ਤਰਕਸ਼ੀਲ ਸਾਹਿਤ ਵੈਨ ਨੇ ਖਰੜ ਵਿੱਚ ਸਾਹਿਤ ਦਾ ਹੋਕਾ ਦਿੱਤਾ

ਖਰੜ, 5 ਦਸੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਹਿਤ ਵੈਨ ਚੰਡੀਗੜ੍ਹ ਜ਼ੋਨ ਦੀਆਂ ਵੱਖ-ਵੱਖ ਇਕਾਈਆਂ ਦਾ ਸਫਰ ਤੈਅ ਕਰਦੀ ਹੋਈ ਖਰੜ ਸ਼ਹਿਰ ਪੁੱਜੀ. ਇਸ ਵਿੱਚ ਤਰਕਸ਼ੀਲ ਸੁਸਾਇਟੀ ਦੀ ਪ੍ਰਕਾਸ਼ਨਾਂ ਤੋਂ ਇਲਾਵਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੋਇਆ ਸੰਸਾਰ ਪ੍ਰਸਿੱਧ ਸਾਹਿਤ ਵੀ

ਮੌਜੂਦ ਹੈ.'ਤੇ ਦੇਵ ਪੁਰਸ਼ ਹਾਰ ਗਏ', 'ਤੇ ਫਿਰ ਅੱਗ ਲੱਗਣੋਂ ਬੰਦ ਹੋ ਗਈ', 'ਤੁਹਾਡੀ ਰਾਸ਼ੀ ਕੀ ਕਹਿੰਦੀ ਹੈ', 'ਮੈਂ ਨਾਸਤਿਕ ਕਿਉਂ ਹਾਂ' ਆਦਿ ਕਿਤਾਬਾਂ ਤੋਂ ਇਲਾਵਾ ਵਿਗਿਆਨਿਕ ਬਾਲ-ਸਾਹਿਤ, ਮਨੋਰੋਗ ਦੇ ਕਾਰਨ ਅਤੇ ਇਲਾਜ ਬਾਰੇ ਮਾਹਿਰਾਂ ਵੱਲੋਂ ਲਿਖੀਆਂ ਪੁਸਤਕਾਂ, ਸਮਾਜ ਕਿਵੇਂ ਬਦਲਦਾ ਹੈ ਤੇ ਗਤੀਮਾਨ ਹੁੰਦਾ ਹੈ, ਜਾਦੂ-ਮੰਤਰ ਦੀ ਅਸਲੀਅਤ ਬਿਆਨ ਕਰਦੀਆਂ ਪੁਸਤਕਾਂ ਅਤੇ ਤਰਕਸ਼ੀਲ਼ ਨਾਟਕਾਂ ਦੀਆਂ ਸੀਡੀਜ਼ ਇਸ ਸਾਹਿਤ ਵੈਨ ਦਾ ਸਿੰਗਾਰ ਬਣੀਆਂ ਹੋਈਆਂ ਸਨ.   

ਸਾਹਿਤ ਵੈਨ ਦੇ ਸਫਰ ਦੌਰਾਨ ਇਕਾਈ ਖਰੜ ਦੇ ਤਰਕਸ਼ੀਲ ਕਾਮਿਆਂ ਨੇ ਵੈਨ ਨੂੰ ਸੀ ਜੀ ਸੀ ਕਾਲਜ ਘੜੂੰਆਂ ਦੇ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ. ਇਥੇ ਕਾਲਜ ਦੇ ਵਿਦਿਆਰਥੀਆਂ ਨੇ ਵਿਸ਼ਵ ਪੱਧਰੀ ਸਾਹਿਤ ਬਹੁਤ ਉਤਸ਼ਾਹ ਨਾਲ ਖਰੀਦਿਆ. ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਗੇੜਾ ਲਾਉਣ ਤੋਂ ਮਗਰੋਂ ਸਿਵਲ ਹਸਪਤਾਲ ਖਰੜ ਦੇ ਗੇਟ ਮੂਹਰੇ ਤਰਕਸ਼ੀਲ ਵੈਨ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ. ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਦੱਸਿਆ ਕਿ ਇਸ ਵੈਨ ਦਾ ਮਕਸ਼ਦ ਵੱਧ ਤੋਂ ਵੱਧ ਹੱਥਾਂ ਵਿੱਚ ਤਰਕਸ਼ੀਲ ਸਾਹਿਤ ਪਹੁੰਚਾਉਣਾ ਹੈ. ਉਨਾਂ ਦਾਅਵਾ ਕੀਤਾ ਕਿ ਸਮਾਜਿਕ ਤਬਦੀਲੀ ਵਿੱਚ ਪੁਸਤਕਾਂ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ

ਇਸ ਮੌਕੇ ਤਰਕਸ਼ੀਲ ਆਗੂਆਂ ਬਿਕਰਮਜੀਤ ਸੋਨੀ, ਸੁਰਿੰਦਰ ਸਿੰਬਲ਼ਮਾਜਰਾ, ਜਰਨੈਲ ਸਹੌੜਾਂ, ਸੁਜਾਨ ਸਿੰਘ ਆਦਿ ਨੇ ਸਾਧਾਂ, ਤਾਂਤਰਿਕਾਂ, ਅਤੇ ਗੈਬੀ ਸ਼ਕਤੀਆਂ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਮਨੁੱਖ ਨੂੰ ਚੁਣੌਤੀ ਦਿੱਤੀ ਕਿ ਕੋਈ ਵੀ ਵਿਅਕਤੀ ਤਰਕਸ਼ੀਲ ਸੁਸਾਇਟੀ ਦੀਆਂ 23 ਸਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਦਾ ਇਨਾਮ ਜਿੱਤ ਸਕਦਾ ਹੈ. ਉਨਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦੇ ਪਿਛਲੇ 35 ਸਾਲਾਂ ਦੇ ਇਤਿਹਾਸ ਵਿੱਚ ਇੱਕ ਵੀ ਵਿਅਕਤੀ ਤਰਕਸ਼ੀਲਾਂ ਦੀ ਕੋਈ ਵੀ ਸ਼ਰਤ ਨਹੀਂ ਜਿੱਤ ਸਕਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਗੈਬੀ ਸ਼ਕਤੀਆਂ ਦੇ ਦਾਅਵੇਦਾਰ ਝੂਠੇ ਹਨ. ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਚਮਤਕਾਰਾਂ ਵਰਗੀ ਕੋਈ ਚੀਜ ਨਹੀਂ ਹੁੰਦੀ. ਕੋਈ ਵੀ ਵਰਤਾਰਾ ਕੁਦਰਤੀ ਨੇਮਾਂ ਦੇ ਅਧੀਨ ਹੀ ਵਾਪਰਦਾ ਹੈ. ਜਿਹੜੀਆਂ ਘਟਨਾਵਾਂ ਦੇ ਕਾਰਨਾਂ ਦੀ ਮਨੁੱਖ ਨੂੰ ਸਮਝ ਨਹੀਂ ਲਗਦੀ ਉਨਾਂ ਨੂੰ ਚਮਤਕਾਰ ਸਮਝ ਲੈਂਦਾ ਹੈ.