ਤਰਕਸ਼ੀਲਾਂ ਵੱਲੋਂ ਅੰਧ ਵਿਸ਼ਵਾਸਾਂ ਵਿਰੁੱਧ ਕਾਨੂੰਨ ਬਣਾਉਣ ਲਈ ਦਿੱਤਾ ਕੈਬਿਨਟ ਮੰਤਰੀ ਨੂੰ ਮੰਗ ਪੱਤਰ

ਖਰੜ 19 ਜਨਵਰੀ (ਸੁਜਾਨ ਬਡਾਲਾ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਮੁਖੀ ਕੁਲਵਿੰਦਰ ਨਗਾਰੀ ਦੀ ਅਗਵਾਈ ਵਿੱਚ ਹਲਕਾ ਖਰੜ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਨੂੰ ''ਕਾਲਾ ਜਾਦੂ ਮੰਤਰ ਅਤੇ ਅੰਧ-ਵਿਸ਼ਵਾਸ ਰੋਕੂ ਕਾਨੂੰਨ" ਬਣਾਉਣ

ਸਬੰਧੀ ਮੰਗ ਪੱਤਰ ਸੌਪਿਆ. ਇਸ ਮੌਕੇ ਇਕਾਈ ਮੁਖੀ ਜੋਗਾ ਸਿੰਘ ਦੀ ਅਗਵਾਈ ਵਿੱਚ ਚੰਡੀਗੜ੍ਹ ਇਕਾਈ ਵੀ ਸ਼ਾਮਿਲ ਸੀ. ਇਸ ਕਾਨੂੰਨ ਦਾ ਮੰਤਵ ਪੰਜਾਬ ਵਿੱਚ ਕਾਲਾ-ਇਲਮ, ਕਾਲ਼ਾ-ਜਾਦੂ, ਬੁਰੀਆਂ ਆਤਮਾਵਾਂ, ਝੂਠੀਆਂ ਭਵਿੱਖ-ਬਾਣੀਆਂ ਅਤੇ ਹੋਰ ਅੰਧਵਿਸ਼ਵਾਸ਼ੀ ਤਰੀਕਿਆਂ ਰਾਹੀਂ ਤਾਂਤਰਿਕਾਂ, ਚੌਂਕੀਆਂ ਲਾਉਣ ਵਾਲੇ ਢੌਂਗੀ ਬਾਬਿਆਂ ਆਦਿ ਵੱਲੋਂ ਭੋਲੇ-ਭਾਲੇ, ਦੁੱਖਾਂ ਮਾਰੇ ਲੋਕਾਂ ਦਾ ਕੀਤਾ ਜਾ ਰਿਹਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਬੰਦ ਕਰਵਾਉਣਾ ਹੈ.

ਇਸ ਮੌਕੇ ਮੌਜੂਦ ਜੋਨ ਮੁਖੀ ਪ੍ਰਿੰਸੀਪਲ ਖਰੜ ਗੁਰਮੀਤ ਨੇ ਕਿਹਾ ਕਿ ਅੰਧਵਿਸ਼ਵਾਸ ਕਿਸੇ ਸਮਾਜ ਲਈ ਬਿਲਕੁਲ ਓਸੇ ਤਰ੍ਹਾਂ ਨੁਕਸਾਨਦੇਹ ਹੁੰਦੇ ਹਨ ਜਿਵੇਂ ਲੱਕੜ ਲਈ ਸਿਉਂਕ ਹੁੰਦੀ ਐ. ਅਖੌਤੀ ਬਾਬੇ ਆਪ ਤਾਂ ਅਜਿਹਾ ਕੋਈ ਕੰਮਕਾਰ ਕਰਦੇ ਨਹੀਂ ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਕੋਈ ਯੋਗਦਾਨ ਪੈਂਦਾ ਹੋਵੇ. ਉਲਟਾ ਕਿਰਤੀ ਲੋਕਾਂ ਦੀ ਕਮਾਈ ਲੁੱਟਣ ਵਾਸਤੇ ਚੌਕੀਆਂ ਆਦਿ ਲਾਕੇ ਅੰਧਵਿਸ਼ਵਾਸ਼ੀ ਕਰਮਕਾਂਡਾਂ ਦਾ ਪਸਾਰ ਕਰਦੇ ਹਨ ਜਿਸ ਨਾਲ ਦੇਸ਼ ਦੇ ਵਿਕਾਸ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ.

ਤਰਕਸ਼ੀਲਾਂ ਨੇ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਲਈ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਅੰਧਵਿਸ਼ਵਾਸ਼ੀ ਲੁੱਟ ਤੋਂ ਬਚਾਇਆ ਜਾ ਸਕੇ. ਉਨ੍ਹਾਂ ਕਿਹਾ ਕਿ ਕੁਝ ਚਲਾਕ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਨੂੰ ਬੰਦ ਕਰਾਉਣ ਲਈ ਆਪਣੀ ਜਿੰਮੇਵਾਰੀ ਸਮਝਦਿਆ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਜਰੂਰ ਬਣਾਉਣਾ ਚਾਹੀਦਾ ਹੈ. ਤਰਕਸ਼ੀਲਾਂ ਨੇ ਕਿਹਾ ਕਿ ਵਿਗਿਆਨਕ ਸੋਚ ਨੂੰ ਪ੍ਰਫੁੱਲਿਤ ਕਰਨਾ ਕਿਸੇ ਵੀ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਬਣਦੀ ਹੈ. ਇਸ ਮੌਕੇ  ਤਰਕਸ਼ੀਲ ਆਗੂ ਜਰਨੈਲ ਸਾਹੌੜਾ, ਸੁਜਾਨ ਬਡਾਲਾ, ਬਿਕਰਮਜੀਤ ਸੋਨੀ, ਰਾਮ ਕ੍ਰਿਸ਼ਨ ਦੁਨਕੀਆਂ, ਪੀ ਪੀ ਸਿੰਘ, ਜਗਵਿੰਦਰ  ਸਿੰਬਲਮਜਰਾ, ਬਲਵਿੰਦਰ ਬੁਟੇਰਲਾ, ਆਮੀਨ ਅਤੇ ਹੋਰ ਮੈਂਬਰ ਵੀ ਮੌਜੂਦ ਸਨ.