ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਦੀ ਅਪੀਲ

      ਉੱਤਰੀ ਭਾਰਤ ਖਾਸ ਕਰ ਪੰਜਾਬ ਦੇ ਬਹੁਤ ਸਾਰੇ ਇਲਾਕੇ ਅੱਜ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਬਹੁਤ ਸਾਰੀਆਂ ਸੰਸਥਾਵਾਂ ਆਪਣੇ ਤੌਰ ਤੇ ਆਪੋ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੀਆਂ ਹਨ। ਹੜ੍ਹ ਪੀੜਤਾਂ ਦੀਆਂ ਫੌਰੀ ਲੋੜਾਂ ਵਿੱਚ ਮੁੱਖ ਤੌਰ ਤੇ ਭੋਜਨ ਸਮੱਗਰੀ ਤੇ ਪਸ਼ੂਆਂ ਦਾ ਚਾਰਾ ਹੈ। ਜੋ ਪੰਜਾਬ ਦੇ ਹਿੰਮਤੀ ਲੋਕਾਂ ਨੇ ਕਾਫ਼ੀ ਮਾਤਰਾ ਵਿੱਚ ਪਹੁੰਚਾ ਦਿੱਤਾ ਹੈ। ਪਾਣੀ ਘਟਣ ਨਾਲ ਜਿਉਂ-ਜਿਉਂ ਉਹਨਾਂ ਆਪਣੇ ਘਰਾਂ ਵਿੱਚ ਜਾਣਾ ਹੈ ਤਾਂ ਉਹਨਾਂ ਅੱਗੇ ਹੋਰ ਵੀ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹੋਣਗੀਆਂ। ਜਿੰਨ੍ਹਾਂ ਲਈ ਕਾਫ਼ੀ ਸਮੇਂ ਤੱਕ ਸਹਾਇਤਾ ਦੀ ਜਰੂਰਤ ਬਣੀ ਰਹੇਗੀ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਲੋੜਾਂ ਵਿੱਚੋਂ ਕੁੱਝ ਦੀ ਪੂਰਤੀ ਲਈ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਆਪਣੇ ਯਤਨਾਂ ਨਾਲ ਸਹਾਇਤਾ ਰਾਸ਼ੀ ਇਕੱਠੀ ਕਰਨੀ ਸ਼ੁਰੂ ਕਰ ਰਹੀ ਹੈ।

     ਇਸ ਇੱਕਠੀ ਹੋਈ ਸਹਾਇਤਾ ਰਾਸ਼ੀ ਨਾਲ ਸਹੀ ਲੋੜਵੰਦਾਂ ਦੀ ਪਹਿਚਾਣ ਕਰਕੇ ਢੁਕਵੇਂ ਸਮੇਂ ਤੇ ਢੁਕਵੀਂ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸੂਬਾ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ , ਅਪਣੇ ਸਾਰੇ ਮੈਂਬਰਾਂ, ਦੇਸ਼ ਵਿਦੇਸ਼ ਵਿੱਚ ਵਸਦੇ ਹਮਦਰਦ ਸਾਥੀਆਂ ਅਤੇ ਉਹਨਾਂ ਸਾਰੇ ਸੱਜਣਾਂ (ਜਿਹੜੇ ਸਮਝਦੇ ਹਨ ਕਿ ਉਨ੍ਹਾਂ ਵੱਲੋਂ ਕੀਤੀ ਗਈ ਸਹਾਇਤਾ ਸਹੀ ਲੋੜਵੰਦਾਂ ਤੱਕ ਪੁੱਜਦੀ ਹੋਵੇਗੀ) ਨੂੰ ਬੇਨਤੀ ਕਰਦੀ ਹੈ, ਕਿ ਆਪੋ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਇਹ ਸਹਾਇਤਾ ਰਾਸ਼ੀ ਤਰਕਸ਼ੀਲ ਸੁਸਾਇਟੀ ਦੀ ਕਿਸੇ ਵੀ ਇਕਾਈ ਰਾਹੀਂ ਦਿੱਤੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਅੱਗੇ ਵਧਣ ਲਈ ਛੱਡਣੀਆ ਪੈਣਗੀਆਂ ਮੱਧਯੁਗੀ ਧਾਰਨਾਵਾਂ: ਗੁਰਮੀਤ ਖਰੜ

ਖਰੜ, 22 ਦਸੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਮੈਂਬਰ ਗੁਰਮੀਤ ਸਹੌੜਾਂ, ਉਹਨਾਂ ਦੀ ਸੁਪਤਨੀ ਬੀਬੀ ਨਿਰਮਲ ਕੌਰ ਅਤੇ ਸਪੁੱਤਰੀ ਹਰਸਿਮਰਨ ਕੌਰ ਵੱਲੋਂ ਮਰਨ ਉਪਰੰਤ ਆਪਣਾ ਮ੍ਰਿਤਕ-ਸਰੀਰ ਪੀ.ਜੀ.ਆਈ. ਦੇ ਅਨਾਟਮੀ ਵਿਭਾਗ ਨੂੰ ਸੌਪਣ ਦਾ ਪ੍ਰਣ-ਪੱਤਰ ਅੱਜ ਪਰਿਵਾਰਿਕ ਮੈਂਬਰਾਂ ਦੀ

ਹਾਜ਼ਰੀ ਵਿੱਚ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੂੰ ਸੌਂਪਿਆ ਗਿਆ. ਇਸ ਮੌਕੇ ਗੁਰਮੀਤ ਸਹੌੜਾਂ ਨੇ ਕਿਹਾ ਕਿ ਤਰਕਸ਼ੀਲ ਸਾਹਿਤ ਪੜ੍ਹਕੇ ਮੈਨੂੰ ਪਤਾ ਲੱਗਾ ਕਿ ਮ੍ਰਿਤਕ ਦੇਹ ਨੂੰ ਜਲਾਣ ਜਾਂ ਦਫਨਾਉਣ ਦਾ ਕਾਰਜ ਮੁਰਦਾ ਸਰੀਰ ਨੂੰ ਆਪਣੀ ਸਹੂਲਤ ਮੁਤਾਬਕ ਸਿਰਫ ਨਸ਼ਟ ਕਰਨ ਦਾ ਹੀ ਤਰੀਕਾ ਹੁੰਦਾ ਸੀ. ਵਿਗਿਆਨ ਦੇ ਅਜੋਕੇ ਯੁੱਗ ਤੋਂ ਪਹਿਲਾਂ ਜਦੋਂ ਮੁਰਦਾ ਸਰੀਰ ਦਾ ਕੋਈ ਉਪਯੋਗ ਨਹੀਂ ਸੀ ਹੁੰਦਾ ਤਾਂ ਉਸ ਨੂੰ ਨਸ਼ਟ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ. ਉਨਾਂ ਕਿਹਾ ਕਿ ਅੱਜ ਜਦੋਂ ਸਾਇੰਸ ਦੀ ਤਰੱਕੀ ਸਦਕਾ ਮਨੁੱਖੀ ਸਰੀਰ ਉੱਤੇ ਬਹੁਪੱਖੀ ਖੋਜ ਕਾਰਜ ਚੱਲ ਰਹੇ ਹਨ ਤਾਂ ਮਰਨ ਤੋਂ ਬਾਅਦ ਆਪਣਾ ਸਰੀਰ ਕਿਸੇ ਵੀ ਤਰੀਕੇ ਨਸ਼ਟ ਕਰਨ ਦੀ ਬਜਾਇ ਇਨਾਂ ਖੋਜ ਕਾਰਜਾਂ ਵਾਸਤੇ ਦੇਕੇ ਮੈਡੀਕਲ ਸਾਇੰਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ.

ਇਸ ਮੌਕੇ ਬੀਬੀ ਨਿਰਮਲ ਕੌਰ ਨੇ ਕਿਹਾ ਕਿ ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਜਨਮ ਤੋਂ ਲੈਕੇ ਮੌਤ ਤੱਕ ਆਪਣੀਆਂ ਸਾਰੀਆਂ ਲੋੜਾਂ ਸਮਾਜ ਤੋਂ ਪੂਰੀਆਂ ਕਰਦਾ ਹੈ ਬਦਲੇ ਵਿੱਚ ਸਾਨੂੰ ਵੀ ਸਮਾਜਿਕ ਭਲਾਈ ਵਾਸਤੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ. ਉਨਾਂ  ਕਿਹਾ ਕਿ ਅਜੋਕੀ ਤੇਜ ਰਫਤਾਰ ਜਿੰਦਗੀ ਦੀ ਦੌੜ-ਭੱਜ ਵਿੱਚ ਜੇਕਰ ਇਨਸਾਨ ਸਮਾਜ ਭਲਾਈ ਦੇ ਕੰਮਾਂ ਵਾਸਤੇ ਟਾਈਮ ਨਾ ਵੀ ਕੱਢ ਸਕਦਾ ਹੋਵੇ ਤਾਂ ਮਰਨ ਤੋਂ ਬਾਅਦ ਤਾਂ ਅਸੀਂ ਆਪਣਾ ਸਰੀਰ ਖੋਜ ਕਾਰਜਾਂ ਵਾਸਤੇ ਦੇ ਕੇ ਸਮਾਜ ਦੀ ਸੇਵਾ ਕਰ ਹੀ ਸਕਦੇ ਹਾਂ. ਇਸ ਮੌਕੇ ਉਹਨਾਂ ਦੀ ਬੇਟੀ ਹਰਸਿਮਰਨ ਕੌਰ ਨੇ ਦੱਸਿਆ ਕਿ ਮੈਂ ਸਿਹਤ ਵਿਭਾਗ ਵਿੱਚ ਸਰਵਿਸ ਦੌਰਾਨ ਕਈ ਅਜਿਹੇ ਮਰੀਜਾਂ ਨੂੰ ਮੌਤ ਨਾਲ਼ ਸੰਘਰਸ਼ ਕਰਦਿਆਂ ਨੇੜਿਓਂ ਤੱਕਿਆ ਜੋ ਨਕਾਰਾ ਹੋਏ ਅੰਗਾਂ ਕਰਕੇ ਜਿੰਦਗੀ ਨੂੰ ਤਰਸ ਰਹੇ ਸਨ ਅਤੇ ਉਨਾਂ ਨੂੰ ਕਿਸੇ ਦੇ ਦਿੱਤੇ ਹੋਏ ਅੰਗ ਲਗਾ ਕੇ ਜੀਵਨਦਾਨ ਦਿੱਤਾ ਜਾ ਸਕਦਾ ਸੀ. ਇਹ ਸਭ ਦੇਖ ਕੇ ਮੈਨੂੰ ਮਨੁੱਖੀ ਸਰੀਰ ਦੇ ਅੰਗਾਂ ਦੀ  ਅਹਿਮੀਅਤ ਸਮਝ ਆਈ.

ਇਸ ਮੌਕੇ ਹਾਜ਼ਰ ਲੈਕ. ਗੁਰਮੀਤ ਖਰੜ ਨੇ ਕਿਹਾ ਕਿ ਜਿਵੇਂ ਕਿਸੇ ਬੇੜੀ ਦੀ ਉਪਯੋਗਤਾ ਸਿਰਫ ਨਦੀ ਪਾਰ ਕਰਨ ਤੱਕ ਹੁੰਦੀ ਹੈ ਨਦੀ ਪਾਰ ਹੋਣ ਉਪਰੰਤ ਅੱਗੇ ਵਧਣ ਲਈ ਬੇੜੀ ਛੱਡਣੀ ਲਾਜਮੀ ਬਣ ਜਾਂਦੀ ਹੈ ਇਸੇ ਤਰਾਂ ਵਿਗਿਆਨ ਦੇ ਯੁੱਗ ਵਿੱਚ ਮੱਧਯੁੱਗੀ ਧਾਰਨਾਵਾਂ ਨੂੰ ਪਿੱਛੇ ਛੱਡ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ.ਇਸ ਮੌਕੇ ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ, ਕਰਮਜੀਤ ਸਕਰੁੱਲਾਂਪੁਰੀ, ਭੁਪਿੰਦਰ ਮਦਨਹੇੜੀ, ਰਾਜੇਸ਼ ਸਹੌੜਾਂ, ਜਰਨੈਲ ਸਹੌੜਾਂ, ਅਵਤਾਰ ਸਹੌੜਾਂ, ਹਰਜਿੰਦਰ ਪਮੌਰ ਵੀ ਹਾਜਰ ਸਨ. 

powered by social2s