ਜੇਲਾਂ ਵਿੱਚ ਜਬਰੀਂ ਡੱਕੇ ਬੁੱਧੀਜੀਵੀਆਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ
ਮੋਹਾਲੀ, 20 ਜੂਨ (ਡਾ. ਮਜੀਦ ਆਜਾਦ): ਹਕੂਮਤ ਵਲੋਂ ਵਿਰੋਧ ਦੀ ਆਵਾਜ ਨੂੰ ਕੁਚਲਣ ਲਈ ਲੋਕਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਵਿਦਿਆਰਥੀ ਆਗੂਆਂ ਤੇ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਹਵਾਲਾਤਾਂ ਵਿੱਚ ਬੰਦ ਕਰ ਦੇਣਾ ਭਾਵੇਂ ਨਵਾਂ ਵਰਤਾਰਾ ਨਹੀ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਸ ਸਰਕਾਰੀ
ਜਬਰ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ, ਬਹੁਤ ਸਾਰੇ ਮਨੁਖੀ ਅਧਿਕਾਰ ਕਾਰਕੁਨ ਨਾਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਬੰਦ ਕੀਤੇ ਜਾ ਰਹੇ ਹਨ. ਇਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਮਨਾਏ ਜਾ ਰਹੇ 'ਵਿਰੋਧ ਪੰਦਰਵਾੜੇ' ਤਹਿਤ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ਤੇ ਇਕਾਈ ਮੋਹਾਲੀ ਖਰੜ ਚੰਡੀਗੜ੍ਹ ਦੇ ਮੈਂਬਰਾਂ ਵਲੋਂ ਰੰਗਕਰਮੀਆਂ, ਲੇਖਕਾਂ, ਬੁਧੀਜੀਵੀਆਂ ਅਤੇ ਹੋਰ ਇਨਸਾਫ ਪਸੰਦ ਕਾਰਕੁਨਾਂ ਦੇ ਸਹਿਯੋਗ ਨਾਲ ਇੱਕ ਰੋਸ ਪ੍ਰਦਰਸ਼ਨ ਮੋਹਾਲੀ ਦੇ ਫੇਜ 7 ਚੌੰਕ ਵਿਖੇ ਕੀਤਾ ਗਿਆ. ਰੋਸ ਪ੍ਰਦਰਸ਼ਨ ਮੌਕੇ ਮੁਜ਼ਾਹਰਾ ਕਾਰੀਆਂ ਵਲੋਂ ਮੂੰਹ ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ ਅਤੇ ਬਹੁਤ ਸਾਰੀਆਂ ਤਖਤੀਆਂ ਅਤੇ ਬੈਨਰ ਹੱਥ ਵਿੱਚ ਚੁੱਕੇ ਹੋਏ ਸਨ ਜਿਹਨਾਂ ਉਪਰ ਲੋਕਤੰਤਰ-ਪੱਖੀ ਅਤੇ ਫਾਸ਼ੀਵਾਦ ਵਿਰੋਧੀ ਨਾਹਰੇ ਲਿਖੇ ਹੋਏ ਸਨ. ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਜਸਵੰਤ ਮੋਹਾਲੀ, ਗੁਰਮੀਤ ਖਰੜ, ਸਤਨਾਮ ਦਾਉਂ, ਉੱਘੇ ਨਾਟਕਕਾਰ ਸਾਹਿਬ ਸਿੰਘ, ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿਰਸਾ,ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਆਮਿਰ ਸੁਲਤਾਨਾ ਆਦਿ ਦੁਆਰਾ ਸੰਬੋਧਨ ਵੀ ਕੀਤਾ.
ਉਹਨਾ ਕਿਹਾ ਕਿ ਲੋਕ ਪੱਖੀ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਇਸ ਨਰੋਏ ਸਮਾਜ ਦੀ ਸਿਰਜਣਾ ਵੱਲ ਹੁੰਦੇ ਯਤਨਾਂ ਨੂੰ ਢਾਹ ਲਾਉਣ ਦਾ ਇਕ ਕੋਝਾ ਹੱਥਕੰਡਾ ਹੈ. ਦੇਸ਼ ਦੇ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਸਮੇਂ ਇਨ੍ਹਾਂ ਲੋਕ ਪੱਖੀ ਬੁੱਧੀਜੀਵੀਆਂ ਦੀ ਸਾਡੇ ਲੋਕਾਂ ਨੂੰ ਅਤਿਅੰਤ ਲੋੜ ਹੈ. ਦੇਸ਼ ਦੀ ਕਾਨੂੰਨ ਵਿਵਸਥਾ ਮੌਜੂਦਾ ਹਾਕਮ ਜਮਾਤ ਦੀ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ. ਉਹਨਾਂ ਅੱਗੇ ਕਿਹਾ ਕਿ ਸਰਕਾਰ ਦੁਆਰਾ ਗ੍ਰਿਫ਼ਤਾਰ ਕੀਤੇ ਲੱਗਭੱਗ ਸਾਰੇ ਹੀ ਬੁੱਧੀਜੀਵੀਆਂ ਦੀ ਉਮਰ ਸੱਠ ਸਾਲ ਤੋਂ ਉੱਪਰ ਹੈ. ਸਰਕਾਰ ਦੁਆਰਾ ਜੇਲ੍ਹਾਂ ਵਿਚ ਜਾਂ ਘਰਾਂ ਵਿੱਚ ਨਜ਼ਰਬੰਦ ਕੀਤੇ ਬੁੱਧੀਜੀਵੀਆਂ ਵਿੱਚ ਵਰਵਰਾ ਰਾਓ, ਸੁਧਾ ਭਾਰਦਵਾਜ, ਅਰੁਣ ਫਰੇਰਾ, ਗੌਤਮ ਨਵਲਖਾ, ਵਰਨੌਨ ਗੁੰਜਾਲਵੇ, ਸੁਰਿੰਦਰ ਗੈਡਲਿਗ, ਸੁਧੀਰ ਧਾਵਲੇ, ਰੋਨਾ ਵਿਲਸਨ, ਸੋਮਾ ਸੇਨ ਅਤੇ ਮਹੇਸ਼ ਰਾਊਤ ਆਦਿ ਸ਼ਾਮਿਲ ਹਨ. ਇਸ ਤਰ੍ਹਾਂ ਇਨ੍ਹਾਂ ਨੂੰ ਲੋਕਾਂ ਤੋਂ ਖੋਹ ਲਿਆ ਗਿਆ ਹੈ. ਇਸ ਤਰ੍ਹਾਂ ਦੇ ਕਾਰੇ ਕਰਕੇ ਸਰਕਾਰਾਂ ਲੋਕ ਹਿੱਤੂ ਤਾਕਤਾਂ ਵਿੱਚ ਦਹਿਸ਼ਤੀ ਮਾਹੌਲ ਸਿਰਜਣ ਦਾ ਯਤਨ ਕਰ ਰਹੀਆਂ ਹਨ.
ਉਹਨਾਂ ਅੱਗੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੇ ਰੂਪ ਵਿਚ ਲੋਕ ਤਾਕਤ ਸਹੀ ਦਿਸ਼ਾ ਵਿਚ ਇਕ ਅੰਗੜਾਈ ਲੈ ਰਹੀ ਹੈ ਅਤੇ ਸਰਕਾਰ ਇਸ ਤੋਂ ਖੋਫਜਦਾ ਹੈ. ਪਰੰਤੂ ਲੋਕ ਆਵਾਜ ਨੂੰ ਕੁਚਲਿਆ ਨਹੀ ਜਾ ਸਕਦਾ. ਆਗੂਆਂ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਇਸ ਕੇਸ ਵਿੱਚ ਫੌਰੀ ਦਖਲ ਦੇਵੇ ਅਤੇ ਝੂਠੇ ਕੇਸਾਂ ਵਿੱਚ ਬੰਦ ਕਾਰਕੁਨ ਫੌਰੀ ਰਿਹਾ ਕੀਤੇ ਜਾਣ. ਮੁਜਾਹਰੇ ਮੌਕੇ ਹੋਰਨਾਂ ਤੋਂ ਬਿਨਾ ਮਾਸਟਰ ਜਰਨੈਲ ਕਰਾਂਤੀ,ਕੁਲਵਿੰਦਰ ਨਗਾਰੀ, ਲੈਕਚਰਾਰ ਸੁਰਜੀਤ ਸਿੰਘ, ਇਕਬਾਲ ਸਿੰਘ, ਗੋਰਾ ਹੋਸ਼ਿਆਰਪੁਰੀ, ਜਸਵਿੰਦਰ ਸਿੰਘ, ਡਾ. ਮਜੀਦ ਆਜਾਦ, ਅਧਿਆਪਕ ਆਗੂ ਯਸ਼ਪਾਲ ਆਦਿ ਵਲੋਂ ਵਿਸੇਸ਼ ਤੌਰ ਤੇ ਯੋਗਦਾਨ ਪਾਇਆ ਗਿਆ.