ਆਲੀਸ਼ਾਨ ਡੇਰਿਆਂ ਤੋਂ ਆਮਦਨ ਕਰ ਵਸੂਲਿਆ ਜਾਵੇ: ਤਰਕਸ਼ੀਲ

ਖਰੜ, 15 ਮਈ (ਕੁਲਵਿੰਦਰ ਨਗਾਰੀ): ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡੇਰਿਆਂ ਦੀ ਹਰ ਮਹੀਨੇ ਤਲਾਸ਼ੀ ਲੈਣ ਦਾ ਲਿਆ ਗਿਆ ਫੈਸਲਾ ਬਹੁਤ ਹੀ ਸਲਾਘਾਯੋਗ ਕਦਮ ਹੈ. ਅੱਜ ਜਦੋਂ ਸਾਡਾ ਆਲ਼ਾ-ਦੁਆਲ਼ਾ ਪਾਖੰਡਵਾਦ ਦੀ ਲਪੇਟ ਵਿੱਚ ਬੁਰੀ ਤਰਾਂ ਜਕੜਿਆ ਪਿਆ ਹੈ

ਤਾਂ ਸਮੇਂ ਦੀਆਂ ਸਰਕਾਰਾਂ ਨੂੰ ਇਸ ਨਾਲ਼ ਨਜਿੱਠਣ ਲਈ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਫੈਸਲੇ ਲੈਣ ਦੀ ਸ਼ਖਤ ਜਰੂਰਤ ਹੈ. ਗੈਰ-ਕਾਨੂੰਨੀ ਅਤੇ ਗੈਰ ਸਮਾਜਿਕ ਗਤੀਵਿਧੀਆਂ ਵਿੱਚ ਲਿਪਤ ਡੇਰਿਆਂ ਨੂੰ ਨੱਥ ਪਾਉਣ ਲਈ ਸਰਕਾਰ ਵੱਲੋ ਚੁੱਕਿਆ ਗਿਆ ਸ਼ੁਰੂਆਤੀ ਕਦਮ ਬਹੁਤ ਵਧੀਆ ਹੈ ਪਰ ਸਮੇਂ ਦੀ ਲੋੜ ਅਨੁਸਾਰ ਇਸ ਪਾਸੇ ਅੱਗੇ ਵਧਦੇ ਹੋਏ ਬਹੁਤ ਸਾਰਾ ਕੰਮ ਕਰਨਾ ਹਾਲੇ ਬਾਕੀ ਹੈ. ਇਹ ਗੱਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਆਗੂਆਂ ਨੇ ਵਿਸੇਸ਼ ਮੀਟਿੰਗ ਦੌਰਾਨ  ਕਹੀ.

ਤਰਕਸ਼ੀਲ ਆਗੂਆਂ ਨੇ ਕਿਹਾ ਕਿ ਸਾਡੇ ਦੇਸ ਵਿੱਚ ਪਣਪ ਰਹੇ ਡੇਰਿਆਂ ਵਿੱਚੋਂ ਜਿਆਦਾਤਰ ਨੇ ਲੋਕਾਂ ਦੀ ਸ਼ਰਧਾ ਨੂੰ ਵਪਾਰ ਅਤੇ ਕਾਰੋਬਾਰ ਦਾ ਸਾਧਨ ਬਣਾ ਲਿਆ ਹੈ. ਇਹੋ ਜਿਹੇ ਡੇਰਿਆਂ ਵਿੱਚ ਚੜਾਵੇ ਅਤੇ ਦਾਨ ਦੇ ਰੂਪ ਵਿੱਚ ਸਰਧਾਲੂਆਂ ਤੋਂ ਮਾਇਆ ਇਕੱਠੀ ਕਰਕੇ ਉਹਨਾਂ ਦਾ ਆਰਥਿਕ ਸ਼ੋਸਣ ਕਰਨ ਦੇ ਨਾਲ-ਨਾਲ ਕਾਰਸੇਵਾ ਦੇ ਨਾਂ ਹੇਠ ਕੰਮ ਕਰਵਾ ਕੇ ਉਹਨਾਂ ਦਾ ਸਰੀਰਿਕ ਸ਼ੋਸਣ ਵੀ ਕੀਤਾ ਜਾਂਦਾ ਹੈ. ਇਹਨਾਂ ਡੇਰਿਆਂ ਦੇ ਅਖੌਤੀ ਬਾਬਿਆਂ ਵੱਲੋਂ ਆਪਣੇ ਸ਼ਰਧਾਲੂਆਂ ਦੀਆਂ ਅੱਖਾਂ ਉੱਤੇ ਸ਼ਰਧਾ ਦੀ ਪੱਟੀ ਬੰਨਣ ਤੋਂ ਬਾਅਦ ਉਹਨਾਂ ਨੂੰ ਨਰਕ ਦਾ ਡਰ ਅਤੇ ਸਵਰਗ ਦਾ ਲਾਲਚ ਦੇ ਕੇ ਮਾਨਸਿਕ ਤੌਰ ‘ਤੇ ਅਪਾਹਜ ਬਣਾ ਦਿੱਤਾ ਜਾਂਦਾ ਹੈ. ਲੋਕਾਂ ਨੂੰ ‘‘ਮਾਇਆ ਨਾਗਣੀ ਹੈ, ਇਸ ਤੋਂ ਬਚੋ’ ਦਾ ਉਪਦੇਸ਼ ਦੇਣ ਵਾਲ਼ੇ ਬਹੁਤ ਸਾਰੇ ਡੇਰੇਦਾਰ ਖੁਦ ਲੋਕਾਂ ਤੋਂ ਮਾਇਆ  ਇਕੱਠੀ ਕਰਕੇ ਆਪ ਰਾਜਿਆਂ-ਮਹਾਰਾਜਿਆਂ ਵਰਗਾ ਜੀਵਨ ਬਤੀਤ ਹੀ ਨਹੀਂ ਕਰਦੇ ਸਗੋਂ ਖੁਦ ਨੂੰ ਬੜੀ ਸ਼ਾਨ ਨਾਲ ‘ਮਹਾਰਾਜ ਜੀ’ ਕਹਾਉਂਦੇ ਵੀ ਹਨ.

ਤਰਕਸ਼ੀਲ ਆਗੂਆਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਲੱਖਾਂ-ਕਰੋੜਾਂ ਦੀ ਜਾਇਦਾਦ ਵਾਲੇ ਡੇਰਿਆਂ ਦੇ ਸਿਰਫ ਗੈਰ-ਕਾਨੂੰਨੀ ਸਰੋਕਾਰਾਂ ਦਾ ਹੀ ਨੋਟਿਸ ਲੈਣ ਤੱਕ ਸੀਮਿਤ ਨਾ ਰਿਹਾ ਜਾਵੇ. ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਜਾਇਦਾਦ ਅਤੇ ਆਮਦਨ ਦੇ ਸਾਧਨਾਂ ਦੀ ਪੜਤਾਲ਼ ਕਰਕੇ ਇਨਾਂ ਨੂੰ ਆਮਦਨ ਕਰ ਦੇ ਘੇਰੇ ਵਿੱਚ ਲਿਆ ਕੇ ਟੈਕਸ ਵਸੂਲੀ ਕੀਤੀ ਜਾਵੇ. ਤਾਂਕਿ ਡੇਰਿਆਂ ਪਾਸ ਜਮਾਂ ਪਏ ਬੇ-ਸ਼ੁਮਾਰ ਧਨ ਦਾ ਕੁਛ ਹਿੱਸਾ ਲੋਕ-ਭਲਾਈ ਅਤੇ ਵਿਕਾਸ ਕਾਰਜਾਂ ਦੇ ਕੰਮ ਆ ਸਕੇ.

ਇਸ ਮੀਟਿੰਗ ਵਿੱਚ ਲੈਕਚਰਾਰ ਗੁਰਮੀਤ ਖਰੜ, ਕਰਮਜੀਤ ਸਕਰੁੱਲਾਂਪੁਰੀ, ਬਿਕਰਮਜੀਤ ਸੋਨੀ, ਕੁਲਵਿੰਦਰ ਨਗਾਰੀ, ਸੁਜਾਨ ਬਡਾਲ਼ਾ, ਜਗਵਿੰਦਰ ਸਿੰਬਲ਼ਮਾਜਰਾ, ਅਵਤਾਰ ਸਹੌੜਾਂ ਹਾਜ਼ਰ ਸਨ.