ਵਿਚਾਰਵਾਦੀ ਫਲਸਫਾ ਹਮੇਸ਼ਾਂ ਹੀ ਪੂੰਜੀਵਾਦ ਦੇ ਹੱਕ ਵਿੱਚ ਰਿਹਾ ਹੈ: ਕਾ. ਜਗਰੂਪ
ਪਟਿਆਲਾ, 11 ਅਕਤੂਬਰ (ਪਵਨ): ਅੱਜ ਇਥੇ ਤਰਕਸ਼ੀਲ ਹਾਲ ਵਿੱਚ ਪਦਾਰਥਵਾਦ ਵਿਸ਼ੇ ਤੇ ਬੋਲਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਅੱਜ ਕੱਲ ਡੇਰਾਵਾਦ ਅਤੇ ਧਾਰਮਿਕ ਸਥਾਨਾਂ ਵਿੱਚ ਵਧ ਰਹੀ ਭੀੜ ਦਾ ਕਾਰਣ ਲੋਕਾਂ ਵਿੱਚ ਡਰ ਅਤੇ ਅਸੁੱਰਖਿਆ ਦੀ ਭਾਵਨਾ ਹੈ. ਸਰਮਾਏਦਾਰਾਂ ਵਲੋਂ ਦੌਲਤ ਇਕੱਠੀ ਕਰਨ ਲਈ ਘੱਟੋ-ਘੱਟ ਕਾਮਿਆਂ
ਕੋਲੋਂ ਵੱਧ ਤੋਂ ਵੱਧ ਸਮੇਂ ਕਈ ਕੰਮ ਲੈਣਾ, ਬੇਰੁਜ਼ਗਾਰੀ ਨੂੰ ਵਧਾ ਰਿਹਾ ਹੈ. ਉਹਨਾਂ ਕਿਹਾ ਕਿ ਦੇਸ਼ ਅੰਦਰ ਬਲਾਤਕਾਰਾਂ ਦੇ ਵਧ ਰਹੇ ਕੇਸ ਤਾਂ ਹੀ ਰੋਕੇ ਜਾ ਸਕਦੇ ਹਨ, ਜੇ ਧੀਆਂ ਪ੍ਰਤੀ ਸਮਾਜਿਕ ਨਜ਼ਰੀਆ ਬੇਹਤਰ ਹੋਵੇ ਅਤੇ ਉਹਨਾਂ ਦੀਆਂ ਜੀਵਨ ਹਾਲਤਾਂ ਬਦਲਣ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਉਹਨਾਂ ਸਪਸ਼ਟ ਕੀਤਾ ਕਿ ਬਿੱਗ ਬੈਂਗ ਦਾ ਪ੍ਰਚਾਰਿਆ ਜਾ ਰਿਹਾ ਸਿਧਾਂਤ, ਵਿਚਾਰਵਾਦੀਆਂ ਦੀ ਦੇਣ ਹੈ. ਵਿਚਾਰਵਾਦੀ ਫਲਸਫਾ ਹਮੇਸ਼ਾਂ ਹੀ ਪੂੰਜੀਵਾਦੀ ਵਿਵਸਥਾ ਦੇ ਹੱਕ ਵਿੱਚ ਰਿਹਾ ਹੈ. ਉਹਨਾਂ ਅੱਗੇ ਕਿਹਾ ਕਿ ਜੇਕਰ ਕਿਸਾਨਾਂ ਅਤੇ ਮਜਦੂਰਾਂ ਦੀ ਹਾਲਤ ਬੇਹਤਰ ਬਣਾਉਣੀ ਹੈ ਤਾਂ ਸਾਨੂੰ ਪਦਾਰਥਵਾਦੀ ਫਲਸਫੇ ਤਹਿਤ ਲੋਕਾਂ ਦੀਆਂ ਪਦਾਰਥਕ ਹਾਲਤਾਂ ਬਦਲਣੀਆਂ ਪੈਣਗੀਆਂ. ਉਹਨਾਂ ਇਹ ਵੀ ਕਿਹਾ ਕਿ ਫਲਸਫਾ ਅਪਣੇ ਸਮੇਂ ਦਾ ਬੋਧਿਕ ਸਿਖਰ ਹੰਦਾ ਹੈ ਅਤੇ ਇਹ ਹੀ ਜਿੰਦਗੀ ਦੀ ਅਗਵਾਈ ਕਰਦਾ ਹੈ. ਇਹ ਪਦਾਰਥਵਾਦੀ ਫਲਸਫਾ ਹੀ ਹੈ ਜੋ ਕਿ ਸਾਡੀਆਂ ਜਿਉਣ ਜੋਗ ਹਾਲਤਾਂ ਵਧੀਆਂ ਬਣਾ ਸਕਦਾ ਹੈ. ਸੈਮੀਨਾਰ ਦੇ ਦੂਜੇ ਸੈਸਨ ਵਿੱਚ ਹਾਜ਼ਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ.
ਤਰਕਸ਼ੀਲ ਆਗੂ ਰਾਮ ਕੁਮਾਰ ਢਕੜੱਬਾ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦੇ ਦੱਸਿਆ ਕਿ ਸਾਡੇ ਦੇਸ ਵਿੱਚ ਵਿਚਾਰਵਾਦੀ ਫਲਸਫੇ ਦੇ ਕਾਰਣ ਹੀ ਅੰਧਵਿਸ਼ਵਾਸ ਧਾਰਮਿਕ ਕਟੜਵਾਦ ਵਧ ਰਿਹਾ ਹੈ, ਜਿਸ ਦਾ ਖਾਤਮਾ ਪਦਾਰਥਵਾਦੀ ਫਲਸਫੇ ਦੇ ਆਧਾਰ ਹੀ ਕੀਤਾ ਜਾ ਸਕਦਾ ਹੈ. ਯਾਦ ਰਹੇ ਕਿ ਇਹ ਸੈਮੀਨਾਰ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਸੀ ਜੋ ਬੀਤੇ ਸਮੇਂ ਧਾਰਮਿਕ ਜਾਨੂੰਨੀਆਂ ਦੀ ਸੌੜੀ ਸੋਚ ਦਾ ਸ਼ਿਕਾਰ ਹੋ ਗਈਆਂ .ਚਰਨਜੀਤ ਪਟਵਾਰੀ ਨੇ ਮਾਹੌਲ ਨੂੰ ਤਰੋਤਾਜਾ ਰੱਖਣ ਲਈ ਕਵਿਤਾਵਾਂ ਪੇਸ਼ ਕੀਤੀਆਂ. ਸੈਮੀਨਾਰ ਦੇ ਅੰਤ ਵਿੱਚ ਸਰੋਤਿਆਂ ਅਤੇ ਮੁੱਖ ਬੁਲਾਰੇ ਦਾ ਧੰਨਵਾਦ ਕਰਦੇ ਸਮੇਂ ਹਰਚੰਦ ਭਿੰਡਰ ਨੇ ਕਿਹਾ ਕਿ ਸਾਡਾ ਫਲਸਫਾ ਪਦਾਰਥਵਾਦੀ ਫਲਸਫਾ ਹੈ ਅਤੇ ਇਹ ਹੀ ਸਾਡਾ ਰਾਹ ਦਸੇਰਾ ਹੈ ਸੋ ਇਸ ਨੂੰ ਜਾਨਣਾ ਅਤੀ ਜਰੂਰੀ ਹੈ. ਇਸ ਕਾਰਣ ਹੀ ਸਮੇਂ-ਸਮੇਂ ਤੇ ਇਸ ਫਲਸਫੇ ਤੇ ਸੈਮੀਨਾਰ ਕਰਵਾਇਆ ਜਾਂਦਾ ਹੈ. ਇਸ ਸਮੇਂ ਬੀਬਾ ਕੁਲਵੰਤ ਕੌਰ ਅਤੇ ਜਨਕ ਰਾਜ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਰਾਮ ਸਿੰਘ ਬੰਗ, ਸ੍ਰੀਮਤੀ ਬੰਗ, ਮਾ. ਰਮਣੀਕ ਸਿੰਘ, ਡਾ. ਅਨਿੱਲ ਸਰਮਾ, ਮਾ. ਹਰਨੇਕ ਸਿੰਘ, ਮਾ. ਨੂਪ ਰਾਮ, ਲਾਭ ਸਿੰਘ, ਸਤੀਸ਼ ਆਲੋਵਾਲ, ਜਾਗਨ, ਹਰਪਾਲ ਸਿੰਘ ਅਤੇ ਪਰਮਜੀਤ ਸਿੰਘ ਆਦਿ ਤਰਕਸ਼ੀਲ ਮੈਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਖਾਸ਼ ਕਰਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ.