ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਬਾਗੇਸ਼ਵਰ ਧਾਮ ਦੇ ਢੌਂਗੀ ਬਾਬੇ ਧਿਰੇਂਦਰ ਸ਼ਾਸਤਰੀ ਨੂੰ ਚਣੌਤੀ

 ਅਖੌਤੀ ਦੈਵੀ ਸ਼ਕਤੀ ਦੇ ਅਡੰਬਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ

ਲੁਧਿਆਣਾ, 24 ਅਕਤੂਬਰ (ਹਰਚੰਦ ਭਿੰਡਰ ); ਚਰਚਿਤ ਬਾਗੇਸ਼ਵਰ ਧਾਮ ਵਾਲੇ ਢੌਂਗੀ ਬਾਬਾ ਧਿਰੇਂਦਰ ਸ਼ਾਸਤਰੀ ਜੋ ਲੋਕਾਂ ਦੇ ਦੁੱਖ ਕਸ਼ਟ, ਬਿਮਾਰੀਆਂ ਆਦਿ ਆਪਣੀ ਚਮਤਕਾਰੀ ਗੈਬੀ ਸ਼ਕਤੀ ਨਾਲ ਨਿਵਾਰਨ ਦੇ ਦਾਅਵੇ ਕਰਕੇ ਸਮਾਜ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰਕੇ ਅੰਧਵਿਸਵਾਸ ਫੈਲਾ ਰਿਹਾ ਹੈ, ਨੂੰ ਤਰਕਸ਼ੀਲ

ਸੁਸਾਇਟੀ ਪੰਜਾਬ ਨੇ ਖੁੱਲ੍ਹੀ ਚਣੌਤੀ ਦਿੱਤੀ ਹੈ. ਤਰਕਸ਼ੀਲ ਸੁਸਾਇਟੀ ਦੇ ਜ਼ੋਨ ਲੁਧਿਆਣਾ ਦੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ, ਜੱਥੇਬੰਦਕ ਮੁੱਖੀ ਜਸਵੰਤ ਜੀਰਖ, ਮੀਡੀਆ ਮੁੱਖੀ ਹਰਚੰਦ ਭਿੰਡਰ, ਵਿੱਤ ਮੁੱਖੀ ਆਤਮਾ ਸਿੰਘ, ਸੱਭਿਆਚਾਰਕ  ਮੁੱਖੀ ਸ਼ਮਸ਼ੇਰ ਨੂਰਪੁਰੀ, ਮਾਨਸਿਕ ਰੋਗ ਮੁੱਖੀ ਰਾਜਿੰਦਰ ਜੰਡਿਆਲੀ ਨੇ ਸੁਸਾਇਟੀ ਦੀ ਸੂਬਾ ਕਮੇਟੀ ਵੱਲੋਂ ਇਸ ਬਾਬੇ ਨੂੰ ਦਿੱਤੀ ਚਣੌਤੀ ਅਨੁਸਾਰ, 5 ਲੱਖ ਰੁਪਏ ਦਾ ਨਗਦ ਇਨਾਮ ਜਿੱਤਣ ਲਈ ਆਪਣੀ ਗੈਬੀ ਸ਼ਕਤੀ ਸਿੱਧ ਕਰਨ ਲਈ ਚਣੌਤੀ ਦਿੱਤੀ ਹੈ. ਉਪਰੋਕਤ ਆਗੂਆਂ ਨੇ ਕਿਹਾ ਇਹ ਬਾਬਾ ਲੋਕਾਂ ਵਿੱਚ ਸ਼ਰੇਆਮ ਧਰਮ ਦੇ ਅਧਾਰ ਤੇ ਫਿਰਕੂ ਨਫ਼ਰਤ ਫੈਲਾ ਰਿਹਾ ਹੈ, ਜੋ ਕਿ ਸੰਵਿਧਾਨਿਕ ਅਪਰਾਧ ਹੈ. ਪਰ ਸਰਕਾਰ ਅਤੇ ਅਤੇ ਪੁਲਿਸ ਇਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮੂਕ ਦ੍ਰਸ਼ਕ ਬਣਕੇ ਇਸ ਦੇ ਅੰਧਵਿਸ਼ਵਾਸੀ ਪ੍ਰਚਾਰ ਵਿੱਚ ਭਾਈਵਾਲ਼ ਬਣਨ ਦਾ ਰੋਲ ਨਿਭਾਅ ਰਹੀਆਂ ਹਨ. ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਇਸ ਬਾਬੇ ਬਾਰੇ ਦੱਸਿਆ ਕਿ ਮਹਾਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲ ਸਮਿਤੀ ਵੱਲੋਂ ਮਹਾਰਾਸ਼ਟਰ ਵਿੱਚ, ਜਦੋਂ ਇਸ ਬਾਗੇਸ਼ਵਰ ਬਾਬੇ ਨੂੰ ਆਪਣੀ ਕਰਾਮਾਤੀ ਅਖੌਤੀ ਦੈਵੀ ਸ਼ਕਤੀ ਸਿੱਧ ਕਰਕੇ 30 ਲੱਖ ਰੁ ਦਾ ਇਨਾਮ ਜਿੱਤਣ ਦੀ ਚਣੌਤੀ ਦਿੱਤੀ ਤਾਂ ਇਹ ਆਪਣਾ ਸਮਾਗਮ ਰੱਦ ਕਰਕੇ ਉੱਥੋਂ ਭਗੌੜਾ ਹੋ ਗਿਆ ਸੀ. ਤਰਕਸ਼ੀਲ ਆਗੂਆਂ ਨੇ ਕਿਹਾ ਕਿ ਹੁਣ ਇਸ ਵੱਲੋਂ ਪੰਜਾਬ ਵਿੱਚ ਆਣਕੇ ਭਾਜਪਾ-ਸੰਘ ਦੇ ਹਿੰਦੂਤਵੀ ਏਜੰਡੇ ਤਹਿਤ ਫਿਰਕੂ ਨਫ਼ਰਤ ਫੈਲਾਈ ਜਾ ਰਹੀ ਹੈ, ਜਿਸ ਖਿਲਾਫ ਤੁਰੰਤ ਕਾਰਵਾਈ ਦੀ ਲੋੜ ਹੈ ਜੋ ਨਹੀਂ ਕੀਤੀ ਜਾ ਰਹੀ.

ਤਰਕਸ਼ੀਲ ਆਗੂਆਂ ਨੇ ਸਪਸਟ ਕੀਤਾ ਕਿ ਕਿਸੇ ਵਿਅਕਤੀ ਵੱਲੋਂ ਮਾਨਤਾ ਪ੍ਰਾਪਤ ਡਿਗਰੀ ਤੋਂ ਬਗੈਰ ਕਿਸੇ ਵੀ ਬਿਮਾਰੀ ਦਾ ਜੰਤਰ-ਮੰਤਰ, ਪਾਠ ਪੂਜਾ, ਟੂਣੇ-ਟੋਟਕੇ, ਹਵਨ ਜਾਂ ਕਿਸੇ ਅਖੌਤੀ ਅਧਿਆਤਮਕ ਸ਼ਕਤੀ ਨਾਲ ਇਲਾਜ ਜਾਂ ਕਿਸੇ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ. ਜੇ ਕੋਈ ਅਜਿਹਾ ਕਰਨ ਦਾ ਦਾਅਵਾ ਕਰਦਾ ਹੈ ਤਾਂ ਮੈਡੀਕਲ ਰਜਿਸਟ੍ਰੇਸਨ ਐਕਟ ਤਹਿਤ ਗ੍ਰਿਫਤਾਰ ਕਰਕੇ ਉਸ ਉੱਤੇ ਅਪ੍ਰਾਧਿਕ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ, ਪਰ ਸਾਡੀਆਂ ਹਕੂਮਤਾਂ ਇਹਨਾਂ ਪਾਖੰਡੀ ਬਾਬਿਆਂ, ਤਾਂਤਰਿਕਾਂ ਆਦਿ ਵੱਲੋਂ ਲੋਕਾਂ ਦੀ ਸ਼ਰੇਆਮ ਕੀਤੀ ਜਾ ਰਹੀ ਲੁੱਟ ਅਤੇ ਸ਼ੋਸ਼ਣ ਨੂੰ ਮੂਕ ਦ੍ਰਸ਼ਕ ਬਣਕੇ ਵੇਖ ਰਹੀਆਂ ਹਨ. ਲੋੜ ਹੈ ਕਿ ਅਜਿਹੇ ਢੌਂਗੀ ਬਾਬਿਆਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਉਣ ਲਈ ਅੰਧਵਿਸਵਾਸ ਫੈਲਾਉਣ ਵਿਰੁੱਧ ਸਖ਼ਤ ਕਾਨੂੰਨ ਬਣਾਕੇ ਲਾਗੂ ਕੀਤਾ ਜਾਵੇ, ਜਿਸ ਦੀ ਤਰਕਸ਼ੀਲ ਸੁਸਾਇਟੀ ਬਾਰ ਬਾਰ ਮੰਗ ਕਰਦੀ ਆ ਰਹੀ ਹੈ. ਉਹਨਾਂ ਕਿਹਾ ਕਿ ਜਿਸ ਗੈਬੀ ਸ਼ਕਤੀ ਦਾ ਢੰਡੋਰਾ ਪਿੱਟਕੇ ਇਹ ਲੋਕਾਂ ਦੇ ਵੱਡੇ ਵੱਡੇ ਇਕੱਠਾਂ ਵਿੱਚੋਂ ਕਿਸੇ ਪੀੜਤ ਔਰਤ ਜਾਂ ਮਰਦ ਦਾ ਨਾਂ ਬੋਲਕੇ ਭਰੇ ਪੰਡਾਲ ਵਿੱਚ ਉਸ ਦੀ ਜ਼ਿੰਦਗੀ ਨਾਲ ਸਬੰਧਤ ਦੁੱਖ-ਦਰਦ ਖਤਮ ਕਰਨ ਦਾ ਢਕੌਂਜ ਕਰਕੇ ਲੋਕਾਂ ਵਿਚ ਵਾਹ- ਵਾਹ ਕਰਵਾ ਰਿਹਾ ਹੈ, ਇਹ ਸਭ ਕੁੱਝ ਧੋਖਾ ਤੇ ਫ਼ਰੇਬ ਹੈ. ਜੇ ਇਹ ਤਰਕਸ਼ੀਲ ਸੁਸਾਇਟੀ ਵੱਲੋਂ ਇਸ ਦੇ ਪੰਡਾਲ ਵਿੱਚ ਭੇਜੇ ਮੈਂਬਰਾਂ ਬਾਰੇ ਅਜਿਹੇ ਦਾਅਵੇ ਅਨੁਸਾਰ ਦੱਸਕੇ ਆਪਣੇ ਆਪ ਨੂੰ ਸਹੀ ਸਿੱਧ ਕਰ ਦੇਵੇ ਤਾਂ 5 ਲੱਖ ਦਾ ਇਨਾਮ ਪ੍ਰਾਪਤ ਕਰਨ ਲਈ ਤਰਕਸ਼ੀਲ ਸੁਸਾਇਟੀ ਵੱਲੋਂ ਧੋਖਾ ਰਹਿਤ ਹਾਲਤਾਂ ਵਿੱਚ ਰੱਖੀਆਂ ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਨ ਦੀ ਚਣੌਤੀ ਕਬੂਲ ਕਰੇ. ਜੇ ਅਜਿਹਾ ਨਹੀਂ ਕਰਦਾ ਤਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਕੋਲ ਕੋਈ ਵੀ ਅਜਿਹੀ ਸ਼ਕਤੀ ਨਹੀਂ ਜਿਸ ਨਾਲ ਕਿਸੇ ਦਾ ਕੁੱਝ ਸੰਵਾਰਿਆ ਜਾ ਸਕੇ.