ਤਰਕਸ਼ੀਲ ਸਾਹਿਤ ਵੈਨ ਨੇ ਲਾਇਆ ਚੰਡੀਗੜ੍ਹ ਜ਼ੋਨ ਦਾ ਗੇੜਾ
ਖਰੜ, 20 ਅਕਤੂਬਰ (ਕੁਲਵਿੰਦਰ ਨਗਾਰੀ): ਪੰਜਾਬ ਦੇ ਕੋਨੇ-ਕੋਨੇ ਤੱਕ ਤਰਕਸ਼ੀਲ ਸਾਹਿਤ ਪਹੁੰਚਾਉਣ ਵਾਸਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤੀ ਸਾਹਿਤ ਵੈਨ ਪਿਛਲੇ ਦਿਨੀ ਚੰਡੀਗੜ੍ਹ ਜ਼ੋਨ ਵਿੱਚ ਪੁੱਜੀ. 15 ਅਕਤੂਬਰ ਨੂੰ ਇਕਾਈ ਨੰਗਲ ਤੋਂ ਆਪਣਾ ਸਫਰ ਸ਼ੁਰੂ ਕਰਕੇ ਰੋਪੜ ਇਕਾਈ
ਵਿੱਚ ਤਰਕਸ਼ੀਲ ਪ੍ਰੋਗਰਾਮ ਦੇਂਦੀ ਹੋਈ 19 ਅਕਤੂਬਰ ਨੂੰ ਦੁਸਹਿਰੇ ਮੌਕੇ ਤਰਕਸ਼ੀਲ ਯੁਨਿਟ ਖਰੜ ਕੋਲ ਪੁੱਜੀ ਗਈ. ‘ਤੇ ਦੇਵ ਪੁਰਸ਼ ਹਾਰ ਗਏ’, ‘ਅੰਧ-ਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ’, ‘ਕੀ ਕਹਿੰਦਾ ਹੈ ਭਗਤ ਸਿੰਘ’ ਆਦਿ ਕਿਤਾਬਾਂ ਤੋਂ ਇਲਾਵਾ ਗਿਆਨ-ਵਿਗਿਆਨ ਨਾਲ ਭਰਪੂਰ ਬਾਲ-ਸਾਹਿਤ, ਮਨੋਰੋਗ ਦੇ ਕਾਰਨ ਅਤੇ ਇਲਾਜ ਬਾਰੇ ਮਾਹਿਰਾਂ ਵੱਲੋਂ ਲਿਖੀਆਂ ਪੁਸਤਕਾਂ, ਸਮਾਜ ਕਿਵੇਂ ਬਦਲਦਾ ਹੈ ਤੇ ਗਤੀਮਾਨ ਹੁੰਦਾ ਹੈ, ਜਾਦੂ-ਮੰਤਰ ਦੀ ਅਸਲੀਅਤ ਬਿਆਨ ਕਰਦੀਆਂ ਪੁਸਤਕਾਂ ਅਤੇ ਤਰਕਸ਼ੀਲ ਨਾਟਕਾਂ ਦੀਆਂ ਸੀਡੀਜ਼ ਇਸ ਸਾਹਿਤ ਵੈਨ ਦਾ ਸਿੰਗਾਰ ਬਣੀਆਂ ਹੋਈਆਂ ਹਨ.
ਦੁਸਹਿਰੇ ਵਾਲੇ ਦਿਨ ਖਰੜ ਸ਼ਹਿਰ ਵਿੱਚ ਪੁੱਜੀ ਤਰਕਸ਼ੀਲ ਵੈਨ ਮੌਕੇ ਜ਼ੋਨ ਚੰਡੀਗ੍ਹੜ ਦੇ ਮੁਖੀ ਗੁਰਮੀਤ ਖਰੜ ਨੇ ਕਿਹਾ ਵਿਗਿਆਨ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਣ ਵਾਸਤੇ ਤਰਕਸ਼ੀਲ ਸੁਸਾਇਟੀ ਹਰ ਹੀਲਾ ਕਰ ਰਹੀ ਹੈ. ਵਿਗਿਆਨ ਦੇ ਯੁੱਗ ਦੀਆਂ ਸਮੱਸ਼ਿਆਵਾਂ ਨੂੰ ਵਿਗਿਅਨਿਕ ਨਜ਼ਰੀਏ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ. ਇਸ ਮੌਕੇ ਜਰਨੈਲ ਸਹੌੜਾਂ ਅਤੇ ਸੁਜਾਨ ਬਡਾਲ਼ਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਤਰਕਸ਼ੀਲ ਸੁਸਾਇਟੀ ਦੀਆਂ 23 ਸਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਦਾ ਇਨਾਮ ਜਿੱਤ ਸਕਦਾ ਹੈ. ਉਹਨਾਂ ਜ਼ੋਤਿਸ਼ ਨੂੰ ਵੀ ਤੀਰ-ਤੁੱਕਾ ਦੱਸਦਿਆਂ ਕਿਹਾ ਕਿ ਜ਼ੋਤਿਸ਼ ਨੂੰ ਵਿਗਿਆਨ ਸਿੱਧ ਕਰਨ ਦਾ ਦਾਅਵਾ ਕਰਨ ਵਾਲਾ ਕੋਈ ਵੀ ਵਿਅਕਤੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜੋਤਿਸ਼ ਸਬੰਧੀ ਚੁਣੌਤੀ ਨੂੰ ਕਬੂਲ ਕਰੇ.
ਦੁਜੇ ਦਿਨ ਪਿੰਡ ਦਾਓਮਾਜਰਾ ਦੇ ਪਸ਼ੂ ਮੇਲੇ ਮੌਕੇ ਵੈਨ ਦੇ ਨਾਲ ਚਲ ਰਹੇ ਪਰਮਜੀਤ ਭਦੌੜ ਵੱਲੋਂ ਲੋਕਾਂ ਨੂੰ ਵਹਿਮਾਂ-ਭਰਮਾਂ, ੳਪਰੀਆਂ-ਕਸ਼ਰਾਂ, ਟੂਣੇ-ਟਾਮਣਾ ਬਾਰੇ ਬਹੁਤ ਹੀ ਉਸਾਰੂ ਜਾਣਕਾਰੀ ਦਿੱਤੀ ਗਈ. ਕੁਲਵਿੰਦਰ ਨਗਾਰੀ ਨੇ ਲੋਕ ਮਨਾਂ ਵਿੱਚ ਟੂਣੇ ਸਬੰਧੀ ਪਾਏ ਜਾਂਦੇ ਡਰ ਨੂੰ ਨਿਰਮੂਲ ਦੱਸਦਿਆਂ ਕਿਹਾ ਕਿ ਇਹ ਨਿਰਾ ਮਨ ਦਾ ਵਹਿਮ ਹੈ ਕਿ ਟੂਣੇ ਨੂੰ ਹੱਥ ਲਾਉਣ ਨਾਲ ਕਿਸੇ ਦਾ ਨੁਕਸਾਨ ਹੋ ਸਕਦਾ ਹੈ. ਬਲਕਿ ਚੁਰਸਤੇ ਵਿੱਚ ਪਿਆ ਟੂਣਾ ਐਕਸ਼ੀਡੈਂਟ ਦਾ ਕਾਰਨ ਬਣ ਸਕਦਾ ਹੈ ਇਸ ਲਈ ਟੂਣੇ ਦੀ ਸਮੱਗਰੀ ਨੂੰ ਚੁੱਕ ਕੇ ਪਾਸੇ ਸੁੱਟ ਦੇਣਾ ਹੀ ਠੀਕ ਹੈ. ਸਾਹਿਤ ਵੈਨ ਦੇ ਨਾਲ ਤਰਕਸ਼ੀਲ ਕਾਮਿਆਂ ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਬਲਮਾਜਰਾ ਅਤੇ ਗੁਰਮੀਤ ਸਹੌੜਾਂ ਨੇ ਸਰਗਰਮ ਭੂਮਿਕਾ ਨਿਭਾਈ.