾ

ਬਰਨਾਲਾ, 28 ਜੁਲਾਈ (ਅਜਾਇਬ ਜਲਾਲਆਣਾ): ਸਥਾਨਕ ਤਰਕਸ਼ੀਲ ਭਵਨ ਵਿਖੇ ਵਿਗਿਆਨਕ ਚੇਤਨਾ ਲਹਿਰ ਨੂੰ ਲੋਕਾਂ ਦੇ ਦਰਾਂ ਤੱਕ ਲਿਜਾਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਕੀਤਾ ਗਿਆ. ਜਿਸ ਰਾਜ ਭਰ ਦੀਆਂ ਤਰਕਸ਼ੀਲ ਇਕਾਈਆਂ ਦੇ ਚੁਣੇ ਹੋਏ 152

ਡੈਲੀਗੇਟ/ਦਰਸ਼ਕਾਂ ਨੇ ਭਾਗ ਲਿਆ. ਇਜਲਾਸ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਭਗਵੇਂਕਰਨ ਦੇ ਅਜੋਕੇ ਦੌਰ ਵਿੱਚ ਵਿਗਿਆਨਕ ਚੇਤਨਾ ਸਮਾਜ ਨੂੰ ਸੁਖਾਵੇਂ ਰੁਖ਼ ਤੋਰਨ ਦਾ ਸਾਧਨ ਹੈ, ਜਿਸ ਨੂੰ ਲੋਕ ਲਹਿਰ ਬਣਾ ਕੇ ਹੀ ਅਗਿਆਨਤਾ, ਅੰਧਵਿਸ਼ਵਾਸਾਂ ਤੇ ਫਿਰਕਾਪ੍ਰਸਤੀ ਜਿਹੀਆਂ ਅਲਾਮਤਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ. ਇਜਲਾਸ ਵਿੱਚ ਬੋਲਦਿਆਂ ਸੂਬਾਈ ਆਗੂਆਂ ਬਲਬੀਰ ਚੰਦ ਲੌਂਗੋਵਾਲ, ਸੁਖਵਿੰਦਰ ਬਾਗਪੁਰ ਤੇ ਅਜੀਤ ਪ੍ਰਦੇਸੀ ਨੇ ਆਖਿਆ ਕਿ ਰਾਜ ਸੱਤਾ ਮੁੱਢ ਕਦੀਮ ਤੋਂ ਹੀ ਲੋਕਾਂ ਨੂੰ ਕਿਸਮਤ ਕਰਮਾਂ ਦੇ ਗੈਰਵਿਗਿਆਨਕ ਫਲਸਫੇ ਵਿੱਚ ਉਲਝਾ ਕੇ ਆਪਣੇ ਸੁਆਰਥ ਸਿੱਧ ਕਰਦੀ ਆ ਰਹੀ ਹੈ. ਇਸ ਰੁਝਾਨ ਦਾ ਖਾਤਮਾ ਤਰਕਸ਼ੀਲ ਵਿਚਾਰਾਂ ਨਾਲ ਹੀ ਕੀਤਾ ਜਾ ਸਕਦਾ ਹੈ.

ਇਜਲਾਸ ਵਿੱਚ ਡੈਲੀਗੇਟ ਇਜਲਾਸ ਵੱਲੋਂ ਮਾਸਟਰ ਤਰਲੋਚਨ ਸਮਰਾਲਾ ਨੂੰ ਸਭਿਆਚਾਰਕ ਵਿਭਾਗ ਦੇ ਨਵਾਂ ਮੁਖੀ ਚੁਣਿਆ ਗਿਆ. ਬੁਲਾਰਿਆਂ ਨੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੂੰ ਮਿਲ ਰਹੇ ਉਤਸ਼ਾਹਜਨਕ ਹੁੰਗਾਰੇ ਦਾ ਜ਼ਿਕਰ ਕਰਦਿਆਂ ਉਸਾਰੂ ਸੁਝਾਅ ਦਿੱਤੇ. ਇਜਲਾਸ ਦੌਰਾਨ ਸਭਿਆਚਾਰਕ ਵਿਭਾਗ ਵੱਲੋਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਮਾਗਮ ਤੇ ਉੱਘੇ ਵਿਗਿਆਨੀ/ਸ਼ਾਇਰ ਪ੍ਰੋ. ਗੌਹਰ ਰਜ਼ਾ ਦੇ ਲੈਕਚਰ ਦੀਆਂ ਸੀ. ਡੀਜ਼. ਵੀ ਰਿਲੀਜ਼ ਕੀਤੀਆਂ ਗਈਆਂ. ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਜਾਇਬ ਜਲਾਲਆਣਾ, ਹੇਮ ਰਾਜ ਸਟੈਨੋ, ਰਾਮ ਸਵਰਨ ਲੱਖੇਵਾਲੀ, ਐਡਵੋਕੇਟ ਹਰਿੰਦਰ ਲਾਲੀ, ਹਰਚੰਦ ਭਿੰਡਰ, ਪਰਮਵੇਦ, ਜੋਗਿੰਦਰ ਕੁੱਲੇਵਾਲ, ਸੁਰਿੰਦਰ ਰਾਮਪੁਰਾ, ਨਿਰਮਲ ਪਟਵਾਰੀ, ਗੁਰਪ੍ਰੀਤ ਸ਼ਹਿਣਾ, ਜੁਝਾਰ ਲੌਂਗੋਵਾਲ ਤੇ ਗੁਰਮੇਲ ਲੁਧਿਆਣਾ ਨੇ ਵੀ ਵਿਚਾਰ ਚਰਚਾ ਵਿੱਚ ਸ਼ਮੂਲੀਅਤ ਕੀਤੀ.