ਡੇਰਾ ਬੱਡਰੁਖਾਂ ਦੀ ਸੱਪ ਦੇ ਡੰਗੇ ਦੀ ਦਵਾਈ ਸੁਆਹ ਦੀ ਚੁੱਟਕੀ ਤੋਂ ਵੱਧ ਨਹੀਂ: ਡਾ.ਅਜਾਦ

ਤਰਕਸ਼ੀਲ ਸੁਸਾਇਟੀ ਨੇ ਸਰਕਾਰ ਨੂੰ ਪੱਤਰ ਲਿਖਕੇ ਬਾਬੇ ਖਿਲਾਫ ਕੀਤੀ ਜਾਂਚ ਦੀ ਮੰਗ

ਮਾਲੇਰ ਕੋਟਲਾ, 10 ਜੂਨ (ਸਰਾਜ ਅਨਵਰ):  ਪਿਛਲੇ ਦਿਨੀਂ ਪਿੰਡ ਢਡੋਗਲ ਦੇ ਵਾਸੀ ਛੀਨਾ ਸਿੰਘ ਦੀ ਅੱਠਵੀਂ ਚ ਪੜਦੀ ਲੜਕੀ ਗਗਨਦੀਪ ਕੌਰ ਦਾ ਸੱਪ ਦੇ ਡੱਸਣ ਨਾਲ ਹੋਈ ਮੌਤ ਦਾ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਮਾਲੇਰ ਕੋਟਲਾ ਨੇ ਨੋਟਿਸ  ਲਿਆ ਸੀ, ਅਤੇ ਇਸ ਅਤਿ-ਦੁਖਦਾਈ ਘਟਨਾ ਸਬੰਧੀ ਜਿਲ੍ਹਾ ਪ੍ਰਸਾਸ਼ਨ ਨੂੰ

ਸ਼ਿਕਾਇਤ ਭੇਜ ਕੇ ਗਗਨਦੀਪ ਕੌਰ ਦੀ ਮੌਤ ਲਈ ਜੁੰਮੇਵਾਰ ਬੱਡਰੁਖਾਂ ਵਾਲੇ ਸੱਪ ਦੇ ਡੱਸੇ ਦਾ ਇਲਾਜ ਕਰਨ ਵਾਲੇ ਤਾਂਤਰਿਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ.

ਇਸ ਸਬੰਧੀ ਮੀਡੀਆ ਰਾਹੀਂ ਡੇਰਾ ਬੱਡਰੁੱਖਾਂ ਦੇ ਸਮਰਥਕਾਂ ਵਲੋਂ ਦਿੱਤੇ ਗਏ ਪ੍ਰਤੀਕਰਮ ਜਿਸ ਵਿੱਚ ਉਹਨਾਂ ਮੋਹਿੰਦਰ ਸਿੰਘ ਦੇ ਵੈਦ ਹੋਣ ਅਤੇ ਦੇਸੀ ਦਵਾਈ ਨਾਲ ਸੱਪ ਦੇ ਡੰਗ ਦਾ ਸੱਠ-ਸੱਤਰ ਸਾਲਾਂ ਤੋਂ ਸਫਲ ਇਲਾਜ ਕਰਦੇ ਹੋਣ ਦਾ ਦਾਅਵਾ ਕੀਤਾ ਸੀ, ਅਤੇ ਕਿਸੇ ਵੀ ਤਰ੍ਹਾਂ ਦੇ ਹਥੌਲੇ, ਮੰਤਰ ਆਦਿ ਤੋਂ ਇਨਕਾਰ ਕਰਦਿਆਂ ਤਰਕਸ਼ੀਲ ਸੁਸਾਇਟੀ ਨੂੰ ਚੈਲੰਜ ਕੀਤਾ ਸੀ ਕਿ ੳਹਨਾਂ ਦੇ ਇਲਾਜ ਨੂੰ ਝੂਠਾ ਸਾਬਤ ਕਰਕੇ ਦਿਖਾਉਣ.

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਅੱਜ ਇੱਕ ਮੀਟਿੰਗ ਕਰਕੇ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ ਗਿਆ, ਇਸ ਸਬੰਧ ਵਿੱਚ ਬੋਲਦਿਆ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਅਤੇ ਮੋਹਨ ਬਡਲਾ ਨੇ ਕਿਹਾ ਕਿ ਡੇਰਾ ਬੱਡਰੁੱਖਾਂ ਮੋਹਿੰਦਰ ਸਿੰਘ ਕੋਲ ਲੋਕਾਂ ਦਾ ਇਲਾਜ ਕਰਨ ਦਾ ਕੋਈ ਵੀ ਸਰਕਾਰ ਦੁਆਰਾ ਪ੍ਰਮਾਣਿਤ ਅਧਿਕਾਰ ਨਹੀਂ ਹੈ, ਉਹ ਜਿਹੜੀ ਵੀ ਦਵਾਈ ਸੱਪ ਦੇ ਡੰਗੇ ਦਾ ਇਲਾਜ ਕਰਨ ਲਈ ਵਰਤਦੇ ਹੋਣ ਦਾ ਦਾਅਵਾ ਕਰਦਾ ਹੈ, ਉਸ ਦਵਾਈ ਵਿੱਚ ਕਿਹੜੇ ਕਿਹੜੇ ਤੱਤ ਮੌਜੂਦ ਹਨ ਇਸ ਦਾ ਕੁੱਝ ਵੀ ਪਤਾ ਨਹੀਂ ਹੈ, ਅਤੇ ਨਾ ਹੀ ਇਹ ਦਵਾਈ ਕਿਸੇ ਪ੍ਰਮਾਣਿਤ ਖੋਜ ਸੰਸਥਾ ਦੁਆਰਾ ਸ਼ਿਫਾਰਿਸ਼-ਯੁਕਤ ਹੈ. ਇਹ ਦਵਾਈ ਸੁਆਹ ਦੀ ਚੁੱਟਕੀ ਤੋਂ ਵੱਧ ਨਹੀਂ. ਇਸ ਲਈ ਡੇਰੇ ਦੇ ਅਜਿਹੇ ਦਾਅਵੇ ਜਿਸ ਵਿੱਚ ਉਹਨਾਂ ਦੁਆਰਾ ਕਿਸੇ ਹਥੌਲੇ ਜਾਂ ਮੰਤਰ ਦੁਆਰਾ ਇਲਾਜ ਕਰਦੇ ਹੋਣ ਤੋਂ ਇਨਕਾਰ ਕਰਦਿਆਂ ਦੇਸੀ ਦਵਾਈ ਨਾਲ ਕਰਨ ਦੇ  ਦਾਅਵੇ ਗੈਰ-ਵਿਗਿਆਨਕ ਜਾਪਦੇ ਹੀ ਹਨ, ਸਗੋਂ ਬਾਬਾ ਮਾਸੂਮ ਲੋਕਾਂ  ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ. ਜੇਕਰ ਡੇਰਾ ਆਪਣੇ ਆਪ ਨੂੰ ‘‘ਬਖਸਿਸ਼-ਪ੍ਰਾਪਤ' ਮੰਨਦਾ ਹੈ ਤਾਂ ਤਰਕਸ਼ੀਲ ਸੋਸਇਟੀ ਪੰਜਾਬ ਦੀਆਂ 23 ਸ਼ਰਤਾਂ ਵਿੱਚੋਂ ਕੋਈ ਵੀ ਚੈਲੰਜ ਕਬੂਲ ਕਰਕੇ ਅਤੇ ਧੋਖਾ-ਰਹਿਤ ਹਾਲਤਾਂ ਵਿੱਚ ਆਪਣੀ ਸ਼ਕਤੀ ਸਿੱਧ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ. ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਨੇ ਹੋਰ ਕਿਹਾ ਕਿ ਆਮ ਲੋਕਾਂ ਵਿੱਚ ਵਿਗਿਆਨਕ ਜਾਗਰੂਕਤਾ ਦੀ ਘਾਟ ਪਾਈ ਜਾ ਰਹੀ ਹੈ, ਜਿਸ ਕਾਰਣ ਝਾੜ-ਫੂਕ ਦੇ ਨਾਮ ਅਤੇ ਸੱਪ ਦੇ ਡੱਸੇ ਦਾ ਇਲਾਜ ਕਰਨ ਦੇ ਨਾਮ ਤੇ ਉਹ ਗੁਮਰਾਹ ਹੋ ਰਹੇ ਹਨ ਜਿਸ ਦਾ ਨਤੀਜਾ ਅਜਿਹੀਆ ਅਨਹੋਣੀਆਂ ਮੌਤਾਂ ਨਾਲ ਨਿਕਲਦਾ ਹੈ.

ਇਸ ਸਬੰਧ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਮੁਖੀ ਉਸ਼ਵਿੰਦਰ ਰੁੜਕਾ ਵਲੋਂ ਮੁੱਖ-ਮੰਤਰੀ ਪੰਜਾਬ, ਡਾਇਰੈਕਟਰ ਆਉਰਵੈਦਿਕ, ਡਾਇਰੈਕਟਰ ਸੇਹਤ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸਾਸ਼ਨ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ, ਕਿ ਗਗਨਦੀਪ ਕੌਰ ਦੀ ਮੌਤ ਲਈ ਜੁੰਮੇਵਾਰ ਬੱਡਰੁਖਾਂ ਵਾਲੇ ਸੱਪ ਦੇ ਡੱਸੇ ਦਾ ਇਲਾਜ ਕਰਨ ਵਾਲੇ ਤਾਂਤਰਕ ਵਿਰੁੱਧ ਕਾਰਵਾਈ ਕੀਤੀ ਜਾਵੇ, ਉਸ ਦਾ ਲੋਕਾਂ ਦਾ ਇਲਾਜ ਕਰਨ ਦਾ ਲਾਇਸੈਸ ਚੈੱਕ ਕੀਤਾ ਜਾਵੇ, ਉਸ ਦੁਆਰਾ ਦਿੱਤੀ ਜਾਣ ਵਾਲੀ ਦਵਾਈ ਦੀ ਜਾਂਚ ਕਰਵਾਈ ਜਾਵੇ, ਅਤੇ ਤਾਂਤਰਿਕ ਵਿਰੁੱਧ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਦੇ ਕੇਸ ਦਰਜ ਕੀਤੇ ਜਾਣ ਅਤੇ ਅਜਿਹੇ ਹੀ ਹੋਰ ਅੱਡ-ਅੱਡ ਥਾਵਾਂ ਤੇ ਬੈਠੇ ਸੱਪ ਦੇ ਡੱਸੇ ਦੇ ਇਲਾਜ ਦਾ ਦਾਅਵਾ ਕਰਨ ਵਾਲਿਆਂ ਦੀ ਇਸ਼ਤਹਾਰਬਾਜੀ ਬੰਦ ਕਰਵਾਈ ਜਾਵੇ, ਤਾਂ ਕਿ ਆਮ ਲੋਕਾਂ ਨੂੰ ਮੌਤ ਦੇ ਮੂੰਹ ਚ ਜਾਣ ਤੋਂ ਬਚਾਇਆ ਜਾ ਸਕੇ. ਸਰਕਾਰੀ ਹਸਪਤਾਲਾਂ ਵਿੱਚ ਸੱਪ ਦੇ ਡੰਗ ਦੇ ਇਲਾਜ ਸਬੰਧੀ ਜਾਗਰੂਕਤਾ ਵਾਸਤੇ ਬੋਰਡ ਲਗਾਏ ਜਾਣ.ਮੀਟੰਗ ਵਿੱਚ ਹੋਰਨਾਂ ਤੋਂ ਬਿਨਾਂ ਮੋਹਨ ਬਡਲਾ, ਵਿੱਤ ਮੁਖੀ, ਸਰਾਜ ਅਨਵਰ, ਮੀਡੀਆ ਵਿਭਾਗ ਮੁਖੀ, ਦਰਬਾਰਾ ਸਿੰਘ ਉਕਸੀ, ਹਰੀ ਸਿੰਘ ਰੋਹੀੜਾ, ਮਾਸਟਰ ਮੇਜਰ ਸਿੰਘ, ਦਰਬਾਰਾ ਸਿੰਘ ਉਕਸੀ, ਡਾ. ਤਾਜ ਮੁਹੰਮਦ ਆਦਿ ਵਿਸੇਸ਼ ਰੂਪ ਵਿੱਚ ਸ਼ਾਮਲ ਹੋਏ.