ਬਾਬਾ ਰਾਮਦੇਵ ਦਾ ਵਿਗਿਆਨ ਸਬੰਧੀ ਮਜਾਕ ਅਤਿ ਨਿੰਦਣਯੋਗ
ਤਰਕਸ਼ੀਲਾਂ ਨੇ ਕੀਤੀ ਪਰਚਾ ਦਰਜ ਕਰਨ ਦੀ ਮੰਗ
ਮੁਹਾਲੀ, 28 ਮਈ (ਡਾ. ਮਜੀਦ ਆਜਾਦ): ਕਰੋਨਾ ਮਹਾਮਾਰੀ ਦੇ ਚਲਦਿਆਂ ਅੱਜ ਜਦੋਂ ਪੂਰਾ ਵਿਸ਼ਵ ਬਿਪਤਾ ਦੀ ਸਥਿਤੀ ਵਿੱਚੋਂ ਦੀ ਲੰਘ ਰਿਹਾ ਹੈ, ਅਤੇ ਸੇਹਤ ਕਾਮੇ, ਵਿਗਿਆਨੀ, ਸਵੈਸੇਵੀ ਸੰਗਠਨ ਦਿਨ ਰਾਤ ਮਿਲਕੇ ਇਸ ਮੌਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ. ਅਜਿਹੇ ਸਮੇਂ ਰਾਮਦੇਵ ਵਲੋ ਗੈਰਜੁੰਮੇਵਾਰ ਬਿਆਨਬਾਜੀ
ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਅਤਿ ਨਿੰਦਣਯੋਗ ਕਾਰਜ ਹੈ. ਇਸ ਤੋਂ ਪਹਿਲਾਂ ਵੀ ਯੋਗ ਗੁਰੂ ਕਹਾਉਣ ਵਾਲੇ ਬਾਬਾ ਰਾਮਦੇਵ ਵਲੋਂ ਅਜਿਹੇ ਬਿਆਨ ਦਿੱਤੇ ਜਾਂਦੇ ਰਹੇ ਹਨ. ਪਿਛਲੇ ਦਿਨੀਂ ਰਾਮਦੇਵ ਵਲੋਂ ਦਿੱਤਾ ਗਿਆ ਬਿਆਨ ਜਿਸ ਵਿੱਚ ਉਸ ਵਲੋਂ ਕਰੋਨਾ ਮਹਾਮਾਰੀ ਮੌਕੇ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਮਰੀਜਾਂ ਦਾ ਮਜਾਕ ਉਡਾਇਆ ਗਿਆ ਸੀ. ਇਸ ਦਾ ਤਰਕਸ਼ੀਲ ਸੁਸਾਇਟੀ ਇਕਾਈ ਮੁਹਾਲੀ ਨੇ ਵਿਸੇਸ਼ ਨੋਟ ਲਿਆ ਹੈ.
ਇਸ ਸਬੰਧੀ ਇਕਾਈ ਦੇ ਮੀਡੀਆ ਮੁਖੀ ਡਾ. ਮਜੀਦ ਆਜਾਦ ਨੇ ਬਾਬਾ ਰਾਮਦੇਵ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਉਹਨਾਂ ਕਿਹਾ ਹੈ ਕਿ ਰਾਮਦੇਵ ਨੇ ਆਪਣੀ ਅਣ-ਪੜਤਾਲੀ ਦਵਾਈ "ਕਰੋਨਿਲ" ਵੇਚਣ ਲਈ ਝੂਠ ਬੋਲਿਆ ਹੈ ਕਿ ਕਰੋਨਾ ਨਾਲ 10 ਹਜ਼ਾਰ ਡਾਕਟਰ ਮਰ ਚੁੱਕੇ ਹਨ. ਇਕਾਈ ਦੇ ਜੱਥੇਬੰਦਕ ਮੁਖੀ ਜਸਵੰਤ ਮੋਹਾਲੀ ਨੇ ਕਿਹਾ ਕਿ ਅੱਜ ਬਾਬਾ ਰਾਮਦੇਵ ਸ਼ਰੇਆਮ ਸਰਕਾਰ ਨੂੰ ਲਲਕਾਰ ਰਿਹਾ ਹੈ ਕਿ ਕਿਸੇ ਦਾ ਬਾਪ ਵੀ ਕੋਈ ਕਾਰਵਾਈ ਨਹੀਂ ਕਰ ਸਕਦਾ. ਇਸਦਾ ਕਾਰਣ ਹੈ ਇਹ ਹੈ ਕਿ ਬਾਬਾ ਦੀ ਪਿੱਠ ਤੇ ਭਾਜਪਾ ਸਰਕਾਰ ਦਾ ਥਾਪੜਾ ਹੈ. ਖੁਦ ਭਾਜਪਾ ਦੇ ਵੱਡੇ ਛੋਟੇ ਨੇਤਾ ਕਰੋਨਾ ਦੇ ਇਲਾਜ ਲਈ ਹੁਣ ਤੱਕ ਦਰਜਨ ਤੋਂ ਵੱਧ ਗੈਰ ਵਿਗਿਆਨਕ ਟੋਟਕੇ ਲੋਕਾਂ ਵਿੱਚ ਫੈਲਾ ਚੁੱਕੇ ਹਨ ਜਦਕਿ ਉਹ ਖੁਦ ਬਿਮਾਰ ਹੋਣ ਤੇ ਚੰਗੇ ਤੋਂ ਚੰਗੇ ਹਸਪਤਾਲ ਵਿੱਚ ਦਾਖਲ ਹੁੰਦੇ ਹਨ. ਬਿਨਾਂ ਸਹੂਲਤਾਂ ਤੋਂ ਦਿਨ ਰਾਤ ਤਣਾਅ ਪੂਰਨ ਹਾਲਤਾਂ ਵਿੱਚ ਕੰਮ ਕਰ ਰਹੇ ਡਾਕਟਰ ਤੇ ਸਿਹਤ ਕਰਮੀ ਸ਼ਾਬਾਸ਼ ਦੇ ਹੱਕਦਾਰ ਹਨ. ਅਤੇ ਤਰਕਸ਼ੀਲ ਸੋਸਾਇਟੀ ਇਹਨਾ ਸੇਹਤ ਕਰਮੀਆਂ ਦੇ ਨਾਲ ਖੜੀ ਹੈ. ਤਰਕਸ਼ੀਲ ਸੁਸਾਇਟੀ ਨੇ ਇਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਟੀਵੀ ਤੇ ਬਿਨਾਂ ਰੋਕ ਟੋਕ ਟੂਣੇ ਟੋਟਕੇ, ਅਣ ਪਰਖੀਆਂ ਦੇਸੀ ਦਵਾਈਆਂ ਦੀ ਇਸ਼ਤਿਹਾਰਬਾਜ਼ੀ ਚਲਦੀ ਰਹਿੰਦੀ ਹੈ, ਜਿਹੜੀ ਕਿ ਸਰਕਾਰ ਵਲੋਂ ਰੋਕੀ ਨਹੀ ਜਾ ਰਹੀ. ਤਰਕਸ਼ੀਲ ਸੋਸਾਇਟੀ ਨੇ ਬਾਬਾ ਰਾਮਦੇਵ ਖਿਲਾਫ "ਦੇਸ਼ ਧਰੋਹ" ਦੇ ਕਾਨੂੰਨ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ.