ਐਮ. ਐਮ. ਕਲਬੁਰਗੀ ਦੀ ਕੀਤੀ ਗਈ ਹੱਤਿਆ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਖਰੜ, 6 ਸਤੰਬਰ 2015 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਖਰੜ ਦੀ ਮਹੀਨਾਵਾਰ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ 30 ਅਗਸਤ ਨੂੰ ਫਾਸ਼ੀਵਾਦੀ ਤਾਕਤਾਂ ਵੱਲੋਂ ਕਰਨਾਟਕ ਦੇ ਲੋਕ ਪੱਖੀ ਸਾਹਿਤਕਾਰ ਅਤੇ ਦੇਸ ਭਰ ਵਿੱਚ ਅੰਧ

ਵਿਸ਼ਵਾਸਾਂ ਖਿਲਾਫ ਚੱਲ ਰਹੇ ਸੰਘਰਸ਼ ਦੇ ਸਿਰਕੱਢ ਆਗੂ ਐਮ. ਐਮ. ਕਲਬੁਰਗੀ ਦੀ ਕੀਤੀ ਗਈ ਹੱਤਿਆ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ. ਇਸ ਮੌਕੇ ਜੋਨਲ ਆਗੂ ਲੈਕ. ਗੁਰਮੀਤ ਖਰੜ ਨੇ ਕਿਹਾ ਕਿ ਸ੍ਰੀ ਕਲਬੁਰਗੀ ਦਾ ਕਤਲ ਕੋਈ ਨਵਾਂ ਕਾਰਾ ਨਹੀਂ ਹੈ ਫਾਸ਼ੀਵਾਦੀ ਤਾਕਤਾਂ ਹੱਥੋਂ ਪਿਛਲੇ ਦੋ ਸਾਲਾਂ ਵਿੱਚ ਡਾ. ਦਾਭੋਲਕਰ, ਗੋਬਿੰਦ ਪੰਸਾਰੇ ਵਰਗੇ  ਸਿਰਮੌਰ ਆਗੂਆਂ ਦੀ ਹੱਤਿਆ ਹੋ ਚੁਕੀ ਹੈ. ਉਨਾਂ ਕਿਹਾ ਕਿ ਵੈਸੇ ਤਾਂ ਤਰਕਸ਼ੀਲਾਂ ਦਾ ਵਿਰੋਧ ਕੋਈ ਨਵੀਂ ਗੱਲ ਨਹੀਂ ਪਰ ਹੁਣ ਤਾਂ ਹਮਲਾਵਰੀ ਲਾਣਾ ਸਭ ਹੱਦਾਂ ਟੱਪਦਾ ਜਾ ਰਿਹਾ ਹੈ.

ਇਕਾਈ ਮੀਡੀਆ ਅਾਗੂ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਡਾ ਦਬੋਲਕਰ ਅਤੇ ਸ੍ਰੀ ਪੰਸਾਰੇ ਦੇ ਕਾਤਲਾਂ ਉੱਤੇ ਕੋਈ ਕਾਰਵਾਈ ਨਾ ਹੋਣ ਦੇ ਸਿੱਟੇ ਵਜੋਂ, ਨੇਕ-ਸੋਚਣੀ ਵਾਲ਼ੇ ਲੇਖਕਾਂ ਅਤੇ ਬੁਧੀਜੀਵੀਆਂ ਦੇ ਪਿੱਛੇ ਹੱਥ ਧੋਕੇ ਪਏ ਫਿਰਕੂ ਅਨਸਰਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ. ਉਨਾਂ ਕਿਹਾ ਕਿ ਪ੍ਰਗਤੀਵਾਦੀ ਚਿੰਤਕਾਂ ਦਾ ਕਤਲ ਕਰ ਦੇਣ, ਸਮਾਜਿਕ ਚੇਤਨਾਂ ਦੇ ਪਸਾਰ ਵਿੱਚ ਜੁਟੇ ਤਰਕਸ਼ੀਲਾਂ ਅਤੇ ਅਗਾਂਹਵਧੂ ਹਲਕਿਆਂ ਦੀ ਆਵਾਜ਼ ਦਬਾਉਣ ਦੇ ਘਟਨਕ੍ਰਮ ਨੂੰ ਕਾਲੇ ਦਿਨਾਂ ਦੀ ਆਹਟ ਵਾਂਗ ਸਮਝਣਾ ਚਾਹੀਦਾ ਹੈ.

ਇਸ ਮੌਕੇ ਭੁਪਿੰਦਰ ਮਦਨਹੇੜੀ ਨੇ ਦੱਸਿਆ ਕਿ ਸ੍ਰੀ ਕਲਬੁਰਗੀ ਦੀ ਹੱਤਿਆ ਦੇ ਵਿਰੋਧ ਵਿੱਚ 7 ਸਤੰਬਰ, ਦਿਨ ਸੋਮਵਾਰ ਨੂੰ ਚੰਡੀਗੜ੍ਹ ਸੈਕਟਰ 17 ਪਲਾਜ਼ਾ, ਵਿਖੇ ਸ਼ਾਮ 5 ਵਜੇ ਸਮੂਹ ਲੋਕ ਪੱਖੀ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ-ਪ੍ਰਦਰਸ਼ਨਕੀਤਾ ਜਾ ਰਿਹਾ ਹੈ. ਤਰਕਸ਼ੀਲਾਂ ਨੇ ਸਾਰੇ ਅਗਾਂਹ-ਵਧੂ ਹਲਕਿਆਂ ਨੂੰ ਇਸ ਰੋਸ ਮਾਰਚ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਕਿ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ. ਇਸ ਮੀਟਿੰਗ ਵਿੱਚ ਹਾਜ਼ਰ ਤਰਕਸ਼ੀਲ ਆਗੂਆਂ ਜਗਵਿੰਦਰ ਜੱਗੀ, ਸੁਰਿੰਦਰ ਸਿੰਬਲਮਾਜਰਾ, ਸੁਜਾਨ ਬਡਾਲ਼ਾ, ਰਾਜੇਸ਼, ਅਵਤਾਰ ਸਹੌੜਾਂ, ਮਾਸਟਰ ਜਰਨੈਲ, ਹਰਜਿੰਦਰ ਪਮੌਰ, ਆਮੀਨ ਤੇਪਲ਼ਾ ਨੇ ਸ੍ਰੀ ਕਲਬੁਰਗੀ, ਡਾ. ਨਰਿੰਦਰ ਦਾਭੋਲਕਰ, ਸ੍ਰੀ ਗੋਬਿੰਦ ਪੰਸਾਰੇ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ  ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਤਾਂ ਕਿ ਫਾਸ਼ੀਵਾਦੀ ਰੂਝਾਨ ਨੂੰ ਠੱਲ ਪਾਈ ਜਾ ਸਕੇ.