ਗੁੱਤਾਂ ਕੱਟਣ ਦੀਆਂ ਘਟਨਾਵਾਂ ਸਮਾਜ ਦੀ ਬਿਮਾਰ ਮਾਨਸਿਕਤਾ: ਡਾ.ਮਜੀਦ ਅਜਾਦ

ਗੁੱਤਾਂ ਕੱਟਣ ਦੀਆਂ ਘਟਨਾਵਾਂ ਸਮਾਜ ਦੀ ਬਿਮਾਰ ਮਾਨਸਿਕਤਾ: ਡਾ. ਮਜੀਦ ਅਜਾਦ

ਮਾਲੇਰਕੋਟਲਾ, 9 ਅਗਸਤ(ਸਰਾਜ ਸੰਧੂ): ਪਿਛਲੇ ਕੁਝ ਦਿਨਾਂ ਤੋਂ ਦੇਸ ਦੇ ਵੱਖ ਵੱਖ ਸੂਬਿਆਂ ਜਿਨਾਂ ਵਿੱਚ ਹੁਣ ਪੰਜਾਬ ਵੀ ਸ਼ਾਮਿਲ ਹੋ ਗਿਆ ਹੈ ਔਰਤਾਂ ਦੀਆਂ ਗੁੱਤਾਂ ਕੱਟਣ ਦੀਆਂ ‘ਸ਼ੱਕੀ ਘਟਨਾਵਾਂ’ ਬਾਰੇ ਗੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਦੇ ਜੱਥੇਬੰਦਕ ਮੁਖੀ ਡਾ. ਮਜੀਦ

ਅਜਾਦ ਨੇ ਕਿਹਾ ਕਿ ਸਾਡੇ ਦੇਸ ਦੇ ਲੋਕ ਅੰਧਵਿਸ਼ਵਾਸਾਂ ਵਿੱਚ ਇਸ ਕਦਰ ਗੜੁੰਦ ਹਨ ਕਿ ਇਹ ਕਿਸੇ ਵੀ ਕਿਸਮ ਦੀ ਅਫਵਾਹ ਨੂੰ ਮੰਨਣ ਹੀ ਨਹੀਂ ਲੱਗ ਜਾਂਦੇ ਬਲਕਿ ਉਸ ਦਾ ਆਪ ਹਿੱਸਾ ਬਣ ਕੇ ਅੱਗੇ ਤੋਂ ਅੱਗੇ ਫੈਲਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ.ਉਨਾਂ ਕਿਹਾ ਕਿ ‘ਭੇਢ-ਚਾਲ’ ਵਾਲ਼ਾ ਮੁਹਾਵਰਾ ਸਾਡੇ ਦੇਸ ਦੀ ਬਹੁ-ਗਿਣਤੀ ਜਨਤਾ ਉੱਤੇ ਪੂਰੀ ਤਰਾਂ ਢੁੱਕਦਾ ਹੈ. ਉਨਾਂ ਅੱਗੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿੱਚ ਅਜਿਹੀਆਂ ਕਥਿਤ ਗੁੱਤ ਕੱਟਣ ਦੀਆਂ ਵਾਪਰ ਰਹੀਆਂ ਕਈ ਘਟਨਾਵਾਂ ਦਾ ਤਰਕਸ਼ੀਲ ਸੁਸਾਇਟੀ ਵਲੋਂ ਘਟਨਾ ਸਥਾਨ ਤੇ ਜਾਕੇ ਪੜਤਾਲ਼ ਕਰਨ ਉਪਰੰਤ ਇਹ ਸਿੱਟਾ ਨਿਕਲਿਆ ਹੈ ਕਿ ਇਨ੍ਹਾਂ ਘਟਨਾਵਾਂ ਪਿਛੇ ਕਿਸੇ ਅਖੌਤੀ ਭੂਤ-ਪ੍ਰੇਤ ਜਾਂ ਅਖੌਤੀ ਗੈਬੀ ਸ਼ਕਤੀ ਦਾ ਕੋਈ ਹੱਥ ਨਹੀਂ. ਇਸ ਸਾਰੇ ਕੁਝ ਨੂੰ ਕੁਝ ਲੋਕਾਂ ਵਲੋਂ ਲੋਕਾਂ ’ਚ ਭੈਅ ਫਲਾਇਆ ਜਾ ਰਿਹਾ ਹੈ. ਇਹ ਵਾਲ ਕਟਣ ਦੀਆਂ ਘਟਨਾਵਾਂ ਔਰਤਾਂ ਤੇ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਨਾਲ ਵਾਪਰ ਰਹੀਆਂ ਹਨ. ਅਸਲ ਵਿਚ ਅਜਿਹੀਆਂ ਘਟਨਾਵਾਂ ਪਿਛੇ ਔਰਤਾਂ ਅਤੇ ਲੜਕੀਆਂ ਦੇ ਆਪਣੇ ਕਿਸੇ ਨਾ ਕਿਸਮ ਦੇ ਨਿੱਜੀ ਮਸਲੇ ਹਨ. ਲੋਕਾਂ ਨੂੰ ਇਨ੍ਹਾਂ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅਫਵਾਹਾਂ ਦਾ ਸ਼ਿਕਾਰ ਹੋ ਕੇ ਲੋਕ ਹੋਰ ਵਧ ਨੁਕਸਾਨ ਕਰਨ ਵਲ ਵਧਦੇ ਹਨ. ਜਿਥੇ ਕਿਤੇ ਅਜਿਹੀ ਘਟਨਾ ਵਾਪਰਦੀ ਹੈ, ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੇੜਲੀ ਤਰਕਸ਼ੀਲ ਸੁਸਾਇਟੀ ਦੀ ਇਕਾਈ ਨਾਲ ਤਾਲਮੇਲ ਪੈਦਾ ਕਰਨ. ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲਧਿਆਣਾ ਦੇ ਮੁਖੀ ਦਲਵੀਰ ਕਟਾਣੀ ਨੇ ਇਸ ਸਬੰਧੀ ਅਗੇ ਚੈਲੰਜ ਜਾਰੀ ਕੀਤਾ ਹੈ ਕਿ ਜੇਕਰ ਕੋਈ ਅਖੌਤੀ ਤਾਂਤਰਿਕ ਜਾਂ ਕੋਈ ਹੋਰ ਅਜਿਹੀਆਂ ਘਟਨਾਵਾਂ ਪਿਛੇ ਕਿਸੇ ਗੈਬੀ ਸ਼ਕਤੀ ਦਾ ਹਥ ਸਾਬਤ ਕਰ ਦੇਵੇ ਤਾਂ ਸੁਸਾਇਟੀ ਵਲੋਂ ਰਖਿਆ ਪੰਜ ਲਖ ਰੁਪੈ ਦਾ ਇਨਾਮ ਉਸਨੂੰ ਦਿੱਤਾ ਜਾਵੇਗਾ.