ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਲੁਧਿਆਣਾ ਵਿੱਚ ‘ਗੁਰੂ’ ਦੀ ਫੋਟੋ ’ਚੋਂ ਸ਼ਹਿਦ ਦੇ ਟਪਕਣ ਵਾਲੀ ਘਟਨਾ ਦਾ ਤਰਕਸ਼ੀਲਾਂ ਨੇ ਗੰਭੀਰ ਨੋਟਿਸ ਲਿਆ

ਲੁਧਿਆਣਾ, 8 ਜੂਨ (ਹਰਚੰਦ ਭਿੰਡਰ): ਸੋਸਲ ਮੀਡੀਆ ਤੇ ਚੱਲ ਰਹੀ ਇਕ ਵੀਡੀਓ, ਜਿਸ ਵਿੱਚ ਸਥਾਨਕ ਹੈਬੋਵਾਲ ਇਲਾਕੇ ਵਿੱਚ ਜੱਸੀਆਂ ਰੋਡ ਤੇ ਪੈਂਦੀ ਪ੍ਰੇਮ ਵਿਹਰ ਕਲੋਨੀ ਵਿੱਚ ਇਕ ਘਰ ਵਿੱਚ ਉਹਨਾਂ ਦੇ ਗੁਰੂ ਦੀ ਲੱਗੀ ਫੋਟੋ ਵਿੱਚੋਂ ਸ਼ਹਿਦ ਦੀ ਵਰਖਾ ਹੋਣ ਬਾਰੇ ਪ੍ਰਚਾਰਿਆ ਜਾ ਰਿਹਾ ਹੈ। ਜਦੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਮੁੱਖੀ ਜਸਵੰਤ ਜੀਰਖ ਨੇ

ਇਹ ਵੇਖੀ ਤਾਂ ਉਹਨਾਂ ਤੁਰੰਤ ਹੀ ਇਸ ਦੀ ਮੁੱਢਲੀ ਜਾਣਕਾਰੀ ਲਈ ਉਸੇ ਇਲਾਕੇ ਵਿੱਚ ਰਹਿੰਦੇ ਤਰਕਸ਼ੀਲ ਆਗੂ ਦਲਬੀਰ ਕਟਾਣੀ ਨਾਲ ਸੰਪਰਕ ਕਰਦਿਆਂ ਸਬੰਧਤ ਘਰ ਵਿੱਚ ਜਾ ਕੇ ਮੁੱਢਲੀ ਜਾਣਕਾਰੀ ਲੈਣ ਬਾਰੇ ਗੱਲ ਕੀਤੀ। ਉਹਨਾਂ ਘਟਨਾ ਵਾਲੇ ਘਰ ਜਾਕੇ ਵੇਖਿਆ ਕਿ ਅੱਜ ਉੱਥੇ ਲੋਕਾਂ ਦਾ ਇਕੱਠ ਨਹੀਂ ਸੀ, ਸਿਰਫ ਘਰ ਦੇ ਮੈਂਬਰ ਹੀ ਮੌਜੂਦ ਸਨ।

ਇਸ ਸਾਰੀ ਘਟਨਾ ਪਿੱਛੇ ਕਾਰਣਾ ਦਾ ਹਵਾਲਾ ਦਿੰਦਿਆਂ ਸੁਸਾਇਟੀ ਦੇ ਜ਼ੋਨ ਮੁੱਖੀ ਜਸਵੰਤ ਜੀਰਖ, ਇਕਾਈ ਲੁਧਿਆਣਾ ਦੇ ਮੁਖੀ ਬਲਵਿੰਦਰ ਸਿੰਘ, ਮੀਡੀਆ ਮੁੱਖੀ ਹਰਚੰਦ ਭਿੰਡਰ ਅਤੇ ਦਲਬੀਰ ਕਟਾਣੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋ ਕੁ ਸਾਲ ਪਹਿਲਾਂ ਅਗਰ ਨਗਰ ਵਿੱਖੇ ਵੀ ਇੱਕ ਕੋਠੀ ਵਿੱਚ ਇਸੇ ਗੁਰੂ ਦੀਆਂ ਫੋਟੋਆਂ ਵਿੱਚੋਂ ਇਸੇ ਤਰ੍ਹਾਂ ਸ਼ਹਿਦ ਟਪਕਿਆ ਸੀ, ਜਿਸ ਬਾਰੇ ਪੁਲਿਸ ਦੀ ਮੌਜੂਦਗੀ ਵਿੱਚ ਸਾਰੀ ਅਸਲੀਅਤ ਸੁਸਾਇਟੀ ਦੀ ਲੁਧਿਆਣਾ ਇਕਾਈ ਨੇ ਸ਼ਪੱਸਟ ਕੀਤੀ ਸੀ। ਹੁਣ ਹੂਬ ਹੂ ਉਸੇ ਤਰ੍ਹਾਂ ਦੀ ਇਸ ਘਟਨਾ ਨੂੰ ਵੀ ਚਮਤਕਾਰ ਕਹਿਕੇ ਪ੍ਰਚਾਰਿਆ ਜਾ ਰਿਹਾ ਹੈ ਜਿਸ ਦਾ ਮੰਤਵ ਲੋਕਾਂ ਦੀ ਅਗਿਆਨਤਾ ਦਾ ਫ਼ਾਇਦਾ ਉਠਾਕੇ ਆਪ ਹੀ, ਸ਼ਹਿਦ ਪਹਿਲਾਂ ਗੁਰੂ ਦੀ ਫੋਟੋ ਉੱਪਰੋਂ ਟਪਕਾਕੇ, ਉਸ ਨੂੰ ਕਰਾਮਾਤ ਜਾਂ ਕ੍ਰਿਸ਼ਮਾ ਪ੍ਰਚਾਰਕੇ ਨਿੱਜੀ ਮੰਤਵ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਤਰਕਸ਼ੀਲ ਸੁਸਾਇਟੀ ਅਜਿਹੀਆਂ ਘਟਨਾਵਾਂ ਨੂੰ ਕਰਾਮਾਤ ਨਹੀਂ ਸਗੋਂ ਜਾਣ ਬੁੱਝਕੇ ਕੀਤਾ ਗਿਆ ਅਡੰਬਰ ਕਰਾਰ ਦਿੰਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਿਸੇ ਗ਼ੈਬੀ ਸ਼ਕਤੀ ਦੁਆਰਾ ਨਹੀਂ ਸਗੋਂ ਇਹਨਾਂ ਪਿੱਛੇ ਕੋਈ ਮਨੁੱਖੀ ਹੱਥ ਕੰਮ ਕਰ ਰਿਹਾ ਹੁੰਦਾ ਹੈ, ਜਿਸਨੂੰ ਕਦੀ ਵੀ ਬਿਨਾ ਪੜਤਾਲ ਕੀਤਿਆਂ ਨਹੀਂ  ਮੰਨਣਾ ਚਾਹੀਦਾ। ਪਰ ਲੋਕ ਬਿਨਾ ਪੜਤਾਲੇ ਕਰਾਮਾਤ ਹੋ ਗਈ ਦਾ ਢੰਡੋਰਾ ਪਿੱਟ ਦਿੰਦੇ ਹਨ ਅਤੇ ਬਿਨਾ ਸੋਚੇ ਸਮਝੇ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਅੰਧਵਿਸ਼ਵਾਸਾਂ ਨੂੰ ਹੋਰ ਬੜਾਵਾ ਮਿਲਦਾ ਹੈ। ਉਹਨਾਂ ਦਾਅਵਾ ਕੀਤਾ  ਕਿ ਕਿਸੇ ਵੀ ਫੋਟੋ ਵਿੱਚੋਂ ਕਦੀ ਵੀ ਇਸ ਤਰ੍ਹਾਂ ਬਿਨਾ ਕਿਸੇ ਮਨੁੱਖੀ ਹੱਥ ਤੋਂ ਸ਼ਹਿਦ ਜਾਂ ਕੋਈ ਹੋਰ ਪਦਾਰਥ ਨਹੀਂ ਟਪਕ ਸਕਦਾ । ਜੇ ਕੋਈ ਤਰਕਸ਼ੀਲ ਸੁਸਾਇਟੀ ਦੇ ਦਾਅਵੇ ਨੂੰ ਝੁਠਲਾ ਸਕਦਾ ਹੈ ਤਾਂ ਸੁਸਾੲਟੀ ਵੱਲੋ ਤਹਿਸ਼ੁਦਾ 23 ਸ਼ਰਤਾਂ ਵਿੱਚੋਂ ਕੋਈ ਵੀ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਨਗਦ ਇਨਾਮ ਪ੍ਰਾਪਤ ਕਰ ਸਕਦਾ ਹੈ।