ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਰੁਜ਼ਗਾਰ ਹੋਵੇ ਚੋਣਾਂ ਦਾ ਮੁੱਖ ਮੁੱਦਾ; ਖਰੜ ਗੁਰਮੀਤ

ਖਰੜ, 16 ਫਰਵਰੀ (ਕੁਲਵਿੰਦਰ ਨਗਾਰੀ): ਤਰਕਸ਼ੀਲ ਇਕਾਈ ਖਰੜ੍ਹ ਦੀ ਮਹੀਨਾਵਾਰ ਮੀਟਿੰਗ ਵਿੱਚ 'ਅਸੈਂਬਲੀ ਚੋਣਾਂ-2022' ਵਿਸ਼ੇ ਉੱਤੇ ਵਿਚਾਰ-ਚਰਚਾ ਹੋਈ. ਇਸ ਵਿਚਾਰ ਚਰਚਾ ਵਿੱਚ ਬੋਲਦਿਆਂ ਚੰਡੀਗੜ੍ਹ ਜ਼ੋਨ ਦੇ ਮੁਖੀ ਖਰੜ ਗੁਰਮੀਤ ਨੇ ਕਿਹਾ ਕਿ ਵੈਸੇ ਤਾਂ ਇਸ ਮੁਨਾਫ਼ੇਖੋਰ ਸਿਸਟਮ ਵਿੱਚ ਲੋਕਾਂ ਦੀਆਂ

ਸਮੱਸਿਆਵਾਂ ਦਾ ਹੱਲ ਪੂਰਨ ਤੌਰ ਉੱਤੇ ਸੰਭਵ ਨਹੀਂ ਹੈ. ਪਰ ਜਿੰਨਾ ਚਿਰ ਇਸ ਸਰਮਾਏਦਾਰਾ ਪ੍ਰਬੰਧ ਤੇ ਇਸਦੀਆਂ ਪਾਰਲੀਮਾਨੀ ਸੰਸਥਾਵਾਂ ਦਾ ਕੋਈ ਇਨਕਲਾਬੀ ਬਦਲ ਪੇਸ਼ ਨਹੀਂ ਹੁੰਦਾ, ਓਨਾ ਚਿਰ ਛੋਟੇ-ਮੋਟੇ ਫਾਇਦਿਆਂ ਨੂੰ ਮੁੱਖ ਰੱਖ ਕੇ ਵੋਟ ਪਾਉਣ ਦੀ ਬਜਾਏ ਰੁਜ਼ਗਾਰ, ਸਿੱਖਿਆ, ਸਿਹਤ ਸਹੂਲਤਾਂ ਆਦਿ ਮੁੱਦਿਆਂ ਦੇ ਆਧਾਰ 'ਤੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ. ਰੁਜਗਾਰ ਦਾ ਮਸਲਾ ਇਸ ਕਰਕੇ ਸਭ ਤੋਂ ਅਹਿਮ ਹੈ ਕਿ ਜਿਨਾਂ ਕੋਲ ਰੁਜਗਾਰ ਹੁੰਦਾ ਹੈ ਬਾਕੀ ਸਹੂਲਤਾਂ ਤਾਂ ਉਹ ਆਪ ਹੀ ਪ੍ਰਾਪਤ ਕਰਨ ਦੇ ਯੋਗ ਬਣ ਜਾਂਦੇ ਹਨ.

ਮੀਟਿੰਗ ਵਿੱਚ ਹਾਜ਼ਰ ਇਕਾਈ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਹਰ ਵਾਰੀ ਲੋਕਾਂ ਨੂੰ ਲਾਰੇ ਲਾਕੇ ਪਾਰਟੀਆਂ ਰਾਜਸੱਤਾ ਹਾਸਲ ਕਰ ਲੈਂਦੀਆਂ ਹਨ. ਪਰ ਜਨਤਾ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਰਹਿੰਦੇ ਹਨ. ਇਸਦਾ ਮਤਲਬ ਹੈ ਵੋਟਾਂ ਵੀ ਮਾੜੇ ਪ੍ਰਬੰਧ ਖਿਲਾਫ ਲੋਕਾਂ ਦੇ ਗੁੱਸੇ ਦਾ ਵੋਟ ਪਰਚੀਆਂ ਰਾਹੀਂ ਨਿਕਾਸ ਕਰਨ ਦਾ ਜਰੀਆ ਹੀ ਹਨ. ਦਰਅਸਲ ਵੋਟਿੰਗ-ਪ੍ਰਣਾਲ਼ੀ ਲੋਕਾਂ ਦੇ ਵਿਦਰੋਹ ਨੂੰ ਵੋਟਾਂ ਰਾਹੀ ਖਾਰਜ ਕਰਕੇ ਸਥਾਪਤੀ ਦੀ ਉਮਰ ਲੰਬੀ ਕਰਨ ਦਾ ਕੰਮ ਹੀ ਕਰਦੀ ਹੈ.

ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸੁਰਿੰਦਰ ਸਿੰਬਲ਼ਮਾਜਰਾ ਅਤੇ ਜਰਨੈਲ ਸਹੌੜਾਂ ਨੇ ਕਿਹਾ ਕਿ ਵੋਟਾਂ ਸਮੇਂ ਕੁਝ ਅਨਸਰਾਂ ਵੱਲੋਂ ਭੜਕਾਊ ਅਤੇ ਫਿਰਕੂ ਬਿਆਨਬਾਜੀ ਕੀਤੀ ਜਾਂਦੀ ਹੈ. ਪਰ ਲੋਕਾਂ ਨੂੰ ਸਦਭਾਵਨਾ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ. ਜੇਕਰ ਸੰਭਵ ਹੋਵੇ ਤਾਂ ਹਰੇਕ ਪੋਲਿੰਗ ਸਟੇਸਨ ਉੱਪਰ ਇੱਕੋ ਸਾਂਝਾ ਬੂਥ ਲਾਇਆ ਜਾਵੇ ਤਾਂ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਲੋਕ-ਏਕਤਾ ਨੂੰ ਕਾਇਮ ਰੱਖਿਆ ਜਾ ਸਕੇ. ਰਾਜਨੀਤਿਕ ਪਾਰਟੀਆਂ ਦੀ ਬਜਾਇ ਲੋਕਾਂ ਦੀ ਅਸਲ ਤਾਕਤ ਲੋਕਾਂ ਦੀਆਂ ਜਥੇਬੰਦੀਆਂ ਤੇ ਉਹਨਾਂ ਦੇ ਸੰਘਰਸ਼ ਹੀ ਹਨ. ਇਸ ਮੌਕੇ ਹਾਜ਼ਰ ਤਰਕਸ਼ੀਲ ਆਗੂਆਂ ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਭੁਪਿੰਦਰ ਮਦਨਹੇੜੀ, ਬਿਕਰਮਜੀਤ ਸੋਨੀ ਅਤੇ ਰਾਮ ਕ੍ਰਿਸ਼ਨ ਧੁਨਕੀਆਂ ਆਦਿ ਨੇ ਵੀ ਆਪਣੇ ਵਿਚਾਰ ਰੱਖੇ