ਅੰਧ ਵਿਸ਼ਵਾਸਾਂ ਵਿਰੁੱਧ ਕਾਨੂੰਨ ਬਣਾਉਣ ਲਈ ਦਿੱਤਾ ਵਿਧਾਇਕ ਕੁਲਵੰਤ ਸਿੰਘ ਨੂੰ ਮੰਗ ਪੱਤਰ

ਮੋਹਾਲੀ, 20 ਜਨਵਰੀ (ਗੁਰਤੇਜ ਸਿੰਘ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਅਤੇ ਚੰਡੀਗੜ੍ਹ  ਵੱਲੋਂ  ਸੂਬਾ ਆਗੂ ਡਾ. ਮਜੀਦ ਆਜਾਦ ਅਤੇ ਸਤਨਾਮ ਦਾਉਂ ਦੀ ਅਗਵਾਈ ਹੇਠ ਹਲਕਾ ਵਿਧਾਇਕ  ਕੁਲਵੰਤ ਸਿੰਘ ਨੂੰ  ‘ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ-ਵਿਸ਼ਵਾਸ ਰੋਕੂ’

ਕਾਨੂੰਨ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ. ਇਸ ਕਾਨੂੰਨ ਦਾ ਮੰਤਵ ਪੰਜਾਬ ਵਿੱਚ ਕਾਲਾ-ਇਲਮ, ਕਾਲਾ-ਜਾਦੂ, ਬੁਰੀਆਂ ਆਤਮਾਵਾਂ, ਝੂਠੀਆਂ ਭਵਿੱਖ-ਬਾਣੀਆਂ ਅਤੇ ਹੋਰ ਅੰਧਵਿਸ਼ਵਾਸੀ ਤਰੀਕਿਆਂ ਰਾਹੀਂ ਤਾਂਤਰਿਕਾਂ, ਚੌਂਕੀਆਂ ਲਾਉਣ ਵਾਲੇ ਢੌਂਗੀ ਬਾਬਿਆਂ ਆਦਿ ਵੱਲੋਂ ਭੋਲੇ-ਭਾਲੇ, ਦੁੱਖਾਂ ਮਾਰੇ ਲੋਕਾਂ ਦਾ ਕੀਤਾ ਜਾ ਰਿਹਾ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸਣ ਬੰਦ ਕਰਵਾਉਣਾ ਹੈ. ਇਸ ਮੌਕੇ ਮੌਜੂਦ ਆਗੂਆਂ ਨੇ ਕਿਹਾ ਕਿ ਅੰਧਵਿਸ਼ਵਾਸ ਕਿਸੇ ਸਮਾਜ ਲਈ ਬਿਲਕੁਲ ਇਸੇ ਤਰ੍ਹਾਂ ਨੁਕਸਾਨਦੇਹ ਹੁੰਦੇ ਹਨ ਜਿਸ ਤਰ੍ਹਾਂ ਲੱਕੜ ਲਈ ਸਿਉਂਕ. ਅਖੌਤੀ ਬਾਬੇ ਆਪ ਤਾਂ ਅਜਿਹਾ ਕੋਈ ਕੰਮਕਾਰ ਕਰਦੇ ਨਹੀਂ ਜਿਸ ਨਾਲ ਦੇਸ ਦੇ ਵਿਕਾਸ ਵਿੱਚ ਕੋਈ ਯੋਗਦਾਨ ਪੈਂਦਾ ਹੋਵੇ. ਉਲਟਾ ਕਿਰਤੀ ਲੋਕਾਂ ਦੀ ਕਮਾਈ ਲੁੱਟਣ ਵਾਸਤੇ ਚੌਕੀਆਂ ਆਦਿ ਲਾਕੇ ਅੰਧਵਿਸਵਾਸੀ ਕਰਮਕਾਂਡਾਂ ਦਾ ਪਸਾਰ ਕਰਦੇ ਹਨ ਜਿਸ ਨਾਲ ਦੇਸ ਦੇ ਵਿਕਾਸ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ.

ਤਰਕਸ਼ੀਲਾਂ ਨੇ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਲਈ ਪੁਰਜੋਰ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਅੰਧਵਿਸ਼ਵਾਸੀ ਲੁੱਟ ਤੋਂ ਬਚਾਇਆ ਜਾ ਸਕੇ. ਉਨ੍ਹਾਂ ਕਿਹਾ ਕਿ ਕੁਝ ਚਲਾਕ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਦੀ ਨਾਲ ਕੀਤੀ ਜਾਂਦੀ ਠੱਗੀ ਨੂੰ ਬੰਦ ਕਰਾਉਣ ਲਈ ਆਪਣੀ ਜਿੰਮੇਵਾਰੀ ਸਮਝਿਆ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਜਰੂਰ ਬਣਾਉਣਾ ਚਾਹੀਦਾ ਹੈ. ਇਸ ਬਾਰੇ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਾਨੂੰਨ ਬਨਾਉਣ ਵਾਸਤੇ ਪੈਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ. ਇਸ ਮੌਕੇ ਤਰਕਸ਼ੀਲ ਕਾਰਕੁੰਨ ਗੁਰਤੇਜ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਹਿਮਾਂ-ਭਰਮਾਂ ਦੇ ਸਥਾਈ ਹੱਲ ਵਾਸਤੇ ਵਿਗਿਆਨਕ ਸੋਚ ਨੂੰ ਜੀਵਨ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਬਿਹਤਰ ਜੀਵਨ-ਜਾਚ ਦੇ ਰਾਹ ਪਿਆ ਜਾ ਸਕੇ.