ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਬਲਵਿੰਦਰ ਬਰਨਾਲਾ ਬਣੇ ‘ਫੀਰਾ’ ਦੇ ਮੁੜ ਕੌਮੀ ਜਨਰਲ ਸਕੱਤਰ

ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸ਼ੀਏਸ਼ਨਜ਼ (ਫੀਰਾ) ਦਾ ਹੋਇਆ ਦੋ ਰੋਜ਼ਾ ਇਜ਼ਲਾਸ

ਨਾਰਵੇ ਤੋਂ ਮਿਸਟਰ ਰਾਬਰਟ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪੰਜਾਬ ਤੋਂ 42 ਮੈਂਬਰੀ ਵਫ਼ਦ ਨੇ ਲਵਾਈ ਹਾਜ਼ਰੀ

ਬਰਨਾਲਾ, 12 ਮਾਰਚ(ਪ੍ਰਸੋਤਮ ਬੱਲੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਮੁਖੀ ਬਲਵਿੰਦਰ ਬਰਨਾਲਾ ਸਮੁੱਚੇ ਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ 'ਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਸਾਰ ਹਿੱਤ ਕੰਮ ਕਰਦੀਆਂ 80 ਤੋਂ ਜਿਆਦਾ ਜਥੇਬੰਦੀਆਂ ’ਤੇ ਅਧਾਰਿਤ ਕੌਮੀ ਪੱਧਰ ਤੇ ਗਠਿਤ ਜਥੇਬੰਦੀ

ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸ਼ੀਏਸ਼ਨਜ਼ (ਫੀਰਾ) ਦੇ ਮੁੜ ਦੋ ਸਾਲਾਂ ਲਈ ਸਰਬਸੰਮਤੀ ਨਾਲ ਕੌਮੀ ਜਨਰਲ ਸਕੱਤਰ ਚੁਣੇ ਗਏ. ਇਸ ਤੋਂ ਇਲਾਵਾ ਪੰਜਾਬ ਤੋਂ ਪਟਿਆਲਾ ਵਾਸੀ ਹਰਚੰਦ ਸਿੰਘ ਭਿੰਡਰ ਖ਼ਜਾਨਚੀ ਵਜੋਂ ਅਤੇ ਡਾ. ਅਮਰਜੀਤ ਕੌਰ ਇਸਤਰੀ ਵਿੰਗ ਦੀ ਸਕੱਤਰ ਚੁਣੇ ਗਏ.

ਚੋਣ ਉਪਰੰਤ ਇੱਥੇ ਪੁੱਜੇ ਬਲਵਿੰਦਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਕੇਰਲਾ ਦੀ ਰਾਜਧਾਨੀ ‘ਤਿਰਵੇਂਦਰਮ’ ਵਿਖੇ ਬੀ.ਟੀ.ਆਰ. ਭਵਨ ਵਿਖੇ ਹੋਏ ਇਸ ਕੌਮੀ ਚੋਣ ਇਜ਼ਲਾਸ-ਕਮ-ਕਾਨਫਰੰਸ ਵਿੱਚ ਪੰਜਾਬ ਤੋਂ ਕੁੱਲ 42 ਡੈਲੀਗੇਟਸ/ਦਰਸ਼ਕਾਂ ਨੇ ਸ਼ਮੂਲੀਅਤ ਕੀਤੀ. ਦੋ ਸਾਲ ਦੇ ਵਕਫ਼ੇ ਉਪਰੰਤ ਹੋਈ ਇਸ ਕਾਨਫਰੰਸ ਦਾ ਪਹਿਲਾ ਸੈਸ਼ਨ 3 ਤਰਕਸ਼ੀਲ ਸ਼ਹੀਦਾਂ ਡਾ. ਨਰਿੰਦਰ ਦਬੋਲਕਰ, ਡਾ. ਐਮ.ਐਮ. ਕੁਲਬੁਰਗੀ ਅਤੇ ਕਾਮਰੇਡ ਗੋਬਿੰਦ ਪਨਸਾਰੇ ਨੂੰ ਸਰਧਾਂਜ਼ਲੀਆਂ ਭੇਂਟ ਕਰਨ ਉਪਰੰਤ ਆਰੰਭ ਹੋਇਆ. ਇਸ ਉਪਰੰਤ ਫੀਰਾ ਦੇ ਕੌਮੀ ਪ੍ਰਧਾਨ ਡਾ. ਨਾਰਿੰਦਰ ਨਾਇਕ ਨੇ ਹਾਜਰ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ. ਇਸ ਓਪਰੰਤ ‘ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ’ ਵਿਸ਼ੇ ਉੱਪਰ ਆਪਣਾ ਪੇਪਰ ਪੜ੍ਹਦਿਆਂ ਉੜੀਸਾ ਦੇ ਡਾ. ਦਨੇਸ਼ਵਰ ਸਾਹੂ ਨੇ ਕਿਹਾ ਕਿ ਭਾਰਤ ਸਰਕਾਰੀ ਸ਼ਹਿ ਪ੍ਰਾਪਤ ਇੱਕ ਖਾਸ ਤਰ੍ਹਾਂ ਦੇ ਫਾਸ਼ਿਜਮ ਦੀ ਮਾਰ ਹੇਠ ਹੈ, ਜਿਸ ਦੀ ਜਮਹੂਰੀਅਤ ਅੰਦਰ ਕੋਈ ਥਾਂ ਨਹੀ ਹੁੰਦੀ. ਕਿਉਂਕਿ ਜਮਹੂਰੀਅਤ ਅੰਦਰ ਵਿਚਾਰਾਂ ਦੇ ਵਖਰੇਵਿਆਂ ਦਾ ਹੋਣਾ ਇੱਕ ਸੁਭਾਵਿਕ ਵਰਤਾਰਾ ਹੈ. ਦੂਸਰੇ ਸੈਸ਼ਨ ਵਿੱਚ ਬਲਵਿੰਦਰ ਬਰਨਾਲਾ ਵੱਲੋਂ ਪਿਛਲੇ ਕਾਰਜ਼ਕਾਲ ਦੌਰਾਨ ‘ਫੀਰਾ’ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ. ਜਿਸ ਸਬੰਧੀ ਡਾ. ਸੁਰੇਸ਼ ਘੋੜੇਰਾਓ, ਡਾ. ਈ.ਟੀ. ਰਾਓ, ਮੁਹੰਮਦ ਸਕੂਰ ਅਤੇ ਕੇਰਲਾ ਦੇ ਯੂ ਕਲਾਨਾਥਨ ਨੇ ਟਿੱਪਣੀਆਂ ਤੇ ਵਿਚਾਰ ਰੱਖੇ.

ਦੂਸਰੇ ਦਿਨ ਦੇ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਨਾਰਵੇ ਤੋਂ ਪੁੱਜੇ ਅੰਤਰਰਾਸ਼ਟਰੀ ਐਥੀਕਲ ਅਤੇ ਹਿਊਮਨਿਸਟ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਮਿਸਟਰ ਰਾਬਰਟ ਨੇ ਤਰਕਸ਼ੀਲਤਾ ਦੇ ਪ੍ਰਭਾਵ ਸਬੰਧੀ ਡਾਟਾਬੇਸ ਅਧਿਐਨ ਪੇਸ਼ ਕਰਦਿਆਂ ਸਾਬਤ ਕਰਨ ਦੀ ਭਰਪੂਰ ਕੋਸ਼ਿਸ ਕੀਤੀ ਕਿ ਮਾਨਵੀ ਸਮਾਜ ਦੇ ਗਿਣਨਯੋਗ ਹਿੱਸੇ ਅੰਦਰ ਦਲੀਲ ਭਾਰੂ ਹੋ ਰਹੀ ਹੈ. ਨਿਰੋਲ ਵਿਸ਼ਵਾਸ਼ ਅਧਾਰਿਤ ਧਾਰਨਾਵਾਂ 'ਤੇ ਬਾ-ਦਲੀਲ ਸੁਆਲ ਉੱਠ ਰਹੇ ਹਨ. ਉਨ੍ਹਾਂ ਦੱਸਿਆ ਕਿ ਨੀਦਰਲੈਂਡ, ਨਾਰਵੇ, ਸਵਿਟਜ਼ਰਲੈਂਡ, ਆਸਟਰੀਆ, ਡੈਨਮਾਰਕ, ਅਸਟ੍ਰੇਲੀਆ ਆਦਿ ਦੇਸ਼ ‘ਧਰਮ’ ਰਹਿਤ ਦੇਸ਼ ਹਨ. ਪ੍ਰੰਤੂ ਲੋਕਾਂ ਲਈ ਜੀਵਨ ਜਿਉਣ ਹਾਲਤਾਂ ਬੇਹਤਰੀਨ ਹਨ. ਉਹਨਾਂ ਨਾਰਵੇ ਦੇ ਲੋਕਾਂ ਦੀ ਨਰੋਈ ਸਿਹਤ, ਅਨੁਸ਼ਾਸ਼ਨ ਤੇ ਵਿਸ਼ਵਾਸ਼ਯੋਗਤਾ ਸਬੰਧੀ ਵੀਡੀਓਗ੍ਰਾਫੀ ਵੀ ਸਾਂਝੀ ਕੀਤੀ. ਇਸ ਉਪਰੰਤ ਚੋਂਣ ਹੋਈ. ਨਵੀਂ ਆਗੂ ਟੀਮ 'ਚ ਜਿੱਥੇ ਪੰਜਾਬ ਤੋਂ ਬਲਵਿੰਦਰ ਬਰਨਾਲਾ ਅਤੇ ਹਰਚੰਦ ਭਿੰਡਰ ਪਟਿਆਲਾ ਕ੍ਰਮਵਾਰ ਕੌਮੀ ਜਨਰਲ ਸਕੱਤਰ ਤੇ ਖ਼ਜਾਨਚੀ ਵਜੋਂ ਮੁੜ ਚੁਣੇ ਗਏ ਤੇ ਪਟਿਆਲਾ ਦੀ ਹੀ ਡਾ. ਅਮਰਜੀਤ ਕੌਰ ਇਸਤਰੀ ਵਿੰਗ ਦੀ ਸਕੱਤਰ ਬਣੇ ਉੱਥੇ ਮੈਂਗਲੋਰ ਰੈਸ਼ਨਾਲਿਸਟ ਸੁਸਾਇਟੀ (ਕਰਨਾਟਕ) ਦੇ ਡਾ. ਨਰਿੰਦਰ ਨਾਇਕ ਮੁੜ ਕੌਮੀ ਪ੍ਰਧਾਨ ਚੁਣੇ ਗਏ. ਜਦਕਿ ਉੜੀਸਾ ਰੈਸ਼ਨਾਲਿਸਟ ਫੋਰਸ ਦੇ ਈ.ਟੀ.ਰਾਓ, ਕੇਰਲਾ ਦੀ ਪੈਰੀਆਰ ਰੈਸ਼ਨਾਲਿਸਟ ਫੋਰਮ ਦੇ ਲਾਲ ਸਲਾਮ ਅਤੇ  ਮਹਾਂਰਾਸ਼ਟਰ ਅੰਧ ਸ਼ਰਧਾ ਨਿਰਮੂਲਣ ਸੰਮਿਤੀ ਮਹਾਂਰਾਸ਼ਟਰ ਦੇ ਅਵਿਨਾਸ਼ ਪਾਟਿਲ ਮੀਤ ਪ੍ਰਧਾਨ, ਉੜੀਸਾ ਦੇ ਡਾ. ਦਨੇਸ਼ਵਰ ਸਾਹੂ, ਮਹਾਂਰਾਸ਼ਟਰ ਦੇ ਡਾ. ਸੁਰੇਸ਼ ਘੋੜੇਰਾਓ, ਆਂਧਰਾ ਦੇਸ਼ੰਬਾ ਸ਼ਿਵ ਰਾਓ, ਤੇਲੰਗਾਨਾ ਦੇ ਐਲਾਗਿਰੀ ਸਵਾਮੀ, ਤਾਮਿਲਨਾਡੂ ਦੇ ਰਾਜਾ ਸੁਰੇਸ਼ ਅਤੇ ਗੋਆ ਦੇ ਆਰ.ਜੀ. ਰਾਓ ਸਕੱਤਰ ਐਡਵੋਕੇਟ ਚੈਲੀਮੇਲਾ ਰਾਜੇਸ਼ਵਰ ਅਤੇ ਗਿਰੀਧਿਰ ਰਾਉ ਜਥੇਬੰਦਕ ਸਕੱਤਰ ਚੁਣੇ ਗਏ.

ਇਸ ਦੋ ਦਿਨਾਂ ਦੀ ਕਾਨਫਰੰਸ ਦੇ ਦੋਰਾਨ ਸਭਿਆਚਾਰਕ ਪ੍ਰੋਗਰਾਮ ਅਤੇ ਪਬਲਿਕ ਮੀਟਿੰਗ ਵੀ ਹੋਈ ਜਿਸ ਵਿੱਚ ਵਿਸ਼ੇਸ ਤੌਰ ਤੇ ਤੇਲੰਗਾਨਾ ਦੀ ਕਲਚਰ ਟੀਮ ਨੇ ਸਮੂਹਿਕ ਗਾਣ ਪੇਸ਼ ਕੀਤੇ ਅਤੇ ਪੰਜਾਬ ਤੋਂ ਗਏ ਡੈਲੀਗੇਟਾਂ ਨੇ ਵੀ ਸਰਗਰਮ ਭੁਮਿਕਾ ਨਿਭਾਉਂਦੇ ਹੋਏ ਇੰਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ ਤੇ ਪਬਲਿਕ ਮਟਿੰਗ ਵਿੱਚ ਵੀ ਸਰਗਰਮੀ ਨਾਲ ਹਿਸਾ ਲਿਆ.

powered by social2s