ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਸ਼ੋਸਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ

ਚੰਡੀਗੜ੍ਹ ਵਿਖੇ ਸੈਕਟਰ 42 ਦੇ ਸਰਕਾਰੀ ਕਾਲਜ ਵਿੱਚ ਕੀਤਾ ਤਰਕਸ਼ੀਲ ਸਮਾਗਮ

ਚੰਡੀਗੜ੍ਹ, 30 ਦਿਸੰਬਰ (ਸਤਨਾਮ ਦਾਊਂ): ਇੱਥੇ ਚੰਡੀਗੜ੍ਹ ਸੈਕਟਰ 42 ਸਥਿਤ ਸਰਕਾਰੀ ਕਾਲਜ ਆਫ ਅਡਵਾਂਸ ਸਟੱਡੀਜ ਫਾਰ ਵੋਮੈਨ ਵਿਖੇ ਇੱਕ ਐਨ.ਐਸ.ਐਸ ਕੈਂਪ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਚੰਡੀਗੜ੍ਹ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਜੋਗਾ ਸਿੰਘ ਦੀ ਸਰਪ੍ਰਸਤੀ ਵਿੱਚ ਕੀਤਾ

ਗਿਆ. ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰੋ. ਗੁਰਮੇਲ ਸਿੰਘ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ ‘ਜੀ ਆਇਆ ਜੀ’ ਕਹਿੰਦਿਆਂ ਕੀਤੀ ਗਈ. ਇਸ ਮੌਕੇ ਤਰਕਸ਼ੀਲ ਆਗੂ ਡਾ. ਮਜੀਦ ਆਜਾਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਅੰਧ-ਵਿਸਵਾਸ਼ਾਂ, ਵਹਿਮ-ਭਰਮਾਂ ਵਿਚੋਂ ਨਿਕਲਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਆਉਣਾ ਚਾਹੀਦਾ ਹੈ. ਉਹਨਾਂ ਕਿਹਾ ਕਿ ਲਾਈਲੱਗਤਾ ਤਿਆਗਕੇ ਹਰ ਘਟਨਾ ਦੇ ਪਿਛੇ ਵਾਪਰਦੇ ਕਾਰਨਾਂ ਨੂੰ ਜਾਨਣਾ ਚਾਹੀਦਾ ਹੈ. ਕੀ, ਕਿਉਂ, ਕਿਵੇਂ ਆਦਿ ਵਿਗਿਆਨਕ ਹਥਿਆਰਾਂ ਨਾਲ ਲੈਸ ਹੋਣਾ ਚਾਹੀਦਾ ਹੈ.

ਇਸ ਮੌਕੇ ਇਕਾਈ ਚੰਡੀਗੜ੍ਹ ਦੇ ਮੀਡੀਆ ਵਿਭਾਗ ਦੇ ਮੁਖੀ ਸਤਨਾਮ ਦਊਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕਾ ਯੁੱਗ ਜਿੱਥੇ ਸੂਚਨਾ ਦਾ ਦੌਰ ਹੈ, ਇਸ ਦੇ ਨਾਲ ਸ਼ੋਸਲ ਮੀਡੀਆ ਨੂੰ ਸ਼ਰਾਰਤੀ ਅਨਸਰਾਂ ਦੁਆਰਾ ਅੰਧ-ਵਿਸਵਾਸ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ, ਇਸ ਲਈ ਇਸ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ. ਕਿਤੇ ਵੀ ਕੋਈ ਭੂਤ-ਪ੍ਰੇਤ ਕੋਈ ਹੋਂਦ ਨਹੀਂ, ਸਗੋਂ ਭੂਤ-ਜਿੰਨ ਕੱਢਣ ਦੇ ਨਾਮ ਤੇ ਭੋਲੇ-ਭਾਲੇ ਲੋਕਾਂ ਵਿੱਚ ਡਰ ਪੈਦਾ ਕਰਕੇ ਉਹਨਾਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕੀਤੀ ਜਾਂਦੀ ਹੈ. ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਵੀ ਵਿਆਕਤੀ ਆਪਣੇ ਪਾਸ ਜਿੰਨ-ਭੂਤ ਜਾਂ ਗੈਬੀ ਸ਼ਕਤੀ ਹੋਣ ਦਾ ਦਾਅਵਾ ਕਰਦਾ ਹੈ, ਤਾਂ ਉਹ ਤਰਕਸ਼ੀਲ ਸੁਸਾਇਟੀ ਦਾ ਚੈਲੰਜ ਕਬੂਲ ਕਰੇ ਅਤੇ 25 ਲੱਖ ਦਾ ਇਨਾਮ ਜਿੱਤੇ.

ਨਾਰੀ ਸ਼ਕਤੀਕਰਨ ਦੇ ਸਬੰਧ ਵਿੱਚ ਨੀਰਜ ਬਾਲਾ ਵੱਲੋਂ ਵੀ ਤਰਕਸ਼ੀਲ ਸੋਚ ਦੀ ਮਹਤੱਤਾ ਦੀ ਪਰੋੜਤਾ ਕੀਤੀ ਗਈ. ਇਸ ਮੌਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਤਰਕਸ਼ੀਲ ਆਗੂਆਂ ਦੁਆਰਾ ਦਿੱਤੇ ਗਏ. ਨੌਜਵਾਨਾਂ ਵਿੱਚ ਸਵਾਲ ਪੁੱਛਣ ਨੂੰ ਉਤਸ਼ਾਹ ਦੇਣ ਲਈ ‘ਸੱਭ ਤੋਂ ਵਧੀਆ ਸਵਾਲ’ ਮੁਕਾਬਲੇ ਵਿੱਚ ਪਰਬਲੀਨ ਕੋਰ ਅਤੇ ਅਰਸ਼ ਨੂੰ ਤਰਕਸ਼ੀਲ ਸੁਸਾਇਟੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ. ਸਮਾਗਮ ਵਿੱਚ ਹੋਰਨਾਂ ਤੋਂ ਬਿਨਾਂ ਜੋਗਾ ਸਿੰਘ ਅਤੇ ਕਰਮ ਸ਼ੇਖਾ ਨੇ ਵੀ ਸੰਬੋਧਨ ਕੀਤਾ.