ਸੱਪ ਦੇ ਡੱਸੇ ਦੇ ਇਲਾਜ ਦਾ ਕੇਵਲ ਮੈਡੀਕਲ ਸਾਇੰਸ ਕੋਲ ਹੀ ਉਪਲੱਬਧ: ਡਾ.ਅਜਾਦ
ਲੜਕੀ ਦੀ ਸੱਪ ਦੇ ਡੱਸਣ ਨਾਲ ਹੋਈ ਮੌਤ ਲਈ ਤਾਂਤ੍ਰਿਕ ਵਿਰੁੱਧ ਤਰਕਸ਼ੀਲ ਸੁਸਾਇਟੀ ਨੇ ਕਾਰਵਾਈ ਲਈ ਕੀਤੀ ਮੰਗ
ਮਾਲੇਰ ਕੋਟਲਾ, 3 ਜੂਨ (ਸਰਾਜ ਅਨਵਰ): ਪਿਛਲੇ ਦਿਨੀਂ ਪਿੰਡ ਢਡੋਗਲ ਦੇ ਵਾਸੀ ਛੀਨਾ ਸਿੰਘ ਦੀ ਅੱਠਵੀਂ ਚ ਪੜ੍ਹਦੀ ਲੜਕੀ ਗਗਨਦੀਪ ਕੌਰ ਦਾ ਸੱਪ ਦੇ ਡੱਸਣ ਨਾਲ ਹੋਈ ਮੌਤ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਮਾਲੇਰ ਕੋਟਲਾ ਨੇ ਕਾਰਨੇਟ ਕੈਫੇ ਵਿਖੇ ਮੀਟਿੰਗ ਕਰਕੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਇਸ
ਘਟਨਾ ਨੂੰ ਅਤਿ-ਦੁਖਦਾਈ ਦੱਸਿਆ ਹੈ. ਚੇਤੇ ਰਹੇ ਕਿ ਪਿਛਲੇ ਸਾਲ ਵੀ ਲਾਗਲੇ ਪਿੰਡ ਛੋਕਰਾਂ ਦਾ ਇੱਕ ਮਾਸੂਮ ਬੱਚਾ ਅਜਿਹੇ ਹੀ ਅੰਧ-ਵਿਸਵਾਸ਼ ਦੀ ਭੇਂਟ ਚੜ੍ਹ ਗਿਆ ਸੀ.
ਇਸ ਸਬੰਧ ਵਿੱਚ ਬੋਲਦਿਆਂ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਨੇ ਕਿਹਾ ਕਿ ਆਮ ਲੋਕਾਂ ਵਿੱਚ ਵਿਗਿਆਨਕ ਜਾਗਰੂਕਤਾ ਦੀ ਘਾਟ ਪਾਈ ਜਾ ਰਹੀ ਹੈ, ਜਿਸ ਕਾਰਣ ਝਾੜ-ਫੂਕ ਦੇ ਨਾਮ ਤੇ ਸੱਪ ਦੇ ਡੱਸੇ ਦਾ ਇਲਾਜ ਕਰਨ ਵਾਸਤੇ ਉਹ ਗੁਮਰਾਹ ਹੋ ਰਹੇ ਹਨ, ਜਿਸ ਦਾ ਨਤੀਜਾ ਅਜਿਹੀਆ ਅਨਹੋਣੀਆਂ ਮੌਤਾਂ ਨਾਲ ਨਿਕਲਦਾ ਹੈ.
ਉਹਨਾਂ ਅੱਗੇ ਕਿਹਾ ਕਿ ਜਿੱਥੇ ਆਮ ਲੋਕਾਂ ਵਿੱਚ ਵਿਗਿਆਨਕ ਜਾਗਰੂਕਤਾ ਦੀ ਘਾਟ ਕਾਰਣ ਮੌਤਾਂ ਦੀ ਦਰ ਜਿਆਦਾ ਹੈ, ਉੱਥੇ ਹਰ ਪਿੰਡ, ਸ਼ਹਿਰ ਵਿੱਚ ਬੈਠੇ ਸੱਪ ਦੇ ਡੰਗੇ ਦਾ ਇਲਾਜ ਦਾ ਦਾਅਵਾ ਕਰਨ ਵਾਲੇ ਤਾਂਤ੍ਰਿਕ ਇਸ ਸਮਸਿਆ ਨੂੰ ਹੋਰ ਗੰਭੀਰ ਕਰ ਰਹੇ ਹਨ. ਇਸ ਲਈ ਇਹਨਾਂ ਤਾਂਤ੍ਰਿਕਾਂ ਵਿਰੁੱਧ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ.
ਇਸ ਸਬੰਧ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਮੁਖੀ ਉਸ਼ਵਿੰਦਰ ਰੁੜਕਾ ਵਲੋਂ ਪ੍ਰਸਾਸ਼ਨ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ, ਕਿ ਗਗਨਦੀਪ ਕੌਰ ਦੀ ਮੌਤ ਲਈ ਜੁੰਮੇਵਾਰ ਬੱਡਰੁਖਾਂ ਵਾਲੇ ਸੱਪ ਦੇ ਡੱਸੇ ਦਾ ਇਲਾਜ ਕਰਨ ਵਾਲੇ ਤਾਂਤ੍ਰਿਕ ਵਿਰੁੱਧ ਕਾਰਵਾਈ ਕੀਤੀ ਜਾਵੇ, ਅਤੇ ਅਜਿਹੇ ਹੀ ਹੋਰ ਅੱਡ-ਅੱਡ ਥਾਵਾਂ ਤੇ ਬੈਠੇ ਸੱਪ ਦੇ ਡੱਸੇ ਦੇ ਇਲਾਜ ਦਾ ਦਾਅਵਾ ਕਰਨ ਵਾਲਿਆਂ ਦੀ ਇਸ਼ਤਹਾਰਬਾਜੀ ਬੰਦ ਕਰਵਾਈ ਜਾਵੇ, ਤਾਂ ਕਿ ਆਮ ਲੋਕਾਂ ਨੂੰ ਮੌਤ ਦੇ ਮੂੰਹ ਚ ਜਾਣ ਤੋਂ ਬਚਾਇਆ ਜਾ ਸਕੇ. ਸਰਕਾਰੀ ਹਸਪਤਾਲਾਂ ਵਿੱਚ ਸੱਪ ਦੇ ਡੰਗ ਦੇ ਇਲਾਜ ਸਬੰਧੀ ਜਾਗਰੂਕਤਾ ਵਾਸਤੇ ਬੋਰਡ ਲਗਾਏ ਜਾਣ. ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਮੋਹਨ ਬਡਲਾ, ਵਿੱਤ ਮੁਖੀ, ਸਰਾਜ ਅਨਵਰ, ਮੀਡੀਆ ਵਿਭਾਗ ਮੁਖੀ, ਦਰਬਾਰਾ ਸਿੰਘ ਉਕਸੀ, ਹਰੀ ਸਿੰਘ ਰੋਹੀੜਾ, ਮਾਸਟਰ ਮੇਜਰ ਸਿੰਘ, ਦਰਬਾਰਾ ਸਿੰਘ ਉਕਸੀ, ਮਜੀਦ ਦਲੇਲਗੜ ਆਦਿ ਵਿਸੇਸ਼ ਰੂਪ ਵਿੱਚ ਸ਼ਾਮਲ ਹੋਏ.