ਤਿਓਹਾਰਾਂ ਮੌਕੇ ਪਲੀਤ ਨਾ ਹੋਵੇ ਵਾਤਾਵਰਣ: ਗੁਰਮੀਤ ਖਰੜ
ਦੀਵਾਲ਼ੀ ਮੌਕੇ ਲਗਾਈ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ
ਖਰੜ, 7 ਨਵੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਖਾਲਸਾ ਸਕੂਲ ਦੇ ਗੇਟ ਮੂਹਰੇ ਹਰੇਕ ਸਾਲ ਦੀ ਤਰਾਂ ਦੀਵਾਲ਼ੀ ਮੌਕੇ “ਕਿਤਾਬਾਂ ਖਰੀਦੋ, ਪਟਾਕੇ ਨਹੀਂ” ਦਾ ਸੁਨੇਹਾ ਦਿੰਦੀ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਲਗਾਈ ਗਈ. ਇਸ ਮੌਕੇ ਜੋਨਲ ਆਗੂ ਗੁਰਮੀਤ ਖਰੜ
ਨੇ ਦੱਸਿਆ ਕਿ ਦਿਵਾਲ਼ੀ ਦੇ ਤਿਓਹਾਰ ਦੀ ਸਿਰਫ ਧਾਰਮਿਕ ਮਹੱਤਤਾ ਹੀ ਨਹੀਂ ਹੈ ਬਲਕਿ ਸਦੀਆਂ ਪਹਿਲਾਂ ਖੇਤੀਬਾੜੀ ਯੁੱਗ ਵੇਲੇ ਵੀ ਫਸਲ ਪੱਕਣ ਦੀ ਖੁਸ਼ੀ ਵਿੱਚ ਇਹ ਤਿਓਹਾਰ ਮਨਾਇਆ ਜਾਂਦਾ ਸੀ. ਉਨਾਂ ਦੱਸਿਆ ਕਿ ਸੁਰੂਆਤੀ ਸਮੇਂ ਦੀਵਾ ਨੂੰ ਦੀਵੇ ਜਗਾ ਕੇ ਰੌਸ਼ਨੀਆਂ ਦੇ ਤਿਓਹਾਰ ਵਜੋਂ ਮਨਾਇਆ ਰਿਵਾਜ ਸੀ ਪਰ ਅੱਜ ਧਾਰਮਿਕ ਸ਼ਰਧਾ ਦੇ ਨਾਂ ਹੇਠ ਪਟਾਕਿਆਂ ਦੀ ਅੰਧਾ-ਧੁੰਦ ਵਰਤੋਂ ਨੇ ਦੀਵਾਲੀ ਨੂੰ ਵਾਤਾਵਰਨ ਦੀ ਤਬਾਹੀ ਦਾ ਸਬੱਬ ਬਣਾ ਦਿੱਤਾ ਹੈ.
ਸੁਜਾਨ ਬਡਾਲ਼ਾ ਅਤੇ ਭੁਪਿੰਦਰ ਮਦਨਹੇੜੀ ਵੱਲੋਂ ਸੁਸਾਇਟੀ ਦੀਆਂ 23 ਸ਼ਰਤਾਂ ਵਾਲ਼ਾ ਪੈਂਫਲਿਟ ਵੰਡਦਿਆਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਚੁਣੌਤੀ ਵੀ ਦੱਤੀ ਕਿ ਕੋਈ ਵੀ ਵਿਅਕਤੀ ਇਨ੍ਹਾਂ ਵਿੱਚੋਂ ਇੱਕ ਸ਼ਰਤ ਵੀ ਪੂਰੀ ਕਰਕੇ 5 ਲੱਖ ਦਾ ਇਨਾਮ ਜਿੱਤ ਸਕਦਾ ਹੈ. ਉਨਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਆਦਿ ਦੀ ਲੱਟ ਦਾ ਸ਼ਿਕਾਰ ਲੋਕਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਕਿਸੇ ‘ਬਾਬੇ’ ਦੀ ਲੁੱਟ ਦਾ ਸ਼ਿਕਾਰ ਹੈ ਤਾਂ ਉਹ ਤਰਕਸ਼ੀਲ ਸੁਸਾਇਟੀ ਨਾਲ਼ ਸੰਪਰਕ ਕਰੇ ਜਾਂ ਉਸ ਬਾਬੇ ਖਿਲਾਫ ਥਾਣੇ ਵਿੱਚ ਦੋਖਾਧੜੀ ਦਾ ਮੁਕੱਦਮਾ ਦਰਜ ਕਰਵਾਏ.
ਇਸ ਮੌਕੇ ਸੁਰਿੰਦਰ ਸਿੰਬਲ਼ ਮਾਜਰਾ, ਗੁਰਮੀਤ ਸਹੌੜਾਂ, ਅਮੀਨ ਤੇਪਲ਼ਾ ਨੇ ਪਟਾਕਿਆਂ ਸਬੰਧੀ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਨਿਰਦੇਸਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ. ਪੁਸਤਕ ਪ੍ਰਦਰਸ਼ਨੀ ਵਿੱਚ ਸ਼ਾਮਿਲ ਪੁਸਤਕਾਂ ‘ਨਸ਼ੇ ਬਿਮਾਰ ਸਮਾਜ ਦਾ ਲੱਛਣ’, ‘ਅੰਧਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ’, ‘ਤੇ ਫਿਰ ਅੱਗ ਲੱਗਣੋਂ ਬੰਦ ਹੋ ਗਈ’ ਅਤੇ ‘ਬਾਬਿਆਂ ਦਾ ਅਸਲੀ ਚੇਹਰਾ’ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ.