ਇਕਾਈ ਖਰੜ ਦੀ ਮੀਟਿੰਗ ਦੌਰਾਨ ਤਰਕਸ਼ੀਲ ਦਾ ਜੁਲਾਈ-ਅਗਸਤ ਅੰਕ ਰੀਲੀਜ਼ ਕੀਤਾ
ਖਰੜ, 6 ਜੁਲਾਈ 2015 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਮਹੀਨਾ-ਵਾਰ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਦੌਰਾਨ ਤਰਕਸ਼ੀਲ ਮੈਗਜ਼ੀਨ ਦਾ ਜੁਲਾਈ-ਅਗਸਤ ਅੰਕ ਰੀਲੀਜ਼ ਕਰਦਿਆਂ ਜੋਨਲ ਆਗੂ ਗੁਰਮੀਤ ਖਰੜ ਨੇ ਕਿਹਾ ਕਿ ਤਰਕਸ਼ੀਲ
ਮੈਗਜ਼ੀਨ ਪੰਜਾਬ ਵਿੱਚ ਤਾਂ ਹਜਾਰਾਂ ਲੋਕਾਂ ਦੁਆਰਾ ਪੜ੍ਹਿਆ ਹੀ ਜਾਂਦਾ ਹੈ, ਬਲਕਿ ਪੂਰੇ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਵੀ ਇਸ ਦੇ ਸੈਂਕੜੇ ਪਾਠਕ ਮੌਜੂਦ ਹਨ. ਉਹਨਾਂ ਕਿਹਾ ਕਿ ਸਿਰਫ ਇਕ ਕੋਲਡ-ਡਰਿੰਕ ਦੇ ਬਰਾਬਰ ਮੁੱਲ ਵਾਲ਼ੇ ਇਸ ਮੈਗਜ਼ੀਨ ਵਿੱਚ ਮਾਹਿਰ ਲੇਖਕਾਂ ਦੁਆਰਾ ਵਡਮੁੱਲੀ ਜਾਣਕਾਰੀ ਦਿੱਤੀ ਹੁੰਦੀ ਹੈ. ਇਸ ਮੌਕੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਧ-ਵਿਸ਼ਵਾਸਾਂ ਦਾ ਜੜ੍ਹ ਤੋਂ ਸਫਾਇਆ ਕਰਕੇ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਤਰਕਸ਼ੀਲ ਮੈਗਜ਼ੀਨ ਦੇ ਪਾਠਕ ਬਣਿਆ ਜਾਵੇ.
ਇਸ ਮੀਟਿੰਗ ਵਿੱਚ ਲੈਕਚਰਾਰ ਗੁਰਮੀਤ ਖਰੜ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਦੀ ਸਾਹਿਤ ਵੈਨ ਪੂਰੇ ਪੰਜਾਬ ਦਾ ਪਹਿਲਾ ਦੌਰਾ ਪੂਰਾ ਕਰਨ ਉਪਰੰਤ ਪਿਛਲੇ ਦਿਨਾਂ ਤੋਂ ਦੂਜੇ ਗੇੜ ਵਿੱਚ ਦਾਖਲ ਹੋ ਚੁੱਕੀ ਹੈ. ਦੂਜੇ ਦੌਰੇ ਵਾਸਤੇ ਚੰਡੀਗੜ੍ਹ ਜੋਨ ਦੀਆਂ ਇਕਾਈਆਂ ਮੰਡੀ ਗੋਬਿੰਦਗੜ੍ਹ, ਸਰਹਿੰਦ, ਰੋਪੜ ਆਦਿ ਤੋਂ ਹੁੰਦੀ ਹੋਈ 12 ਜੁਲਾਈ ਨੂੰ ਖਰੜ ਵਿਖੇ ਪੁੱਜੇਗੀ. ਉਹਨਾਂ ਕਿਹਾ ਕਿ ਇਸ ਦਿਨ ਐਤਵਾਰ ਹੋਣ ਕਰਕੇ ਇਕਾਈ ਖਰੜ ਵੱਲੋਂ ਵੈਨ ਨੂੰ ਦਾਊਂ ਦੇ ਮੇਲੇ ਉੱਤੇ ਲੈਕੇ ਜਾਇਆ ਜਾਵੇਗਾ ਤਾਂ ਕਿ ਵਿਗਿਆਨਿਕ ਸੋਚ ਦਾ ਸੁਨੇਹਾ ਦਿੰਦਾ ਸਾਹਿਤ ਵੱਧ ਤੋਂ ਵੱਧ ਹੱਥਾਂ ਤੱਕ ਪੁੱਜਦਾ ਕੀਤਾ ਜਾ ਸਕੇ .
ਇਸ ਦੌਰਾਨ ਹਾਜਰ ਤਰਕਸ਼ੀਲ ਆਗੂਆਂ ਜਗਵਿੰਦਰ ਜੱਗੀ, ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਮਾਸਟਰ ਜਰਨੈਲ ਸਹੌੜਾਂ, ਹਰਜਿੰਦਰ ਪਮੌਰ, ਗੁਰਮੀਤ ਸਹੌੜਾਂ ਨੇ ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸੀ ਵਰਤਾਰਿਆਂ ਨੂੰ ਨੱਥ ਪਾਉਣ ਲਈ ਵੱਧ ਤੋਂ ਵੱਧ ਲੋਕ ਤਰਕਸ਼ੀਲ ਲਹਿਰ ਨਾਲ਼ ਜੁੜਨ.