ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਤਰਕਸ਼ੀਲ ਆਗੂ ਵੱਲੋਂ ਸੁਰਜੀਤ ਸਿੰਘ ਰੱਖੜਾ ਦੇ ਬਿਆਨ ਦੀ ਨਿਖੇਧੀ

‘ਔਰਬਿਟ ਕਾਂਡ  ਰੱਬੀ ਭਾਣਾ ਨਹੀਂ, ਸਗੋਂ ਅਕਾਲੀਆਂ ਦੀ ‘ਸੇਵਾ ਦਾ ਨਤੀਜਾ; ਕ੍ਰਾਂਤੀ

ਐਸ.ਏ.ਐਸ ਨਗਰ, 3 ਮਈ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ ਦੇ ਜੋਨ ਆਗੂ ਜਰਨੈਲ ਕ੍ਰਾਂਤੀ ਨੇ ਉੱਚ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਉਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ. ਜਿਸ ਵਿੱਚ ਉਹਨਾਂ ਮੋਗਾ ਵਿਖੇ ਲੜਕੀ ਦੀ ਔਰਬਿਟ ਬੱਸ ਵਿੱਚੋਂ ਜਬਰਦਸਤੀ ਧੱਕਾ ਦੇ ਕੇ ਸੁੱਟਣ ਕਾਰਨ ਹੋਈ ਮੌਤ ਨੂੰ

‘‘ਪਰਮਾਤਮਾ ਦਾ ਭਾਣਾ’ ਕਿਹਾ ਸੀ. ਤਰਕਸ਼ੀਲਾਂ ਨੇ ਕਿਹਾ ਕਿ ਨਾ ਤਾਂ ਇਹ ਕਿਸੇ ‘ਪਰਮਾਤਮਾ ਦਾ ਭਾਣਾ’ ਹੈ ਅਤੇ ਨਾਂ ਇਹ ਕਿਸੇ ਦੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਬਲਕਿ ਇਹ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀ ਜਾ ਰਹੀ ‘‘ਰਾਜ ਨਹੀਂ ਸੇਵਾ’ਦਾ ਨਤੀਜਾ ਹੈ. ਤਰਕਸ਼ੀਲ ਆਗੂ ਨੇ ਮੰਤਰੀ ਨੂੰ ਅੰਧਵਿਸ਼ਵਾਸੀ ਸਿਆਸਤਦਾਨ ਗਰਦਾਨਦਿਆਂ ਕਿਹਾ ਕਿ ਮੰਤਰੀ ਲੜਕੀ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਅਤੇ ਸੂਬੇ ਵਿੱਚ ਬਾਦਲ ਪਰਿਵਾਰ ਦੀਆਂ ਬੱਸਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀ ਆਲੋਚਨਾ ਕਰਨ ਦੀ ਬਜਾਏ ਲੋਕਾਂ ਨੂੰ ਅੰਧਵਿਸ਼ਵਾਸ ਦੇ ਰਸਤੇ 'ਤੇ ਤੋਰ ਰਹੇ ਹਨ. ਦੱਸਣਯੋਗ ਹੈ ਕਿ ਉੱਚ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਲੰਘੇ ਦਿਨ ਇਹ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਸੀ ਕਿ ਲੜਕੀ ਦੀ ਮੌਤ ‘ਕੁਦਰਤ ਦਾ ਭਾਣਾ' ਹੈ ਅਤੇ ਹਾਦਸਿਆਂ ਨੂੰ ਕੋਈ ਨਹੀਂ ਰੋਕ ਸਕਦਾ. ਉਹਨਾਂ ਇਹ ਵੀ ਕਿਹਾ ਸੀ ਕਿ ਜੋ ਕੁੱਝ ਵਾਪਰਿਆ ‘ਸਭ ‘ਪਰਮਾਤਮਾ ਦੀ ਮਰਜੀ’ ਹੈ.

ਅੱਜ ਇਸ ਵਿਵਾਦਿਤ ਬਿਆਨ 'ਤੇ ਹੋਰ ਗੱਲਬਾਤ ਕਰਦਿਆਂ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਜੇਕਰ ਸਰਕਾਰ ਚਾਹੇ ਤਾਂ ਹਾਦਸਿਆਂ ਨੂੰ ਰੋਕ ਸਕਦੀ ਹੈ, ਇਹ ਕੋਈ ਕੁਦਰਤੀ ਭਾਣਾ ਨਹੀਂ. ਉਹਨਾਂ ਮੰਤਰੀ ਨੂੰ ਸਵਾਲ ਕੀਤਾ ਕਿ ਸ਼੍ਰੀ ਰੱਖੜਾ ਆਪ ਬਾਹਰਲੇ ਦੇਸ਼ਾਂ ਵਿੱਚ ਘੁੰਮਦੇ ਹਨ, ਕੀ ਉੱਥੇ ਵੀ ਹਾਦਸੇ ਕੁਦਰਤੀ ਭਾਣਾ ਹਨ ਜਾਂ ਉੱਥੋਂ ਦੀਆਂ ਸਰਕਾਰਾਂ ਨੇ ਡਿਵਾਈਡਰਾਂ ਸਮੇਤ ਚੌੜੀਆਂ ਸੜਕਾਂ ਬਣਾ ਕੇ ਉਹਨਾਂ ਨੂੰ ਕੰਟਰੋਲ ਕੀਤਾ ਹੈ? ਉਹਨਾਂ ਕਿਹਾ ਕਿ ਜੇਕਰ ਇੱਕ ਉੱਚ ਸਿੱਖਿਆ ਮੰਤਰੀ ਹੀ ਸਾਰਾ ਕੁੱਝ ਰੱਬ ਤੇ ਸੁੱਟਦਾ ਹੈ ਤਾਂ ਉਹ ਵਿਦਿਆਰਥੀਆਂ ਨੂੰ ਕਿਸ ਤਰਾਂ ਗੈਰਵਿਗਿਆਨਿਕ ਸੋਚ ਵਿੱਚੋਂ ਕੱਢੇਗਾ ਅਤੇ ਉਹਨਾਂ ਨੂੰ ਕਿਸ ਤਰਾਂ ਆਪਣੇ ਪੈਰਾਂ ਤੇ ਖੜਾ ਕਰੇਗਾ? ਤਰਕਸ਼ੀਲ ਆਗੂ ਨੇ ਕਿਹਾ ਕਿ ਇਹੋ ਜਿਹੇ ਸਿਆਸਤਦਾਨ ਲੋਕਾਂ ਨੂੰ ਆਪਣੀ ਹੋਣੀ ਦਾ ਆਪ ਮਾਲਕ ਨਹੀਂ ਬਣਨ ਦੇਣਾ ਚਾਹੁੰਦੇ. ਇਹ ਨਹੀਂ ਚਾਹੁੰਦੇ ਕਿ ਲੋਕ ਜਾਗਰੂਕ ਹੋਣ. ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹੋ ਜਿਹੇ ਸਿਆਸਤਦਾਨਾਂ ਨੂੰ ਮੂੰਹ ਨਾ ਲਾਉਣ ਜੋ ਉਹਨਾਂ ਨੂੰ ਕਿਸਮਤਵਾਦ, ਰੱਬੀ ਭਾਣੇ ਵਿੱਚ ਫਸਾ ਕੇ ਰੱਖਣਾ ਚਾਹੁੰਦੇ ਹਨ. ਤਰਕਸ਼ੀਲਾਂ ਨੇ ਉੱਚ ਸਿੱਖਿਆ ਮੰਤਰੀ ਨੂੰ ਫੌਰੀ ਤੌਰ ਤੇ ਆਪਣਾ ਬਿਆਨ ਵਾਪਸ ਲੈਣ ਤੇ ਵਿਗਿਆਨ ਦੀਆਂ ਕਿਤਾਬਾਂ ਪੜਨ ਦੀ ਸਲਾਹ ਦਿੱਤੀ ਤਾਂਕਿ ਉਹ ਕਿਸਮਤਵਾਦ ਅਤੇ ਰੱਬੀ ਭਾਣਿਆਂ ਦੇ ਚੱਕਰਾਂ ਵਿੱਚੋਂ ਨਿੱਕਲ ਕੇ ਵਿਦਿਆਰਥੀਆਂ ਨੂੰ ਕੋਈ ਸਹੀ ਸੇਧ ਦੇ ਸਕਣ.

powered by social2s