ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਲੋਕਾਂ ਦੀਆਂ ਅੱਖਾਂ ਨਮ ਕਰ ਗਿਆ ਪਿੰਡ ਦਾਉਂ ਦਾ ਨਾਟਕ ਮੇਲਾ

ਮਿੱਟੀ ਰੁਦਨ ਕਰੇ ਤੇ ਸੱਜਰੀ ਸਵੇਰ ਨਾਟਕਾਂ ਦੀ ਸਫਲ ਪੇਸ਼ਕਾਰੀ

ਮੋਹਾਲੀ, 8 ਨਵੰਬਰ (ਸਤਨਾਮ ਦਾਉਂ): ਨਹਿਰੂ ਯੁਵਾ ਕੇਂਦਰ ਮੁਹਾਲੀ (ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ) ਭਾਰਤ ਸਰਕਾਰ ਵੱਲੋਂ ਪਿੰਡ ਦਾਉਂ ਦੇ ਦਾਉਂ ਸਾਹਿਬ ਯੂਥ ਕਲੱਬ ਤੇ ਕਮਿਉਨਿਟੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਪੁਕਾਰ ਰੰਗਮੰਚ ਵੱਲੋਂ ਅਵਤਾਰ ਨਗਲੀਆਂ ਦੇ ਨਿਰਦੇਸ਼ਨ ਹੇਠ ਨਾਟਕ ਮੇਲਾ

ਕਰਵਾਇਆ ਗਿਆ. ਇਸ ਵਿੱਚ ਪਿੰਡ ਵਾਸੀਆਂ ਖਾਸਕਰ ਨੌਜਵਾਨਾਂ ਨੂੰ ਨਸ਼ਿਆਂ, ਭਰੂਣ ਹੱਤਿਆ ਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕੀਤਾ ਗਿਆ. ਇਸ

            ਪਿੰਡ ਦਾਉਂ ਵਿਖੇ ਕਰਵਾਏ ਗਏ ਨਾਟਕ ਮੇਲੇ ਦੀ ਝਲਕ

ਮੌਕੇ ਨਾਟਕ ਟੀਮ ਨੇ ਦੋ ਨਾਟਕ ਖੇਡੇ. ਪੁਹਿਲਾ ਨਾਟਕ ਮਿੱਟੀ ਰੁਦਨ ਕਰੇ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਕਹਾਣੀ ਪਿੰਡ ਦੇ ਲੋਕਾਂ ਦੀਆਂ ਅੱਖਾਂ ਨਮ ਕਰ ਗਈ ਜੋ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੇ ਘਰ ਤੇ ਜਿੰਦਗੀ ਤਬਾਹ ਕਰ ਲੈਂਦਾ ਹੈ. ਨਾਟਕ ਚਲਦੇ ਸਮੇਂ ਕਈ ਵਿਅਕਤੀਆਂ ਤੇ ਔਰਤਾਂ ਦੀਆਂ ਅੱਖਾਂ ਚੋਂ ਹੰਝੂ ਵਗਦੇ ਦੇਖੇ ਗਏ. ਦੂਜੇ ਨਾਟਕ ਸੱਜਰੀ ਸਵੇਰ ਵਿੱਚ ਭਰੂਣ ਹੱਤਿਆ ਖਿਲਾਫ ਸੁਨੇਹਾ ਦਿੱਤਾ ਗਿਆ. ਇਸ ਨਾਟਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਜਿਲ੍ਹਾ ਯੂਥ ਕੋਆਰਡੀਨੇਟਰ ਸ. ਪਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪੁਜੇ. ਉਹਨਾਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਤੇ ਭਰੂਣ ਹੱਤਿਆ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕਿ ਕੁੜੀਆਂ ਨੇ ਹਰ ਖੇਤਰ ਵਿਚ ਮੁੰਡਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੁਕਾਬਲਾ ਕੀਤਾ ਹੈ. ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਇਕਾਈ ਮੋਹਾਲੀ ਦੇ ਆਗੂ ਸਤਨਾਮ ਦਾਉਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਪ੍ਰਤੀ ਸੁਚੇਤ ਕਰਦੇ ਹੋਏ ਕਿਹਾ ਕਿ 21ਵੀਂ ਸਦੀ ਵਿਗਿਆਨ ਦੀ ਸਦੀ ਹੋਣ ਦੇ ਬਾਵਜੂਦ ਅੰਧਵਿਸ਼ਵਾਸ ਦੀ ਜਕੜ ਵਿੱਚ ਹੈ ਤੇ ਲੋਕਾਈ ਨੂੰ ਅੰਧਵਿਸ਼ਵਾਸਾਂ ਵਿੱਚੋਂ ਕੱਢਣ ਦੀ ਜਿੰਮੇਵਾਰੀ ਨੌਜਵਾਨ ਮੁੰਡੇ-ਕੁੜੀਆਂ ਦੇ ਮੋਢਿਆਂ ਤੇ ਹੈ. ਦਾਉਂ ਸਾਹਿਬ ਯੂਥ ਕਲੱਬ ਦੇ ਪ੍ਰਧਾਨ ਪਰਵਿੰਦਰ ਸਿੰਘ ਤੇ ਖਜਾਨਚੀ ਰਾਮ ਕਰਨ ਨੇ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਵਿਉਂਤੇ ਜਾਣਗੇ ਜਿਸ ਨਾਲ ਨੌਜਵਾਨਾਂ ਨੂੰ ਸੇਧ ਮਿਲ ਸਕੇ. ਇਸ ਪ੍ਰੋਗਰਾਮ ਵਿਚ ਬਲਾਕ ਖਰੜ ਦੇ ਇੰਚਾਰਜ ਲਖਵਿੰਦਰ ਸਿੰਘ ਜੰਡਪੁਰ, ਬਲਾਕ ਮਾਜਰੀ ਦੇ ਇੰਚਾਰਜ ਗੁਰਵਿੰਦਰ ਸਿੰਘ ਮੁੰਧੋਂ ਰਮਨਦੀਪ (ਪ੍ਰਧਾਨ) ਅਜਮੇਰ ਸਿਘ, ਚੇਅਰਮੈਨ ਕਮਿਉਨਿਟੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਬਲਵਿੰਦਰ ਸਿੰਘ ਦਾਉਂ, ਕਲੱਬ ਮੈਂਬਰ ਰਮਨ ਕੁਮਾਰ, ਕੁਲਵਿੰਦਰ ਸਿੰਘ, ਗਗਨਦੀਪ, ਜਸਪ੍ਰੀਤ ਸਿੰਘ ਬਿੰਬਰਾ, ਗੌਤਮ ਸਿੰਘ, ਗੁਰਵਿੰਦਰ ਸਿੰਘ, ਮਨਿੰਦਰ ਸਿੰਘ, ਰਵਿੰਦਰ ਸਿੰਘ ਅਤੇ ਭਾਰੀ ਗਿਣਤੀ ਵਿਚ ਪਿੰਡ ਦੇ ਲੋਕ ਖਾਸਕਰ ਔਰਤਾਂ ਮੌਜੂਦ ਸਨ.

powered by social2s