ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲ ਇਕਾਈ ਖਰੜ ਮਾਘੀ ਮੇਲੇ ‘ਤੇ ਲਾਈ ਤਰਕਸ਼ੀਲ ਪੁਸਤਕ ਪ੍ਰਦਰਸਨੀ

ਖਰੜ, 14 ਜਨਵਰੀ (ਕੁਲਵਿੰਦਰ ਨਗਾਰੀ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਮਾਘੀ ਮੇਲੇ ਮੌਕੇ ਹਰ ਸਾਲ ਦੀ ਤਰਾਂ ਪਿੰਡ ਦਾਊਂ ਵਿਖੇ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਲਗਾਈ ਗਈ. ਇਸ ਮੌਕੇ ਜੋਨ ਆਗੂ ਗੁਰਮੀਤ ਖਰੜ ਨੇ ਦੱਸਿਆ ਕਿ ਆਮ ਕਰਕੇ ਤਿਓਹਾਰਾਂ-ਮੇਲਿਆਂ ਨੂੰ ਕਿਸੇ ਖਾਸ

ਧਰਮ ਜਾਂ ਫਿਰਕੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਤਿਹਾਸ ਦੀ ਡੂੰਘਾਈ ਨਾਲ਼ ਖੋਜਬੀਣ ਕੀਤਿਆਂ ਇਹਨਾਂ ਦਾ ਸਬੰਧ ਖੇਤੀਬਾੜੀ ਅਧਾਰਿਤ ਸਮਾਜਿਕ ਵਿਵਸਥਾ ਨਾਲ਼ ਜੁੜਿਆ ਮਿਲਦਾ ਹੈ. ਉਸ ਯੁੱਗ ਵਿੱਚ ਜਦੋਂ ਫਸਲਾਂ ਦੀ ਬਿਜਾਈ ਅਤੇ ਵਢਾਈ ਮਹੀਨਿਆਂ ਬੱਧੀ ਚਲਦੀ ਸੀ ਲੋਕਾਂ ਵੱਲੋਂ ਬਿਜਾਈ ਜਾਂ ਵਢਾਈ ਤੋਂ ਵਿਹਲੇ ਹੋਣ ਦੀ ਖੁਸ਼ੀ ਵਿੱਚ ਮੇਲਿਆਂ ਅਤੇ ਤਿਓਹਾਰਾਂ ਦਾ ਆਯੋਜਨ ਕੀਤਾ ਜਾਂਦਾ ਸੀ. ਲੋਹੜੀ ਦਾ ਤਿਓਹਾਰ ਵੀ ਹਾੜੀ ਦੀ ਫਸਲ ਦੀ ਬਿਜਾਈ ਤੋਂ ਵਿਹਲੇ ਹੋਣ ਦੀ ਖੁਸ਼ੀ ਵਿੱਚ ਮਨਾਉਣਾ ਸੁਰੂ ਹੋਇਆ. ਸ਼ੁਰੂਆਤੀ ਸਮੇਂ ਮੇਲੇ ਸਿਰਫ ਖੁਸ਼ੀਆਂ ਮਨਾਉਣ ਦਾ ਹੀ ਸਾਧਨ ਨਹੀਂ ਸਨ ਹੁੰਦੇ ਬਲਕਿ ਇਹ ਲੋਕਾਂ ਵੱਲੋਂ ਚੀਜਾਂ-ਵਸਤਾਂ ਖਰੀਦਣ ਅਤੇ ਵੇਚਣ ਦੇ ਕੇਂਦਰ ਵੀ ਹੁੰਦੇ ਸਨ. ਇਸ ਤਰਾਂ ਇਹ ਮੇਲੇ ਅਤੇ ਤਿਓਹਾਰ ਕਿਸੇ ਇੱਕ ਕੌਮ ਜਾਂ ਫਿਰਕੇ ਦੀ ਮਲਕੀਅਤ ਨਹੀਂ ਬਲਕਿ ਪੂਰੇ ਮਨੁੱਖੀ ਸਮਾਜ ਦੇ ਸਾਂਝੇ ਹੁੰਦੇ ਸਨ.

ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਭਾਰਤੀ ਤਿਓਹਾਰਾਂ ਦੀਆਂ ਮਿਤੀਆਂ ਚੰਦਰਮਾਂ ਅਧਾਰਿਤ ਕੈਲੰਡਰ ਅਨੁਸਾਰ ਤੈਅ ਹੁੰਦੀਆਂ ਹਨ ਜਦਕਿ ਵਿਸ਼ਵ ਪੱਧਰ ਉੱਤੇ ਸੂਰਜੀ ਕੈਲੰਡਰ ਪ੍ਰਚੱਲਿਤ ਹੈ. ਇਸ ਕਰਕੇ ਸਿਰਫ ਲੋਹੜੀ ਦੇ ਤਿਓਹਾਰ ਅਤੇ ਮਾਘੀ ਦੇ ਮੇਲੇ ਤੋਂ ਬਿਨਾਂ ਬਾਕੀ ਸਾਰੇ ਤਿਉਹਾਰਾਂ ਦੇ ਦਿਨ-ਤਾਰੀਖ ਹਰ ਸਾਲ ਅੱਗੜ-ਪਿੱਛੜ ਹੋ ਜਾਂਦੇ ਹਨ. ਪਰ ਅਗਿਆਨਤਾ ਕਾਰਣ ਭਾਰਤ ਅੱਜ ਵੀ ਮਹੂਰਤਾਂ, ਟੇਵਿਆਂ, ਜੋਤਿਸ਼ ਆਦਿ ਵਿੱਚ ਉਲਝਿਆ ਪਿਆ ਹੈ. ਇਸ ਮੌਕੇ ਬਿਕਰਮਜੀਤ ਸੋਨੀ, ਸੁਰਿੰਦਰ ਸਿੰਬਲ਼ਮਾਜਰਾ ਨੇ ਦਾਅਵਾ ਕੀਤਾ ਕਿ ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ ਇਸ ਲਈ ਸਮੇਤ ਮਨੁੱਖੀ ਸਮਾਜ ਦੇ ਦੁਨੀਆਂ ਦੀ ਕੋਈ ਵੀ ਚੀਜ ਬਦਲਾਅ ਤੋਂ ਅਛੂਤੀ ਨਹੀਂ ਰਹਿ ਸਕਦੀ. ਤਬਦੀਲੀ ਸਦਕਾ ਹੀ ਵਿਕਾਸ ਸੰਭਵ ਹੈ. ਤਬਦੀਲੀ ਦੇ ਨਿਯਮਾਂ ਵਿੱਚ ਬੱਝਾ ਮਨੁੱਖੀ ਸਮਾਜ ਵੱਖ-ਵੱਖ ਪੜਾਅ ਪਾਰ ਕਰਦਾ ਹੋਇਆ ਅਜੋਕੇ ਯੁੱਗ ਤੱਕ ਪੁੱਜਾ ਹੈ. ਮਨੁੱਖ ਨੂੰ ਗੁਫਾਵਾਂ ਵਿੱਚੋਂ ਕੱਢ ਕੇ ਅਜੋਕੇ ਯੁੱਗ ਤੱਕ ਲੈਕੇ ਆਉਣ ਵਿੱਚ ਵਿਗਿਆਨਿਕ-ਚੇਤਨਾਂ ਦਾ ਬਹੁਤ ਵੱਡਾ ਰੋਲ ਹੈ. ਅੱਜ ਵਿਗਿਆਨਿਕ-ਚੇਤਨਾਂ ਦੇ ਪਸਾਰ ਸਦਕਾ ਹੀ ਕੁਝ ਦੇਸ ਖੁਸ਼ਹਾਲ ਅਤੇ ਬਾਕੀ ਪਛੜੇ ਹੋਏ ਹਨ .

ਸੁਜਾਨ ਬਡਾਲ਼ਾ ਨੇ ਤਰਕਸ਼ੀਲ ਸੁਸਾਇਟੀ ਦੇ ਮਿਸ਼ਨ ਬਾਰੇ ਦੱਸਿਆ ਕਿ ਤਰਕਸ਼ੀਲ ਕਾਮੇ ਲੋਕ-ਪੱਖੀ ਸਾਹਿਤ ਵੱਧ ਤੋਂ ਵੱਧ ਹੱਥਾਂ ਤੱਕ ਪਹੁੰਚਾਕੇ ਅਗਾਂਹਵਧੂ ਸਮਾਜ ਦੀ ਸਥਾਪਤੀ ਲਈ ਯਤਨਸ਼ੀਲ ਹਨ. ਇਸ ਪ੍ਰਸਰਸਨੀ ਵਿਚ ਅੰਧ-ਵਿਸ਼ਵਾਸਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨ ਦਾ ਹੋਕਾ ਦਿੰਦੀਆ ਪੁਸਤਕਾਂ ਲੋਕਾਂ ਦੀ ਖਿੱਚ ਦਾ ਹਿੱਸਾ ਬਣੀਆਂ ਰਹੀਆਂ. ਮੇਲੇ ਵਿੱਚ ਆਏ ਲੋਕਾਂ ਨੇ ਤਰਕਸ਼ੀਲ ਪੁਸਤਕਾਂ ਖਰੀਦਣ ਵਿੱਚ ਕਾਫੀ ਉਤਸ਼ਾਹ ਦਿਖਾਇਆ.