ਚੇਤਨਾ ਪਰਖ ਪ੍ਰੀਖਿਆ ਦਾ ਮੰਤਵ ਸੋਚਣ ਢੰਗ ਵਿਗਿਆਨਿਕ ਬਣਾਉਣਾ: ਅਜੀਤ ਪ੍ਰਦੇਸੀ

ਖਰੜ, 30 ਅਗਸਤ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ 24 ਸਤੰਬਰ 2017 ਨੂੰ ਪੂਰੇ ਪੰਜਾਬ ਵਿੱਚ 'ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ' ਕਰਵਾਈ ਜਾ ਰਹੀ ਹੈ. ਇਹ ਸੂਚਨਾ ਜ਼ੋਨ ਚੰਡੀਗ੍ਹੜ ਦੀਆਂ ਸਮੂਹ ਇਕਾਈਆਂ ਦੀ ਖਰੜ ਵਿਖੇ ਹੋਈ

ਮੀਟਿੰਗ ਵਿੱਚ ਵਿਸ਼ੇਸ ਤੌਰ 'ਤੇ ਪੁੱਜੇ ਸੂਬਾ ਕਮੇਟੀ ਦੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਅਜੀਤ ਪ੍ਰਦੇਸੀ ਵੱਲੋਂ ਦਿੱਤੀ ਗਈ. ਮੀਟਿੰਗ ਦੌਰਾਨ ਸੂਬਾਈ ਆਗੂ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਮੰਤਵ ਵਿਦਿਆਰਥੀ ਵਰਗ ਵਿੱਚੋਂ ਅੰਧ-ਵਿਸ਼ਵਾਸ ਕੱਢ ਕੇ ਉਨਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣਾ, ਵਿਦਿਆਰਥੀਆਂ ਨੂੰ ਸ਼ਾਨਾਮੱਤੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਅਤੇ ਉਨਾਂ ਨੂੰ ਫਿਲਮੀ ਨਾਇਕਾਂ ਦੀ ਥਾਂ ਸਮਾਜ ਦੇ ਅਸਲ ਨਾਇਕਾਂ ਦੇ ਰੂ-ਬ-ਰੂ ਕਰਵਾਉਣਾ ਹੈ. ਇਸ ਪ੍ਰੀਖਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਜ਼ੋਨ ਚੰਡੀਗ੍ਹੜ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਸਿਰਫ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ. ਜ਼ੋਨ ਮੁਖੀ ਨੇ ਜਾਣਕਾਰੀ ਦਿੱਤੀ ਕਿ ਹਰੇਕ ਪ੍ਰੀਖਿਆ ਕੇਂਦਰ ਵਿੱਚ ਘੱਟੋ-ਘੱਟ 25 ਵਿਦਿਆਰਥੀ ਹੋਣੇ ਜਰੂਰੀ ਹਨ, ਇਸ ਤੋਂ ਵਾਧੂ ਇੱਕ ਸਕੂਲ ਦੇ ਕਿੰਨੇ ਵੀ ਪ੍ਰਤੀਯੋਗੀ ਭਾਗ ਲੈ ਸਕਦੇ ਹਨ. ਉਨਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ ਨੂੰ ਆਪਣੇ ਸਕੂਲ ਮੁਖੀ ਵੱਲੋਂ ਤਸਦੀਕਸੁਦਾ ਫਾਰਮ ਭਰ ਕੇ ਦੇਣਾ ਹੋਵੇਗਾ. ਹਰੇਕ ਕਂੇਦਰ ਵਿੱਚੋਂ ਪਹਿਲੇ ਤਿੰਨ ਸਥਾਨਾਂ ਉਤੇ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਸਨਮਾਨ ਚਿੰਨ+200 ਰੁਪਏ ਦੇ ਮੁੱਲ ਦੀਆਂ ਕਿਤਾਬਾਂ ਦਾ ਸੈੱਟ+ ਸਰਟੀਫਿਕੇਟ ਅਤੇ ਇੱਕ ਸਾਲ ਵਾਸਤੇ ਤਰਕਸ਼ੀਲ ਮੈਗਜ਼ੀਨ ਦੇਕੇ ਸਨਮਾਨਿਤ ਕੀਤਾ ਜਾਵੇਗਾ .ਇਸ ਮੌਕੇ ਸਰਹਿੰਦ ਤੋਂ ਜ਼ੋਨਲ ਆਗੂ ਬਲਦੇਵ ਜਲਾਲ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਮਾਪਿਆਂ ਨੂੰ ਸੁਨੇਹਾ ਹੈ ਕਿ ਬੱਚਿਆਂ ਨੂੰ ਵਧੀਆ ਇਨਸਾਨ ਬਣਨ ਦੀ ਟਰੇਨਿੰਗ ਵੀ ਦਿੱਤੀ ਜਾਵੇ ਕਿਉਂਕਿ ਮਨੁੱਖੀ ਸਮਾਜ ਨੂੰ ਖੂਬਸੁਰਤ ਬਣਾਉਣ ਲਈ ਅਫਸਰਾਂ ਦੇ ਨਾਲ਼-ਨਾਲ਼ ਵਧੀਆ ਇਨਸਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ. ਇਸ ਮੀਟਿੰਗ ਵਿੱਚ ਜ਼ੋਨ ਦੀਆਂ ਵੱਖ-ਵੱਖ ਇਕਾਈਆਂ ਦੇ ਨੁਮਾਇੰਦੇ ਹਾਜ਼ਰ ਸਨ.