ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਚੰਗੇਰੇ ਸਮਾਜ ਦੀ ਸਿਰਜਣਾ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਸਾਥੀ ਭਗਵੰਤ

ਤਰਕਸ਼ੀਲ ਕੈਂਪਸ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ

ਬਰਨਾਲਾ, 25 ਅਕਤੂਬਰ (ਰਾਮ ਸਵਰਨ ਲੱਖੇਵਾਲੀ): ਚੰਗੇਰੇ ਸਮਾਜ ਲਈ ਤਰਕਸ਼ੀਲਤਾ ਸਮੇਂ ਦੀ ਲੋੜ ਹੈ, ਜਿਸ ਲਈ ਤਰਕਸ਼ੀਲਤਾ ਦਾ ਪ੍ਰਚਾਰ ਪ੍ਰਸਾਰ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ. ਇਹਨਾਂ ਸਬਦਾਂ ਦਾ ਪ੍ਰਗਟਾਵਾ ਏਸ਼ੀਅਨ ਰੈਸ਼ਨਲਿਸਟ ਸੁਸਾਇਟੀ ਬਰਤਾਨੀਆ ਦੇ ਆਗੂ ਭਗਵੰਤ ਸਿੰਘ ਯੂ. ਕੇ. ਨੇ ਸਥਾਨਕ ਤਰਕਸ਼ੀਲ ਭਵਨ ਵਿਖੇ

ਤਰਕਸ਼ੀਲ ਕੈਂਪਸ ਦਾ ਨੀਂਹ ਪੱਥਰ ਰੱਖਣ ਉਪਰੰਤ ਭਵਨ 'ਚ ਰਾਜ ਭਰ ਤੋਂ ਆਏ ਤਰਕਸ਼ੀਲ ਆਗੂਆਂ ਅਤੇ ਸਨੇਹੀਆਂ ਨੂੰ ਸੰਬੋਧਨ ਕਰਦਿਆਂ ਕੀਤਾ. ਉਹਨਾਂ ਆਖਿਆ ਕਿ ਜਿਹੜੀ ਜਿੰਦਗੀ ਬਹੁ ਗਿਣਤੀ ਲੋਕ ਜੀਅ ਰਹੇ ਹਨ ਉਹ ਅੰਧਵਿਸ਼ਵਾਸਾਂ ਵਿੱਚ ਗ੍ਰਸੀ ਹੋਈ ਹੈ ਤੇ ਲੋਕਾਂ ਨੂੰ ਜਾਤਾਂ ਅਤੇ ਧਰਮਾਂ ਦੇ ਨਾਂ 'ਤੇ ਵੰਡਿਆ ਜਾ ਰਿਹਾ ਹੈ. ਅਜਿਹੀਆਂ ਹਾਲਤਾਂ ਵਿੱਚ ਸੁਖਾਵੇਂ ਦਿਨਾਂ ਅਤੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਮਾਤ ਦੇਣ ਵਾਸਤੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਸਾਰ ਲਾਜ਼ਮੀ ਹੈ. ਤਰਕਸ਼ੀਲ ਆਗੂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਭਵਨ ਤੋਂ ਲੋਕ ਪੱਖੀਂ ਤਾਕਤਾਂ ਦਾ ਕਾਫ਼ਲਾ ਹੋਰ ਮਜ਼ਬੂਤ ਹੋ ਕੇ ਨਿਕਲੇਗਾ. ਸਮਾਰੋਹ ਦੌਰਾਨ ਇੰਗਲੈਂਡ ਤੋਂ ਆਏ ਸ਼ੀਰਾ ਜੌਹਲ ਨੇ ਤਰਕਸ਼ੀਲ ਲਹਿਰ ਵੱਲੋਂ ਜੁਟਾਏ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਲੋਕ ਚੇਤਨਾ ਹੀ ਅੰਧਵਿਸ਼ਵਾਸ ਅਤੇ ਫ਼ਿਰਕਾਪ੍ਰਸਤੀ ਜਿਹੀਆਂ ਅਲਾਮਤਾਂ ਦਾ ਇੱਕੋ ਹੱਲ ਹੈ. ਉਹਨਾਂ ਕਿਸਮਤਵਾਦੀ ਫਲਸਫੇ ਨੂੰ ਮਾਤ ਦੇਣ ਲਈ ਵਿਗਿਆਨਕ ਚੇਤਨਾ ਦੇ ਪ੍ਰਚਾਰ ਦੀ ਲੋੜ 'ਤੇ ਜੋਰ ਦਿੱਤਾ.

ਇਸ ਮੌਕੇ ਬੋਲਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ  ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਆਖਿਆ ਕਿ ਤਰਕਸ਼ੀਲਾਂ ਦਾ ਇਹ ਕੇਂਦਰ ਆਉਣ ਵਾਲੇ ਸਮੇਂ ਵਿੱਚ ਹੋਰ ਸਿਦਕਦਿਲੀ ਅਤੇ ਸੁਹਿਰਦਤਾ ਨਾਲ ਤਰਕਸ਼ੀਲ ਸਾਹਿਤ, ਸੈਮੀਨਾਰਾਂ ਅਤੇ ਨਾਟ ਮੇਲਿਆਂ ਰਾਹੀਂ ਤਰਕਸ਼ੀਲ ਦ੍ਰਿਸ਼ਟੀਕੋਣ ਨੂੰ ਹਰ ਦਰ ਤੇ ਪਹੁੰਚਾਉਣ ਲਈ ਵਚਨਬੱਧ ਹੈ. ਉਹਨਾਂ ਕਿਹਾ ਇਸ ਕਾਜ਼ ਲਈ ਰਾਜ ਭਰ ਦੀਆਂ ਤਰਕਸ਼ੀਲ ਇਕਾਈਆਂ ਲਗਾਤਾਰ ਯਤਨਸ਼ੀਲ ਹਨ. ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਸੁਸਾਇਟੀ ਵੱਲੋਂ ਮੰਚ ਤੋਂ ਸੂਬਾਈ ਆਗੂਆਂ ਦੀ ਹਾਜ਼ਰੀ ਵਿੱਚ ਸਾਥੀ ਭਗਵੰਤ ਨੂੰ ਦਿੱਤਾ ਜਾਣ ਵਾਲਾ ਸਨਮਾਨ ਪੱਤਰ ਪੜ੍ਹਨ ਉਪਰੰਤ ਭੇਂਟ ਕੀਤਾ ਗਿਆ. ਉਸਾਰੇ ਜਾਣ ਵਾਲੇ ਕੈਂਪਸ ਲਈ ਹਾਜ਼ਰ ਸਹਿਯੋਗੀਆਂ ਨੂੰ ਵੀ ਸਨਮਾਨਤ ਕੀਤਾ ਗਿਆ. ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਬਲਵੀਰ ਚੰਦ ਲੌਂਗੋਵਾਲ, ਸਖਵਿੰਦਰ ਬਾਗਪੁਰ, ਭੂਰਾ ਸਿੰਘ, ਹਰਿੰਦਰ ਲਾਲੀ, ਰਾਮ ਸਵਰਨ ਲੱਖੇਵਾਲੀ, ਪਲਸ ਮੰਚ ਦੇ ਸੂਬਾਈ ਪ੍ਰਧਾਨ ਅਮੋਲਕ ਸਿੰਘ, ਨਰੈਣ ਦੱਤ, ਮਨਜੀਤ ਧਨੇਰ, ਅਮਿੱਤ ਮਿੱਤਰ, ਗੁਰਮੇਲ ਠੁੱਲੀਵਾਲ, ਹਰਚੰਦ ਭਿੰਡਰ, ਚੰਨਣ ਵਾਂਦਰ, ਮਾ. ਤਰਲੋਚਨ, ਇਕਬਾਲ ਉਦਾਸੀ, ਚਰਨਜੀਤ ਕੌਰ, ਹਰਚਰਨ ਚੰਨਾ, ਲਾਭ ਸਿੰਘ ਸਾਜਲਾ, ਆਤਮਾ ਸਿੰਘ, ਰਾਮ ਸਿੰਘ ਬੰਗ, ਰਾਮ ਕੁਮਾਰ, ਰਾਜ ਕੁਮਾਰ ਅਤੇ ਗੁਰਪ੍ਰੀਤ ਸ਼ਹਿਣਾ ਸਮੇਤ ਅਨੇਕਾਂ ਆਗੂ ਹਾਜ਼ਰ ਸਨ. ਸਮਾਰੋਹ ਦੀ ਸਫ਼ਲਤਾ ਲਈ ਤਰਕਸ਼ੀਲ ਆਗੂ ਹੇਮ ਰਾਜ ਸਟੈਨੋ ਨੇ ਸਾਰਿਆਂ ਦਾ ਧੰਨਵਾਦ ਕੀਤਾ.

powered by social2s