ਅੱਜ ਵੀ ਜਾਰੀ ਹਨ ਸਦੀਆਂ ਪੁਰਾਣੇ ਬੇਲੋੜੇ ਵਹਿਮ-ਭਰਮ: ਗੁਰਮੀਤ ਖਰੜ

ਖਰੜ, 20 ਅਕਤੂਬਰ (ਕੁਲਵਿੰਦਰ ਨਗਾਰੀ): ਵਿਦਿਆਰਥੀਆਂ ਦੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਅੱਜ ਆਰੀਆ ਕਾਲਜ ਫਾਰ ਵੂਮੈਨ ਖਰੜ ਵਿਖੇ ਪ੍ਰਿੰਸੀਪਲ ਸ੍ਰੀਮਤੀ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਸੈਮੀਨਾਰ ਕੀਤਾ ਗਿਆ. ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਲੈਕ.

ਰਾਜਵਿੰਦਰ ਕੌਰ ਨੇ ਤਰਕਸ਼ੀਲ ਆਗੂਆਂ ਨਾਲ਼ ਵਿਦਿਆਰਥੀਆਂ ਦੀ ਸਾਂਝ ਪਵਾਉਦਿਆਂ ਕਿਹਾ ਕਿ  ਵੈਸੇ ਤਾਂ ਉਮਰ ਦੇ ਕਿਸੇ ਵੀ ਪੜਾਅ ‘ਤੇ ਤਰਕਸ਼ੀਲ ਬਣਿਆ ਜਾ ਸਕਦਾ ਹੈ. ਪਰ ਨੌਜੁਆਨ ਪੀੜ੍ਹੀ ਦੇ ਸੁਭਾਵਿਕ ਤੌਰ ‘ਤੇ ਜਿਗਿਆਸੂ ਹੋਣ ਕਾਰਨ ਜਿਆਦਾਤਰ ਨੌਜੁਆਨਾਂ ਨੇ ਹੀ ਭਵਿੱਖ ਦੇ ਤਰਕਸ਼ੀਲ ਬਣਨਾ ਹੁੰਦਾ ਹੈ. ਤਰਕਸ਼ੀਲ ਆਗੂ ਕਰਮਜੀਤ ਸਕਰੁੱਲਾਂਪੁਰੀ ਨੇ ਤਰਕਸ਼ੀਲ ਸੁਸਾਇਟੀ ਦੀ ਬਣਤਰ ਅਤੇ ਕੰਮ ਕਰਨ ਦੇ ਢੰਗ-ਤਰੀਕਿਆ ਬਾਰੇ ਵਿਸ਼ਥਾਰ ਸਹਿਤ ਦੱਸਦਿਆ ਕਿਹਾ ਕਿ ਅੰਧ-ਵਿਸਵਾਸ਼ਾਂ ਦੇ ਹਨੇਰੇ ਨੂੰ ਨੌਜੁਆਨਾਂ ਦੇ ਹੱਥ ਵਿੱਚ ਤਰਕਸ਼ੀਲਤਾ ਦੀ ਮਸ਼ਾਲ ਫੜਾਕੇ ਹੀ ਭਜਾਇਆ ਜਾ ਸਕਦਾ ਹੈ.

ਤਰਕਸ਼ੀਲ ਜ਼ੋਨ ਚੰਡੀਗੜ ਦੇ ਮੁਖੀ ਲੈਕ. ਗੁਰਮੀਤ ਖਰੜ ਨੇ  ਵਹਿਮਾਂ-ਭਰਮਾਂ ਦੇ ਪੈਦਾਇਸੀ ਕਾਰਨਾਂ ਦੀ ਛਾਣਬੀਣ ਕਰਦਿਆਂ ਦੱਸਿਆ ਕਿ  ਜਿਹੜੇ ਵੀ ਵਹਿਮ-ਭਰਮ ਅੱਜ ਸਮਾਜ ਵਿੱਚ ਪ੍ਰਚੱਲਿਤ ਹਨ ਉਹ ਕਿਸੇ ਸਮੇਂ ਸਮਾਜ ਦੀ ਜਰੂਰਤ ਵਿੱਚੋਂ ਜਨਮੇਂ ਸਨ. ਉਹਨਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਜਿਵੇਂ ਦੁਸਹਿਰੇ ਮੌਕੇ ਅੱਜ-ਕੱਲ ਪਿੰਡਾਂ ਵਿੱਚ ਜੌਂ ਬੀਜੇ ਜਾਂਦੇ ਹਨ. ਅਸਲ ਵਿੱਚ ਕਣਕ ਜਾਂ ਹਾੜ੍ਹੀ ਦੀ ਬੀਜਾਈ ਤੋਂ ਪਹਿਲਾਂ ਇਹ ਬੀਜ ਦੀ ਜੰਮਣ-ਯੋਗਤਾ ਨੂੰ ਟੈਸਟ ਕਰਨ ਦਾ ਇੱਕ ਤਰੀਕਾ ਹੁੰਦਾ ਸੀ. ਜੋ ਕਿਸੇ ਸਮੇਂ ਕਿਸਾਨੀ ਲਈ ਜਰੂਰੀ ਲੋੜ ਸੀ. ਪਰ ਹਜਾਰਾਂ ਸਾਲ ਤੱਕ ਸਮਾਜ ਦੁਆਰਾ ਇਸ ਤਰੀਕੇ ਉੱਤੇ ਨਿਰਭਰ ਰਹਿਣ ਕਾਰਨ ਇਹ ਰੀਤ ਅੱਜ ਅੰਧ-ਵਿਸਵਾਸ਼ ਬਣ ਚੁੱਕੀ ਹੈ. ਸੋਧੇ ਹੋਏ ਬੀਜਾਂ ਦੇ ਦੌਰ ਵਿੱਚ ਬੇਲੋੜੀ ਬਣ ਚੁੱਕੀ ਇਸ ਰੀਤ ਨੂੰ ਲਾਈਲੱਗ ਲੋਕਾਂ ਵੱਲੋਂ ਅਜੇ ਵੀ ਜਾਰੀ ਰੱਖਿਆ ਹੋਇਆ ਹੈ.

ਸੁਜਾਨ ਬਡਾਲ਼ਾ ਨੇ ਜਾਦੂ ਦੇ ਟਰਿੱਕ ਦਿਖਾਕੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਕਿ ਜਾਦੂ ਕੋਈ ਚਮਤਕਾਰ ਨਹੀਂ ਬਲਕਿ ਸਿਰਫ ਚਲਾਕੀ ਦਾ ਨਾਂ ਹੈ. ਜੇਕਰ ਕੋਈ ਵੀ ਇਨਸਾਨ ਜਾਦੂ ਦੇ ਟਰਿੱਕ ਦਿਖਾਕੇ ਇਸ ਨੂੰ ਚਮਤਕਾਰ ਕਹਿੰਦਾ ਹੈ ਤਾਂ ਉਹ ਧੋਖੇਬਾਜ਼ ਹੈ. ਜੋ ਵੀ ਮਨੁੱਖ ਜਾਦੂ ਦੇ ਟਰਿੱਕ ਨੂੰ ਬਿਨਾਂ ਕਿਸੇ ਪਰਖ ਦੇ ਚਮਤਕਾਰ ਮੰਨ ਲੈਂਦਾ ਹੈ ਉਹ ਲਾਈਲੱਗ ਹੁੰਦਾ ਹੈ. ਇਸ ਮੌਕੇ ਰਾਜੇਸ ਸਹੌੜਾਂ, ਸਿਮਰਨ ਨਗਾਰੀ ਅਤੇਵਿਕਰਾਂਤ ਨਗਾਰੀ ਨੇ ਕਿਤਾਬਾਂ ਦੀ ਸਟਾਲ ਵੀ ਲਗਾਈ. ਜਿਸ ਵਿੱਚੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ਼ ਕਿਤਾਬਾਂ ਖਰੀਦੀਆਂ. ਇਸ ਸੈਮੀਨਾਰ ਨੂੰ ਨੇਪਰੇ ਚਾੜਨ ਵਾਸਤੇ ਸਮੂਹ ਸਟਾਫ ਨੇ ਵੀ ਭਰਪੂਰ ਸਹਿਯੋਗ ਦਿੱਤਾ.