ਡਾ. ਦਾਭੋਲਕਰ ਦੇ ਕਾਤਲਾਂ ਖਿਲਾਫ ਸੀਬੀਆਈ ਜਾਂਚ ਦੀ ਮੰਗ

ਅੰਧਵਿਸ਼ਵਾਸ਼ਾਂ ਖਿਲਾਫ ਸੰਘਰਸ਼ ਰਹੇਗਾ ਜਾਰੀ: ਲੱਖੇਵਾਲੀ

ਮੁਕਤਸਰ, 21 ਅਗਸਤ (ਬੂਟਾ ਸਿੰਘ ਵਾਕਫ): ਅੰਧ ਵਿਸ਼ਵਾਸ਼ਾਂ, ਅਗਿਆਨਤਾ, ਸਮਾਜਿਕ ਨਾ ਬਰਾਬਰੀ ਤੇ ਜਿੰਦਗੀ ਅਤੇ ਸਮਾਜ ਨੂੰ ਬੁਰੇ ਰੁਖ ਪ੍ਰਭਾਵਿਤ ਕਰਨ ਵਾਲੀਆਂ ਅਲਾਮਤਾਂ ਖਿਲਾਫ ਕੌਮੀ ਪੱਧਰ ­ਤੇ ਚੱਲ ਰਹੇ ਸੰਘਰਸ਼ ਨਾਲ ਇਕ ਜੁਟਤਾ ਦਾ ਪ੍ਰਗਟਾਵਾ ਕਰਦਿਆਂ ਇਸ ਖੇਤਰ ਦੇ ਤਰਕਸ਼ੀਲਾਂ ਨੇ ਭਾਰਤ ਸਰਕਾਰ ਨੂੰ ਡਿਪਟੀ

ਕਮਿਸ਼ਨਰ ਰਾਹੀਂ ਭੇਜੇ ਇਕ ਪੱਤਰ ਰਾਹੀਂ ਕੌਮੀ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਡਾ. ਨਰਿੰਦਰ ਦਾਭੋਲਕਰ ਦੇ ਕਤਲ ਦੀ ਸੀ ਬੀ ਆਈ ਜਾਂਚ, ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਅਤੇ ਲੋਕਾਈ ਦੇ ਭਲੇ ਲਈ ਅੰਧ ਵਿਸ਼ਵਾਸ਼ਾਂ ਖਿਲਾਫ ਕਾਨੂੰਨ ਬਣਾਉਣ ਦੀ ਪੁਰ ਜ਼ੋਰ ਆਵਾਜ਼ ਉਠਾਈ ਹੈ. ਇਸ ਵਫ਼ਦ ਦੇ ਆਗੂ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਮੀਡੀਆ ਮੁਖੀ ਰਾਮਸਵਰਨ ਲੱਖੇਵਾਲੀ ਨੇ ਆਖਿਆ ਕਿ ਜਿੰਦਗੀਭਰ ਅੰਧ ਵਿਸ਼ਵਾਸ਼ਾਂ ਦੇ ਖਾਤਮੇ ਲਈ ਜੂਝਣ ਵਾਲੇ ਕੌਮੀ ਆਗੂ ਡਾ. ਦਾਭੋਲਕਰ ਦੇ ਕਤਲ ਦੇ ਦੋ ਸਾਲਾਂ ਬਾਅਦ ਵੀ ਦੋਸ਼ੀਆਂ ਦੀ ਕੋਈ ਉਘ ਸੁੱਘ ਨਹੀਂ ਨਿਕਲੀ ਜਿਸਦਾ ਸਪੱਸ਼ਟ ਮਤਲਬ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦਾ ਗਲਾ ਘੁਟਿਆ ਜਾ ਰਿਹਾ ਹੈ. ਉਹਨਾਂ ਆਖਿਆ ਕਿ ਦੇਸ਼ ਭਰ ਵਿਚ ਅੰਧ ਵਿਸ਼ਵਾਸ਼ਾਂ ਖਿਲਾਫ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਹੈ ਕਿਉਂਕੇ ਇਸ ਦੇ ਸਹਾਰੇ ਹੀ ਲੋਕਾਂ ਦੀ ਤਾਂਤਰਿਕਾਂ, ਜੋਤਸ਼ੀਆਂ, ਅਖੌਤੀ ਬਾਬਿਆਂ ਵੱਲੋਂ ਕੀਤੀ ਜਾ ਰਹੀ ਮਾਨਸਿਕ ਤੇ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ. ਵਫ਼ਦ ਵਿਚ ਸ਼ਾਮਲ ਆਗੂਆਂ ਲਖਵਿੰਦਰ ਸ਼ਰ੍ਹੀਂ ਵਾਲਾ, ਭਗਤ ਸਿੰਘ ਚਿਮਨੇਵਾਲਾ ਨੇ ਆਖਿਆ ਕਿ ਪ੍ਰਸਾਰ ਮਾਧਿਅਮਾਂ ਰਾਹੀਂ ਅੰਧ ਵਿਸ਼ਵਾਸ਼ਾਂ ਦੇ ਕੂੜ ਪ੍ਰਚਾਰ ਤੇ ਰੋਕ ਲੱਗਣੀ ਚਾਹੀਦੀ ਹੈ ਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਜਮਹੂਰੀ ਹੱਕ ਫੌਰੀ ਤੌਰ ਤੇ ਬਹਾਲ ਕੀਤਾ ਜਾਵੇ. ਤਰਕਸ਼ੀਲ ਆਗੂਆਂ ਨੇ ਆਖਿਆ ਕਿ ਅੰਧ ਵਿਸ਼ਵਾਸ਼ਾਂ ਤੇ ਸਮਾਜਿਕ ਅਲਾਮਤਾਂ ਖਿਲਾਫ ਸੰਘਰਸ਼ ਹਰ ਹੀਲੇ ਜਾਰੀ ਰੱਖਿਆ ਜਾਵੇਗਾ. ਵਫ਼ਦ ਵਿਚ ਸੁਸਾਇਟੀ ਦੀਆਂ ਲੱਖੇਵਾਲੀ, ਗੁਰੂਹਰਸਹਾਏ ਤੇ ਫਾਜਿਲਕਾ ਇਕਾਈਆਂ ਦੇ ਆਗੂਆਂ ਤੋਂ ਇਲਾਵਾ ਲੋਕ ਪੱਖੀ ਗਾਇਕ ਜਗਸੀਰ ਜੀਦਾ, ਮਨਜੀਤ ਸਿੰਘ ਸ਼ਰ੍ਹੀਂ ਵਾਲਾ, ਬੂਟਾ ਸਿੰਘ ਵਾਕਫ, ਪਰਮਿੰਦਰ ਖੋਖਰ, ਗੁਰਮੀਤ ਸਿੰਘ ਸਰਪੰਚ, ਪਰਮਿੰਦਰ ਹਰੀਕੇ, ਮੰਦਰ ਸਿੰਘ ਗੁਰੂਸਰ ਵੀ ਸ਼ਾਮਲ ਸਨ.