ਸਰ੍ਹੀ ਵਿਖੇ ਹੋਇਆ ਸਾਲਾਨਾ ਤਰਕਸ਼ੀਲ ਸਭਿਆਚਾਰਕ ਸਮਾਗਮ
ਪਾਖੰਡੀਆਂ, ਜੋਤਿਸ਼ੀਆ ਆਦਿ ਨੂੰ ਪੰਜ ਲੱਖ ਕਨੇਡੀਅਨ ਡਾਲਰ ਜਿੱਤਣ ਦਾ ਦਿੱਤਾ ਚੈਲੇਂਜ
ਸਰ੍ਹੀ (ਕੈਨੇਡਾ), 14 ਅਕਤੂਬਰ (ਗੁਰਮੇਲ ਗਿੱਲ): ਬੀਤੇ ਦਿਨੀਂ 11447-82 ਐਵਿਨਿਊ ਸਥਿੱਤ ਨੌਰਥ ਡੈਲਟਾ ਸਕੈਂਡਰੀ ਸਕੂਲ ਦੇ ਖਚਾਖਚ ਭਰੇ ਥਿਏਟਰ ਵਿੱਚ ਸੁਸਾਇਟੀ ਦੇ ਗਿਆਰ੍ਹਵੇਂ ਸਾਲਾਨਾ ਸਮਾਗਮ ਸਮੇਂ ਸੁਸਾਇਟੀ ਦੇ ਕਲਾਕਾਰਾਂ ਵੱਲੋਂ ਸਕਿੱਟਾਂ ‘ਕੁੱਤੇ’ ਅਤੇ ‘ਤਮਾਸ਼ਾ’ ਤੋਂ ਇਲਾਵਾ ਨਾਟਕ ‘ਪਾਤਸ਼ਾਹ’ ਜਾਦੂ ਦੇ ਟਰਿੱਕਸ਼ ਅਤੇ ਗੀਤ ਸੰਗੀਤ
ਪੇਸ਼ ਕੀਤੇ ਗਏ. ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਿੰਦਰ ਸਵੈਚ ਸਹਾਇਕ ਸਕੱਤਰ ਵੱਲੋਂ ਦਰਸ਼ਕਾਂ ਨੂੰ ਜੀ ਆਇਆਂ ਕਹਿੰਦਿਆਂ, ਸੁਸਾਇਟੀ ਦੇ ਕਾਰਜ ਬਾਰੇ ਜਾਣਕਾਰੀ ਦਿੰਦਿਆਂ, ਸਰਬਜੀਤ ਟਿਵਾਣਾ ਦੇ ਭਰੂਣ ਹੱਤਿਆ ਸਬੰਧੀ ਗੀਤ ‘ਜੇ ਤੂੰ ਨਾ ਚਾਹੁੰਦਾ’ ਨਾਲ ਕੀਤੀ ਗਈ. ਗੁਰਮੇਲ ਗਿੱਲ ਵੱਲੋਂ ਕਵਿਤਾ ਦੇ ਅਧਾਰ ਤੇ ਤਿਆਰ ਕੀਤੀ ਭਰੂਣ ਹੱਤਿਆ ਦੇ ਕਾਰਨਾਂ ਤੇ ਝਾਤ ਪਾਉਂਦੀ ਸਕਿੱਟ ‘ਕੁੱਤੇ’ ਨੇ ਲੋਕਾਂ ਨੂੰ ਆਪਣੇ ਨਾਲ ਰੋਣ ਲਾ ਲਿਆ. ਵਿਅੰਗਾਤਮਕ ਸਕਿੱਟ ‘ਤਮਾਸ਼ਾ’ ਦੀ ਪੇਸ਼ਕਾਰੀ ਗੁਰਮੇਲ ਗਿੱਲ ਅਤੇ ਤਰਨਦੀਪ ਨੇ ਕੀਤੀ ਜਿੱਥੇ ਉਹਨਾਂ ਲੋਕਾਂ ਨੂੰ ਹਸਾ ਹਸਾਕੇ ਉਨ੍ਹਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ, ਉੱਥੇ ਲੋਕਾਂ ਵੱਲੋਂ ਅੰਨ੍ਹੀਂ ਸ਼ਰਧਾ ਤਹਿਤ ਡੇਰਿਆਂ ਵੱਲ ਜਾਣ ਦੀ ਮਾਨਸਿਕਤਾ ਦਰਸਾਈ ਅਤੇ ਲੋਕਾਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਸੁਨੇਹਾ ਦਿੰਦੀ ਇਹ ਸਕਿੱਟ ਅਸਲ ਵਿੱਚ ਫਿਰਕੂ ਤਾਕਤਾਂ ਹੱਥੋਂ ਕਤਲ ਕੀਤੇ ਗਏ ਡਾ: ਦਭੋਲਕਰ, ਗੋਬਿੰਦ ਪਨਸਾਰੇ ਅਤੇ ਪ੍ਰੋਫੈ: ਐਮ ਐਮ ਕੁਲਬੁਰਗੀ ਨੂੰ ਸ਼ਰਧਾਂਜਲੀ ਸੀ. ਬਾਈ ਅਵਤਾਰ ਨੇ ਹਰਭਜਨ ਹੁੰਦਲ ਹੋਰਾਂ ਦਾ ਲਿਖਿਆ ਗੀਤ ‘ਸਾਨੂੰ ਸੱਜਰੀ ਸਵੇਰ ਦੀ ਨੁਹਾਰ ਚਾਹੀਦੀ’ ਉਸਤਾਦ ਦਵਿੰਦਰ ਭੱਟੀ ਹੋਰਾਂ ਵੱਲੋਂ ਦਿੱਤੇ ਹਰਮੋਨੀਅਮ ਤੇ ਸਹਿਯੋਗ ਨਾਲ ਪੇਸ਼ ਕੀਤਾ. ਬਲਵਿੰਦਰ ਬਰਨਾਲਾ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸੰਬੋਧਨ ਕਰਦਿਆਂ ਜਿੱਥੇ ਤਰਕਸ਼ੀਲ ਲਹਿਰ ਦੀ ਮਹੱਤਤਾ ਦੀ ਗੱਲ ਕੀਤੀ ਉੱਥੇ ਉਹਨਾਂ ਤਰਕਸ਼ੀਲ / ਅਗਾਂਹਵਧੂ ਵਿਚਾਰਾਂ ਵਾਲੇ ਉੱਘੇ ਸਾਹਿਤਕਾਰਾਂ ਦੇ ਲਗਾਤਾਰ ਫਿਰਕੂ ਤਾਕਤਾਂ ਵੱਲੋਂ ਕੀਤੇ ਜਾ ਰਹੇ ਕਤਲਾਂ ਦੀ ਨਿਖੇਧੀ ਕੀਤੀ ਪ੍ਰੋਫੈਸਰ ਐਮ ਐਮ ਕੁਬੁਰਗੀ ਦੇ ਕਤਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਮੌਜੂਦਾ ਮੋਦੀ ਸਰਕਾਰ ਦੇ ਰਾਜ ਨੂੰ ਫਾਸ਼ੀਵਾਦੀ ਰਾਜ ਕਿਹਾ ਅਤੇ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਉੱਘੇ ਲੇਖਕਾਂ ਵੱਲੋਂ ਰੋਸ ਵਜੋਂ ਅਵਾਰਡ ਰਕਮ ਸਮੇਤ ਵਾਪਸ ਕਰਨ ਦੀ ਭਰਪੂਰ ਸ਼ਲਾਘਾ ਕੀਤੀ. ਅਖੀਰ ਵਿੱਚ ਡੇਰਿਆਂ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੇ ਕੋਝੇ ਕਾਰਨਾਮਿਆਂ ਦਾ ਪਾਜ਼ ਉਘੇੜਦਾ ਸੁਖਜੀਤ ਦੀ ਕਹਾਣੀ ਤੇ ਅਧਾਰਤ ਹਰਵਿੰਦਰ ਦਿਵਾਨਾ ਦਾ ਲਿਖਿਆ ਨਾਟਕ ‘ਪਾਤਸ਼ਾਹ’ ਦੀ ਸਫਲ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਸੋਚਣ ਲਾ ਦਿੱਤਾ. ਇਸ ਨਾਟਕ ਵਿੱਚ ਹਿੱਸਾ ਲੈ ਰਹੇ ਕਲਾਕਾਰ ਗੁਰਮੇਲ ਗਿੱਲ, ਤਰਨਦੀਪ ਗਿੱਲ, ਪਰਮਜੀਤ ਕੌਰ ਗਿੱਲ, ਸੁੱਖੀ ਗਰਚਾ, ਨਿਰਮਲ ਕਿੰਗਰਾ, ਕਮਲ ਕੌਰ ਕਿੰਗਰਾ, ਪਰਮ ਸਰਾਂ, ਜਗਰੂਪ ਧਾਲੀਵਾਲ, ਸਾਧੂ ਸਿੰਘ ਗਿੱਲ, ਸਰਬਜੀਤ ਟਿਵਾਣਾ, ਵਰਿੰਦਰ, ਦਵਿੰਦਰ ਬਚਰਾ, ਕੁਲਦੀਪ ਕੌਰ ਥਾਂਦੀ, ਸੁਰਜੀਤ ਕੌਰ ਲਿੱਧੜ, ਕੋਤੀ ਧਾਲੀਵਾਲ ਅਤੇ ਭੋਲੀ ਧਾਲੀਵਾਲ ਸ਼ਾਮਲ ਸਨ. ਲਾਈਟ ਅਤੇ ਸਾਊਂਡ ਦਾ ਕੰਟਰੋਲ ਨਿਰਦੇਸ਼ਕ ਜਸਕਰਨ ਨੇ ਸੰਭਾਲਿਆ, ਬੈਕ ਸਟੇਜ਼ ਅਵਾਜ਼ ਬਾਈ ਅਵਤਾਰ, ਨਿਰਮਲ ਕਿੰਗਰਾ ਅਤੇ ਸਰਬਜੀਤ ਟਿਵਾਣਾ ਦੀ ਸੀ.
ਇਸ ਸਮੇਂ ਗੁਰਪ੍ਰੀਤ ਭਦੌੜ ਅਤੇ ਬਲਦੇਵ ਧਾਲੀਵਾਲ ਦੀ ਜੋੜੀ ਨੇ ਟਰਿੱਕਸ਼ ਕੀਤੇ ਅਤੇ ਸੰਤੋਖ ਸਿੰਘ ਨਾਗਰਾ ਵੱਲੋਂ ਪਾਣੀ ਉੱਪਰ ਸੂਈ ਨੂੰ ਤਾਰਕੇ ਦਿਖਾਇਆ ਗਿਆ. ਉਹਨਾਂ ਇਸ ਪਿੱਛੇ ਕੰਮ ਕਰਦੇ ਕੁਦਰਤ ਦੇ ਨਿਯਮ ਬਾਰੇ ਜਾਣਕਾਰੀ ਦਿੱਤੀ ਕਿ ਪਾਣੀ ਉੱਪਰ ਸੂਈ ਨੂੰ ਕਿਵੇਂ ਤਾਰਿਆ ਜਾ ਸਕਦਾ ਹੈ. ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਨੂੰ ਓੁਦੋਂ ਬਹੁਤ ਹੀ ਉਤਸ਼ਾਹ ਮਿਲਿਆ ਜਦੋਂ ਬਾਈ ਅਵਤਾਰ ਨੇ ਤਰਕਸ਼ੀਲਤਾ ਦੇ ਉਦੇਸ਼ ਦੀ ਗੱਲ ਕਰਦਿਆਂ ਜੋਤਿਸ਼ੀਆਂ, ਤਾਂਤਰਿਕਾਂ, ਨਗ ਪਵਾਉਣ ਵਾਲਿਆਂ ਜਾਦੂ ਟੂਣੇ ਕਰਨ ਵਾਲਿਆਂ ਆਦਿਕ ਨੂੰ ਇਹ ਚੈਲੇਂਜ ਦਿੱਤਾ ਕਿ ਅਜਿਹੇ ਲੋਕ ਸੁਸਾਇਟੀ ਦਾ ਦਸ ਸਾਲ ਤੋਂ ਐਲਾਨਿਆ ਇੱਕ ਲੱਖ ਡਾਲਰ ਦਾ ਇਨਾਮ ਜਿੱਤਣ ਲਈ ਕਦੇ ਵੀ ਅੱਗੇ ਨਹੀਂ ਆਉਂਦੇ ਸਗੋਂ ਕੁੱਝ ਲੋਕ ਹਮੇਸ਼ਾ ਇਹ ਪ੍ਰਚਾਰ ਕਰਕੇ ਸੁਸਾਇਟੀ ਦੇ ਕਾਰਜ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸੁਸਾਇਟੀ ਕੋਲ ਇੱਕ ਲੱਖ ਡਾਲਰ ਹੀ ਨਹੀਂ ਹੈ ਜਦੋਂ ਕਿ ਸੁਸਾਇਟੀ ਨੂੰ ਅਜਿਹਾ ਸਹਿਯੋਗ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਜੋ ਹਮੇਸ਼ਾ ਇਹ ਰਕਮ ਖੁਦ ਆਪਣੇ ਕੋਲੋਂ ਦੇਣ ਦਾ ਐਲਾਨ ਕਰ ਚੁੱਕੇ ਹਨ ਤੇ ਸ: ਸੁਖਦੇਵ ਸਿੰਘ ਧਾਲੀਵਾਲ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਸ਼: ਕੁਲਦੀਪ ਸਿੰਘ ਇਸ ਵਿੱਚ ਮੋਹਰੀ ਹਨ. ਅੱਜ ਵੀ ਜਦੋਂ ਉਨ੍ਹਾਂ ਸਟੇਜ 'ਤੇ ਆਕੇ ਇਹਨਾਂ ਠੱਗਾਂ ਲਈ ਉਹਨਾਂ ਵੱਲੋਂ ਐਲਾਨੇ ਦੋ ਲੱਖ ਡਾਲਰ ਦੇ ਆਪਣੇ ਚੈਲੇਂਜ ਨੂੰ ਪੰਜ ਲੱਖ ਡਾਲਰ ਕਰਨ ਦਾ ਐਲਾਨ ਕੀਤਾ ਤਾਂ ਦਰਸ਼ਕਾਂ ਨੇ ਤਾੜੀਆਂ ਨਾਲ ਇਸ ਐਲਾਨ ਦਾ ਭਰਪੂਰ ਸਵਾਗਤ ਕੀਤਾ. ਉਹਨਾਂ ਨੇ ਪਾਖੰਡੀਆਂ ਨੂੰ ਵੰਗਾਦਿਆ ਕਿਹਾ ਕਿ ਉਹ ਜਦੋਂ ਵੀ ਚਾਹੁਣ ਚੈਲੇਂਜ ਦੀ ਰਕਮ ਜਿੱਤਣ ਲਈ ਸੁਸਾਇਟੀ ਨਾਲ ਸੰਪਰਕ ਕਰਨ ਅਤੇ ਅਾਵਦੇ ਕੀਤੇ ਜਾਂਦੇ ਦਾਅਵਿਆਂ ਨੂੰ ਸਿੱਧ ਕਰਕੇ ਦਿਖਾਉਣ. ਅੰਤ ਵਿੱਚ ਬਾਈ ਅਵਤਾਰ ਪ੍ਰਧਾਨ ਨੇ ਸੰਪੋਂਸਰਜ਼, ਦਰਸ਼ਕਾਂ, ਕਲਾਕਾਰਾਂ ਅਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ.