ਸਰਬਸੰਮਤੀ ਨਾਲ ਹੋਈ ਤਰਕਸ਼ੀਲ ਯੁਨਿਟ ਖਰੜ ਦੀ ਚੋਣ

ਖਰੜ, 8 ਮਾਰਚ (ਕਰਮਜੀਤ ਸਕਰੁੱਲਾਂਪੁਰੀ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਵੱਲੋਂ ਦੋ-ਸਾਲਾ ਸ਼ੈਸਨ 2021-2022 ਵਾਸਤੇ ਮੈਂਬਰਸ਼ਿਪ ਵੰਡਣ ਦਾ ਕਾਰਜ ਆਰੰਭਿਆ ਹੋਇਆ ਹੈ. ਇਸੇ ਪ੍ਰਕਿਰਿਆ ਤਹਿਤ ਅੱਜ ਤਰਕਸ਼ੀਲ ਇਕਾਈ ਖਰੜ ਵੱਲੋਂ ਜੋਨਲ ਆਗੂ ਸਲਿੰਦਰ ਸੁਹਾਲ਼ੀ ਦੀ ਦੇਖ-ਰੇਖ ਵਿੱਚ ਮੈਂਬਰਾਂ ਨੂੰ

ਮੈਂਬਰਸਿਪ ਦੇਕੇ ਇਕਾਈ ਦੀ ਆਗੂ ਟੀਮ ਦੀ ਚੋਣ ਕੀਤੀ ਗਈ. ਇਕਾਈ ਦੇ ਮੈਂਬਰਾਂ ਦੁਆਰਾ ਸਾਰੇ ਵਿਭਾਗਾਂ ਦੇ ਮੁਖੀਆਂ ਦੀ ਚੋਣ ਸਰਬਸੰਮਤੀ ਨਾਲ਼ ਕੀਤੀ ਗਈ. ਨਵੀਂ ਆਗੂ ਟੀਮ ਵਾਸਤੇ ਕੁਲਵਿੰਦਰ ਨਗਾਰੀ ਨੂੰ ਜਥੇਬੰਦਕ ਮੁਖੀ, ਮਾਸਟਰ ਜਰਨੈਲ ਸਹੌੜਾਂ ਨੂੰ ਵਿੱਤ ਵਿਭਾਗ ਮੁਖੀ, ਕਰਮਜੀਤ ਸਕਰੁੱਲਾਂਪੁਰੀ ਨੂੰ ਮੀਡੀਆ ਮੁਖੀ, ਸੁਜਾਨ ਬਡਾਲ਼ਾ ਨੂੰ ਸੱਭਿਆਚਾਰਕ ਵਿਭਾਗ ਮੁਖੀ, ਸੁਰਿੰਦਰ ਸਿੰਬਲ਼ਮਾਜਰਾ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਚੁਣਿਆ ਗਿਆ.

ਇਸ ਮੌਕੇ ਲੈਕਚਰਾਰ ਗੁਰਮੀਤ ਖਰੜ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਸ਼ੰਘਰਸ ਦੀ ਪੂਰਨ ਹਮਾਇਤ ਕਰਦੀ ਹੈ. ਇਸਦੇ ਮੱਦੇਨਜਰ ਜੇਕਰ ਖਰੜ ਇਲਾਕੇ ਵਿੱਚ ਲੋਕਪੱਖੀ ਜਥੇਬੰਦੀਆਂ ਵੱਲੋਂ ਕੋਈ ਵੀ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤਾਂ ਇਕਾਈ ਖਰੜ ਉਸ ਵਿੱਚ ਸ਼ਮੂਲੀਅਤ ਕਰੇਗੀ. ੳਨਾਂ ਕਿਹਾ ਕਿ ਸਰਕਾਰਾਂ ਵੱਲੋਂ ਕਾਲ਼ੇ ਕਾਨੂੰਨ ਬਣਾ ਕੇ ਲੋਕਾਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ. ਸਰਕਾਰ ਵੱਲੋਂ ਪਹਿਲਾਂ ਹੀ ਬੇਹੱਦ ਸਖਤ ਕਾਨੂੰਨਾ ਦੇ ਦੰਦ ਹੋਰ ਤਿੱਖੇ ਕਰਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ. ਤਰਕਸ਼ੀਲ ਸੁਸਾਇਟੀ ਇਸ ਤਰਾਂ ਦੀ ਹਕੂਮਤੀ ਤਾਨਾਸ਼ਾਹੀ ਦੀ ਨਿਖੇਧੀ ਕਰਦੀ ਹੈ.

ਜੋਨਲ ਆਗੂ ਸ਼ਲਿੰਦਰ ਸੁਹਾਲ਼ੀ ਨੇ ਵਧਾਈ ਦੇਣ ਦੇ ਨਾਲ਼ ਨਾਲ਼ ਨਵੀਂ ਚੁਣੀ ਹੋਈ ਟੀਮ ਨੂੰ ਚੇਤੰਨ ਕਰਦਿਆ ਕਿਹਾ ਕਿ ਅਜੋਕੀ ਦੁਨੀਆਂ ਵਿੱਚ ਮੁਨਾਫੇ ਦੀ ਦੌੜ ਬੇਹੱਦ ਤੇਜ ਹੋਣ ਕਰਕੇ ਤਰਕਸ਼ੀਲਾਂ ਦੇ ਰਸਤੇ ਦੀਆਂ ਚੁਣੌਤੀਆਂ ਪਹਿਲਾਂ ਨਾਲੋਂ ਕਿਤੇ ਵੱਧ ਹਨ. ਆਪਣੇ ਹਿੱਤਾਂ ਨੂੰ ਮੁੱਖ ਰੱਖਦਿਆਂ ਬਹੁਕੌਮੀ ਕੰਪਨੀਆਂ ਵੱਲੋਂ ਸਮਾਜ ਨੂੰ ਖਪਤਕਾਰੀ ਸੱਭਿਆਚਾਰ ਦੀ ਦਲਦਲ ਵੱਲ ਧੱਕਿਆ ਜਾ ਰਿਹਾ ਹੈ. ਜਿਸ ਨੂੰ ਟੱਕਰ ਦੇਣ ਵਾਸਤੇ ਅੱਜ ਤਰਕਸ਼ੀਲਾਂ ਨੂੰ ਲੋਕਪੱਖੀ ਸੱਭਿਆਚਾਰ ਦੀ ਸਥਾਪਤੀ ਵਾਸਤੇ ਵੱਧ ਤੇਜੀ ਨਾਲ਼ ਕੰਮ ਕਰਨ ਦੀ ਲੋੜ ਹੈ. ਇਸ ਮੀਟਿੰਗ ਵਿੱਚ ਹਾਜਰ ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਖਵੀਰ ਕੌਰ ਨੇ ਕਿਹਾ ਨਵੀਂ ਚੁਣੀ ਟੀਮ ਵੱਲੋਂ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਉਸਨੂੰ ਇਕਾਈ ਤਨਦੇਹੀ ਨਾਲ਼ ਪੂਰਾ ਕਰੇਗੀ. ਇਸ ਦੌਰਾਨ ਪੂਰੀ ਇਕਾਈ ਦੇ ਕਾਮਿਆਂ ਨੇ ਨਵੇਂ ਸੈਸਨ ਦੌਰਾਨ ਤਰਕਸ਼ੀਲ ਲਹਿਰ ਨੂੰ ਹੋਰ ਮਜਬੂਤ ਕਰਨ ਦਾ ਅਹਿਦ ਲਿਆ.