ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਸੋਸ਼ਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ

ਮਤੋਈ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ

ਮਾਲੇਰਕੋਟਲਾ, 27 ਮਈ (ਸੋਨੀ ਉਕਸੀ): ਇੱਥੇ ਮਾਲੇਰਕੋਟਲਾ ਨੇੜਲੇ ਪਿੰਡ ਮਤੋਈ ਦੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ. ਸਮਾਗਮ ਦੀ ਸ਼ੁਰੂਆਤ ਸਕੂਲ ਅਧਿਆਪਕ ਸ਼ਾਹਿਦ

ਪ੍ਰਵੇਜ ਦੁਅਰਾ ਤਰਕਸ਼ੀਲ ਆਗੂਆਂ ਨੂੰ ‘ਜੀ ਆਇਆ ਨੂੰ’ ਕਹਿੰਦਿਆਂ ਕੀਤੀ ਗਈ. ਇਸ ਮੌਕੇ ਤਰਕਸ਼ੀਲ ਆਗੂ ਦਰਬਾਰਾ ਸਿੰਘ ਉਕਸੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ  ਜਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਅੰਧ-ਵਿਸਵਾਸ਼ਾਂ, ਵਹਿਮਾਂ-ਭਰਮਾਂ ਵਿਚੋਂ ਨਿਕਲਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਆਉਣਾ ਚਾਹੀਦਾ ਹੈ. ਉਹਨਾਂ ਕਿਹਾ ਕਿ ਲਾਈਲੱਗਤਾ ਤਿਆਗਕੇ ਹਰ ਘਟਨਾ ਦੇ ਪਿਛੇ ਵਾਪਰਦੇ ਕਾਰਨਾਂ ਨੂੰ ਜਾਨਣਾ ਚਾਹੀਦਾ ਹੈ ਅਤੇ ਘਟਨਾ ਦੀ ਕੀ, ਕਿਉਂ , ਕਿਵੇਂ ਆਦਿ ਨਾਲ ਪੜਤਾਲ ਕਰਨੀ ਚਾਹੀਦੀ ਹੈ.

ਇਸ ਮੌਕੇ ਇਕਾਈ ਮਾਲੇਰਕੋਟਲਾ ਦੇ ਆਗੂ ਡਾ. ਮਜੀਦ ਅਜਾਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕਾ ਯੁੱਗ ਜਿੱਥੇ ਸੂਚਨਾ ਦਾ ਦੌਰ ਹੈ, ਇਸ ਦੇ ਨਾਲ ਸੋਸ਼ਲ ਮੀਡੀਆ ਨੂੰ ਸ਼ਰਾਰਤੀ ਅਨਸਰਾਂ ਦੁਆਰਾ ਅੰਧ-ਵਿਸਵਾਸ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ, ਇਸ ਲਈ ਇਸ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ. ਕਿਤੇ ਵੀ ਕੋਈ ਭੂਤ-ਪ੍ਰੇਤ ਕੋਈ ਹੋਂਦ ਨਹੀਂ, ਸਗੋਂ ਭੂਤ-ਜਿੰਨ ਕੱਢਣ ਦੇ ਨਾਮ ਤੇ ਭੋਲੇ-ਭਾਲੇ ਲੋਕਾਂ ਵਿੱਚ ਡਰ ਪੈਦਾ ਕਰਕੇ ਉਹਨਾਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕੀਤੀ ਜਾਂਦੀ ਹੈ. ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਵੀ ਵਿਆਕਤੀ ਆਪਣੇ ਪਾਸ ਜਿੰਨ-ਭੂਤ ਜਾਂ ਗੈਬੀ ਸ਼ਕਤੀ ਹੋਣ ਦਾ ਦਾਅਵਾ ਕਰਦਾ ਹੈ, ਤਾਂ ਉਹ ਤਰਕਸ਼ੀਲ ਸੁਸਾਇਟੀ ਦਾ ਚੈਲੰਜ ਕਬੂਲ ਕਰੇ ਅਤੇ 25 ਲੱਖ ਰੁਪਏ ਦਾ ਇਨਾਮ ਜਿੱਤੇ.

ਸਮਾਗਮ ਦੇ ਅੰਤ ਵਿੱਚ ਤਰਕਸ਼ੀਲ ਆਗੂਆਂ ਦਾ ਧੰਨਵਾਦ ਸਕੂਲ ਇੰਚਾਰਜ ਖਾਲਿਦ ਮਹਿਮੂਦ ਵਲੋਂ ਕੀਤਾ ਗਿਆ. ਇਸ ਮੌਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ‘ਹਰੀ ਸਿੰਘ ਰੋਹੀੜਾਦੁਆਰਾ ਦਿੱਤੇ ਗਏ. ਨੌਜਵਾਨਾਂ ਵਿੱਚ ਸਵਾਲ ਪੁੱਛਣ ਨੂੰ ਉਤਸ਼ਾਹ ਦੇਣ ਲਈ ‘ਸੱਭ ਤੋਂ ਵਧੀਆ ਸਵਾਲ’ ਮੁਕਾਬਲੇ ਵਿੱਚ ਕਲਾਸ ਨੌਵੀਂ ਦੀ ਵਿਦਿਆਰਥਣ ਸਰਬਜੀਤ ਕੌਰ ਨੂੰ ਤਰਕਸ਼ੀਲ ਸੁਸਾਇਟੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ. ਹੋਰਨਾਂ ਤੋਂ ਬਿਨਾਂ ਡਾ. ਮੁਹੰਮਦ ਸਮਸ਼ਾਦ ਵੈਟਰਨਰੀ ਅਫਸਰ, ਸੋਨੀ ਉਕਸੀ ਨੇ ਵੀ ਸੰਬੋਧਨ ਕੀਤਾ.

powered by social2s