ਸ਼ਖਸੀਅਤ ਉਸਾਰੀ ਲਈ ਬੱਚੇ ਨੂੰ ਸਹੀ ਅਗਵਾਈ ਦੀ ਲੋੜ: ਗੁਰਮੀਤ ਖਰੜ
ਖਰੜ, 11 ਜੁਲਾਈ 2018 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸ਼ਾਇਟੀ ਪੰਜਾਬ ਦੀ ਇਕਾਈ ਖਰੜ ਦੀ ਮੀਟਿੰਗ ਜਥੇਬੰਦਕ ਮੁਖੀ ਮਾਸਟਰ ਜਰਨੈਲ ਸਹੌੜਾਂ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਦੌਰਾਨ ਇਕਾਈ ਮੁਖੀ ਨੇ ਦੱਸਿਆ ਕਿ ਪਿਛਲੇ ਸਾਲ 2017 ਵਿੱਚ ਸ਼ੁਰੂ ਕੀਤੀ ‘ਵਿਦਿਆਰਥੀ ਚੇਤਨਾ
ਪਰਖ-ਪ੍ਰੀਖਿਆ’ ਇਸ ਸਾਲ ਵੀ ਕਰਵਾਉਣ ਦਾ ਫੈਸਲਾ ਕੀਤਾ ਗਿਆ. ਅਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਊਧਮ ਸਿੰਘ ਅਤੇ ਵਿਸ਼ਵ ਪ੍ਰਸਿੱਧ ਵਿਗਿਆਨੀ ਸਟੀਫਨ ਹਾਕਿੰਗ ਨੂੰ ਸਮਰਪਿਤ ਇਹ ਪ੍ਰੀਖਿਆ 14 ਜੁਲਾਈ 2018 ਨੂੰ ਸਵੇਰੇ 10 ਵਜੇ ਤੋਂ ਦੁਪਿਹਰ 12 ਵਜੇ ਤੱਕ ਹੋਵੇਗੀ. ਇਸ ਪ੍ਰੀਖਿਆ ਵਾਸਤੇ ਦੋ ਗਰੁੱਪ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਬਣਾਏ ਗਏ ਹਨ. ਉਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਮਕਸਦ ਬੱਚਿਆਂ ਨੂੰ ਆਪਣੇ ਦੇਸ ਅਤੇ ਪੂਰੀ ਦੁਨੀਆਂ ਦੇ ਉਨਾਂ ਨਾਇਕਾਂ ਤੋਂ ਜਾਣੂ ਕਰਵਾਉਣਾ ਹੈ ਜਿਹਨਾਂ ਨੇ ਆਪਣੀ ਜਿੰਦਗੀ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕੀਤੀ. ਇਸ ਮੀਟਿੰਗ ਵਿੱਚ ਵਿਸ਼ੇਸ ਤੌਰ ‘ਤੇ ਸ਼ਾਮਲ ਹੋਏ ਜ਼ੋਨਲ ਆਗੂ ਪਿੰਸੀਪਲ ਗੁਰਮੀਤ ਖਰੜ੍ਹ ਨੇ ਦੱਸਿਆ ਕਿ ਹਰੇਕ ਬੱਚੇ ਦਾ ਸਕੂਲੀ ਪੜ੍ਹਾਈ ਦਾ ਮੁਢਲਾ ਸਮਾਂ ਅਤੇ ਸਕੂਲ ਜਾਣ ਤੋਂ ਪਹਿਲਾਂ ਦਾ ਸਾਰਾ ਸਮਾਂ, ਉਸ ਦੀ ਸ਼ਖਸੀਅਤ ਉਸਾਰੀ ਲਈ ਬੇਹੱਦ ਅਹਿਮ ਹੁੰਦਾ ਹੈ. ਇਹੀ ਉਹ ਸਮਾਂ ਹੁੰਦਾ ਹੈ ਜਦੋਂ ਬੱਚਾ ਪਰਿਵਾਰਕ ਅਤੇ ਸਮਾਜਿਕ ਆਲ਼ੇ-ਦੁਆਲ਼ੇ ਬਾਰੇ ਮੁਢਲੀ ਜਾਣਕਾਰੀ ਹਾਸਲ ਕਰਦਾ ਹੈ. ਇਸ ਸਮੇਂ ਬੱਚੇ ਨੂੰ ਸਹੀ ਅਗਵਾਈ ਦੀ ਲੋੜ ਹੁੰਦੀ ਹੈ. ਉਨਾਂ ਚਿੰਤਾ ਜਾਹਰ ਕੀਤੀ ਕਿ ਅੱਜ ਨੌਜਵਾਨਾਂ ਦੇ ਦਿਮਾਗਾਂ ਉੱਤੇ ਇੰਟਰਨੈੱਟ ਦੀ ਪਕੜ ਦਿਨੋਂ-ਦਿਨ ਮਜਬੂਤ ਹੁੰਦੀ ਜਾ ਰਹੀ ਹੈ. ਇਸ ਰੁਝਾਨ ਨੂੰ ਠੱਲ ਪਾਉਣ ਵਾਸਤੇ ਨੌਜਵਾਨ ਪੀੜੀ ਨੂੰ ਪੁਸਤਕਾਂ ਨਾਲ਼ ਜੋੜਨ ਦੇ ਯਤਨ ਕਰਨੇ ਚਾਹੀਦੇ ਹਨ. ਸਿਰਫ ਸਕੂਲਾਂ ਕਾਲਜਾਂ ਵਿੱਚ ਹੀ ਨਹੀਂ ਬਲਕਿ ਪਿੰਡਾਂ ਅਤੇ ਸਹਿਰਾਂ ਦੇ ਹਰੇਕ ਗਲ਼ੀ-ਮੁਹੱਲੇ ਵਿੱਚ ਲਾਇਬਰੇਰੀ ਸਥਾਪਤ ਹੋਵੇ ਤਾਂਕਿ ਉਸਾਰੂ ਸਾਹਿਤ ਬੱਚਿਆਂ ਤੱਕ ਪਹੁੰਚ ਸਕੇ. ਇਕਾਈ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਦੀ ਪ੍ਰੀਖਿਆ ਦਾ ਅਸਲ ਮਕਸਦ ਬਾਲ-ਚੇਤਨਾ ਅੰਦਰ ਸਵਾਲ ਖੜ੍ਹੇ ਕਰਨ ਦੀ ਯੋਗਤਾ ਪੈਦਾ ਕਰਨਾ ਹੈ ਕਿਉਂਕਿ ਸਵਾਲ ਹੀ ਗਿਆਨ ਪ੍ਰਾਪਤੀ ਦੀ ਪਹਿਲੀ ਪੌੜੀ ਹੁੰਦੇ ਹਨ. ਇਸ ਮੀਟਿੰਗ ਵਿੱਚ ਹਾਜ਼ਰ ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਬਲ਼ ਮਾਜਰਾ, ਸੁਜਾਨ ਬਡਾਲ਼ਾ, ਆਮੀਨ ਤੇਪਲ਼ਾ, ਗਿਆਨ ਸਿੰਘ ਆਦਿ ਤਰਕਸ਼ੀਲ ਆਗੂਆਂ ਦੀਆਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨਾਲ਼ ਸਬੰਧਿਤ ਵੱਖ-ਵੱਖ ਕੰਮਾਂ ਵਾਸਤੇ ਡਿਊਟੀਆਂ ਲਗਾਈਆਂ ਗਈਆਂ.