ਦਿਵਾਲੀ ਮੌਕੇ ਲਗਾਈ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ
ਖਰੜ, 28 ਅਕਤੂਬਰ 2019 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਦਿਵਾਲੀ ਮੌਕੇ ਹਰੇਕ ਸਾਲ ਲਗਾਈ ਜਾਂਦੀ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਇਸ ਵਾਰ ਦੁਸ਼ਹਿਰਾ ਗਰਾਂਊਡ ਖਰੜ ਵਿਖੇ ਲਗਾਈ ਗਈ. ''ਕਿਤਾਬਾਂ-ਖਰੀਦੋ, ਪਟਾਕੇ-ਨਹੀਂ" ਦਾ ਸੁਨੇਹਾ ਦਿੰਦੀ ਇਸ
ਪ੍ਰਦਰਸਨੀ ਮੌਕੇ ਤਰਕਸ਼ੀਲ ਆਗੂ ਪ੍ਰਿੰਸੀਪਲ ਗੁਰਮੀਤ ਖਰੜ ਨੇ ਕਿਹਾ ਕਿ ਤਿਓਹਾਰਾਂ ਦਾ ਉਦੇਸ਼ ਖੁਸ਼ੀਆਂ ਵੰਡਣਾ ਹੁੰਦਾ ਹੈ. ਇਹ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਕਾਰਜ ਵੀ ਕਰਦੇ ਹਨ. ਪਰ ਹੁਣ ਦਿਵਾਲੀ ਦਾ ਤਿਓਹਾਰ ਆਪਣੇ ਅਸਲ ਮਕਸ਼ਦ ਤੋਂ ਭਟਕ ਕੇ ਬੇਲੋੜੇ ਅਡੰਬਰਾਂ ਦਾ ਸ਼ਿਕਾਰ ਹੋਣ ਲੱਗ ਪਿਆ ਹੈ. ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਦਿਨੋ-ਦਿਨ ਵਧ ਰਹੇ ਵਾਯੂ-ਪ੍ਰਦੂਸ਼ਨ ੳੱਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦਿਵਾਲੀ ਦੇ ਦਿਨਾਂ ਵਿੱਚ ਭਾਰਤ ਵਿੱਚ ਪ੍ਰਦੂਸਨ ਦੀ ਮਾਤਰਾ ਕਈ ਗੁਣਾ ਵੱਧ ਜਾਂਦੀ ਹੈ. ਉਨਾਂ ਕਿਹਾ ਕਿ ਪੰਜਾਬ ਨੂੰ ਤਾਂ ਦਿਵਾਲੀ ਮੌਕੇ ਦੂਹਰੀ ਮਾਰ ਝੱਲਣੀ ਪੈਂਦੀ ਹੈ ਕਿਉਂਕਿ ਇਹਨਾਂ ਦਿਨਾਂ ਦੌਰਾਨ ਪੰਜਾਬ ਵਿੱਚ ਧਾਨ ਦਾ ਨਾੜ ਸਾੜਨ ਦਾ ਕੰਮ ਜੋਰਾਂ ਉੱਤੇ ਹੁੰਦਾ ਹੈ. ਇਕਾਈ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਕਿਹਾ ਕਿ ਦਿਵਾਲੀ ਮੌਕੇ ਖੁਸ਼ੀ ਮਨਾਉਣ ਦੇ ਹੋਰ ਬਥੇਰੇ ਤਰੀਕੇ ਹਨ. ਖੁਸ਼ੀ ਮਨਾਉਣ ਦੇ ਨਾਂ ਹੇਠ ਅੰਨ੍ਹੇਵਾਹ ਪਟਾਕੇ ਚਲਾ ਕੇ ਵਾਤਾਵਰਨ ਨੂੰ ਪਲੀਤ ਕਰਨਾ ਠੀਕ ਨਹੀਂ. ਉਨਾਂ ਕਿਹਾ ਕਿ ਵਾਤਾਵਰਨ ਦੇ ਵਿਗਾੜ ਨੂੰ ਦੇਖਦਿਆਂ ਸਰਕਾਰਾਂ ਨੂੰ ਪਟਾਕਿਆਂ ਦੇ ਉਤਪਾਦਨ ਉੱਤੇ ਹੀ ਪਾਬੰਦੀ ਲਾਉਣ ਵਾਸਤੇ ਵਿਚਾਰ ਕਰਨੀ ਚਾਹੀਦੀ ਹੈ.
ਇਸ ਮੌਕੇ 'ਗਰੀਨ-ਦਿਵਾਲੀ' ਮਨਾਉਣ ਦੀ ਅਪੀਲ ਕਰਦਿਆਂ ਸੁਜਾਨ ਬਡਾਲ਼ਾ ਅਤੇ ਬਿਕਰਮਜੀਤ ਸੋਨੀ ਨੇ ਦਿਵਾਲੀ ਮੌਕੇ ਰੁੱਖ ਲਗਾਉਣ ਦਾ ਹੋਕਾ ਵੀ ਦਿੱਤਾ. ਉਨਾਂ ਕਿਹਾ ਕਿ ਦੀਵਾਲੀ ਮੌਕੇ ਮਹਿੰਗੇ ਤੋਹਫਿਆਂ ਅਤੇ ਮਠਿਆਈ ਦੀ ਬਜਾਇ ਪੁਤਸਕਾਂ ਅਤੇ ਪੌਦੇ ਦੇਣ ਦੀ ਪਿਰਤ ਪਾਉਣੀ ਚਾਹੀਦੀ ਹੈ. ਤਰਕਸ਼ੀਲਾਂ ਨੇ ਕਿਹਾ ਕਿ ਜਿਸ ਤਰਾਂ ਪੌਦੇ ਵਾਤਾਵਰਨ ਨੂੰ ਸਾਫ ਕਰਦੇ ਉਸੇ ਤਰਾਂ ਪੁਸਤਕਾਂ ਮਨੁੱਖੀ ਦਿਮਾਗ ਦੇ ਅਗਿਆਨ ਰੂਪੀ ਹਨ੍ਹੇਰੇ ਨੂੰ ਦੂਰ ਕਰਦੀਆਂ ਹਨ. ਇਕਾਈ ਦੇ ਸਮੂਹ ਕਾਮਿਆਂ ਵੱਲੋਂ 23 ਸ਼ਰਤਾਂ ਵਾਲ਼ਾ ਪੈਂਫਲਿਟ ਵੰਡ ਕੇ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਚੁਣੌਤੀ ਵੀ ਦੱਤੀ ਗਈ ਕਿ ਕੋਈ ਵੀ ਵਿਅਕਤੀ ਇਨ੍ਹਾਂ ਵਿੱਚੋਂ ਇੱਕ ਸ਼ਰਤ ਵੀ ਪੂਰੀ ਕਰਕੇ 5 ਲੱਖ ਦਾ ਇਨਾਮ ਜਿੱਤ ਸਕਦਾ ਹੈ. ਪੁਸਤਕ ਪ੍ਰਦਰਸ਼ਨੀ ਵਿੱਚ ਸ਼ਾਮਿਲ ਪੁਸਤਕਾਂ 'ਤੇ ਦੇਵ ਪੁਰਸ਼ ਹਾਰ ਗਏ', 'ਜੋਤਿਸ਼ ਝੂਠ ਬੋਲਦਾ ਹੈ', 'ਮੈਂ ਨਾਸਤਿਕ ਕਿਉਂ ਹਾਂ' ਅਤੇ 'ਬਾਬਿਆਂ ਦਾ ਅਸਲੀ ਚੇਹਰਾ' ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ.