ਤਰਕਸ਼ੀਲਾਂ ਵੱਲੋਂ ਮਨਾਇਆ ਮੈਗਜ਼ੀਨ ਪੰਦਰਵਾੜਾ

ਹਰੇਕ ਪਿੰਡ ਵਿੱਚ ਤਰਕਸ਼ੀਲ ਮੈਗਜ਼ੀਨ ਪਹੁੰਚਾਉਣ ਦਾ ਲਿਆ ਸੰਕਲਪ

ਖਰੜ, 25 ਅਗਸਤ 2018 (ਕੁਲਵਿੰਦਰ ਨਗਾਰੀ): ਦੇਸ ਵਿਚਲੀ ਤਰਕਸ਼ੀਲ ਲਹਿਰ ਦੇ ਮਹਾਨ ਆਗੂ ਡਾ. ਨਰਿੰਦਰ ਦਾਭੋਲਕਰ ਨੂੰ 20 ਅਗਸਤ 2013 ਵਿੱਚ ਫਾਸ਼ੀਵਾਦੀ ਤਾਕਤਾਂ ਵੱਲੋਂ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ. ਇਸ ਕਤਲ ਦੀ ਮੁੱਖ ਵਜਾਹ ਉਨ੍ਹਾਂ ਵੱਲੋਂ ਵਹਿਮਾਂ-ਭਰਮਾਂ, ਅੰਧਵਿਸ਼ਵਾਸ਼ਾਂ,

ਜੋਤਸ਼ੀਆਂ, ਤਾਂਤਰਿਕਾਂ ਆਦਿ ਦੀ ਲੁੱਟ ਖਿਲ਼ਾਫ ਲੋਕਾਂ ਨੂੰ ਜਾਗਰੂਕ ਕਰਨਾ ਸੀ. ਅਖੌਤੀ ‘ਸਵਰਨਾਂ’ ਵੱਲੋਂ ਆਪਣੇ ਖੂਹਾਂ ਉੱਪਰੋਂ ਅਖੌਤੀ ਨੀਵੀਆਂ ਜਾਤਾਂ ਨੂੰ ਪਾਣੀ ਨਾ ਭਰਨ ਦੇਣ ਵਿਰੁੱਧ ਸ੍ਰੀ ਦਾਭੋਲਕਰ ਨੇ ‘ਇੱਕ ਪਿੰਡ ਇੱਕ ਖੂਹ’ ਦਾ ਨਾਅਰਾ ਦਿੱਤਾ ਸੀ. ਉਨਾਂ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਵੱਲੋਂ ਜਾਦੂ-ਟੁਣੇ ਵਿਰੁੱਧ ਕਾਨੂੰਨ ਬਣਵਾਉਣ ਲਈ ਵੀ ਮੁਹਿੰਮ ਵਿੱਢੀ ਹੋਈ ਸੀ. ਇਹਨਾਂ ਗੱਲਾਂ ਕਾਰਨ ਉਹ ਫਿਰਕਾਪ੍ਰਸਤ ਤਾਕਤਾਂ ਦੀਆਂ ਅੱਖਾਂ ਵਿੱਚ ਰੜਕਦੇ ਸਨ.

ਤਰਕਸ਼ੀਲ ਜ਼ੋਨ ਚੰਡੀਗ੍ਹੜ ਦੇ ਮੁਖੀ ਗੁਰਮੀਤ ਖਰੜ ਨੇ ਦੱਸਿਆ ਕਿ  ਡਾ. ਨਰਿੰਦਰ ਦਾਭੋਲਕਰ ਦੀ ਪੰਜਵੀ ਬਰਸੀ ਮੌਕੇ ਤਰਕਸ਼ੀਲ ਸੁਸਾਇਟੀ ਵੱਲੋਂ  ਪੰਜਾਬ ਪੱਧਰ ਉੱਤੇ 11 ਅਗਸਤ ਤੋਂ 25 ਅਗਸਤ ਤੱਕ ‘ਮੈਗਜ਼ੀਨ ਪੰਦਰਵਾੜਾ’ ਮਨਾਇਆ ਗਿਆ. ਇਸ ਪੰਦਰਵਾੜੇ ਦੌਰਾਨ ਇਕਾਈ ਖਰੜ ਦੇ ਮੈਂਬਰਾਂ ਨੇ ਵੱਖ ਵੱਖ ਟੀਮਾਂ ਬਣਾ ਕੇ ਬਹੁਤ ਸਾਰੇ ਨਵੇਂ ਪਾਠਕਾਂ ਤੱਕ ‘ਤਰਕਸ਼ੀਲ ਮੈਗਜ਼ੀਨ’ ਪੁੱਜਦਾ ਕੀਤਾ. ਜ਼ੋਨ ਮੁਖੀ ਨੇ ਦੱਸਿਆ ਕਿ ਇਹ ਮੈਗਜ਼ੀਨ ਬਹੁਤ ਸਾਰੇ ਸਕੂਲਾਂ ਵੱਲੋਂ ਵੀ ਆਪਣੇ ਵਿਦਿਆਰਥੀਆਂ ਦੇ ਪੜ੍ਹਨ ਵਾਸਤੇ ਲਿਆ ਜਾਂਦਾ ਹੈ ਕਿਉਂਕਿ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਨੂੰ ਵਿੱਦਿਅਕ ਸੰਸਥਾਵਾਂ ਵਾਸਤੇ ਪ੍ਰਵਾਨਿਤ ਕੀਤਾ ਹੋਇਆ ਹੈ.

ਤਰਕਸ਼ੀਲ ਆਗੂਆਂ ਕਰਮਜੀਤ ਸਕਰੁਲਾਂਪੁਰੀ ਅਤੇ ਸੁਰਿੰਦਰ ਸਿੰਬਲ਼ ਨੇ ਪਿੰਡ ਬਜਹੇੜੀ ਵਿਖੇ  ਅਸ਼ੋਕ ਬਜਹੇੜੀ, ਅਮਨਦੀਪ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰਾਂ ਦੇ ਸਹਿਯੋਗ ਸਦਕਾ ਘਰ ਘਰ ਜਾਕੇ ਮੈਗਜ਼ੀਨ ਦੇ ਚੰਦੇ ਕੱਟੇ. ਉਨਾਂ ਪਿੰਡ ਵਾਸੀਆਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਇਹ ਮੈਗਜ਼ੀਨ ਪਾਠਕਾਂ ਨੂੰ ਸਿਰਫ ਲਾਗਤ ਮੁੱਲ ਉੱਤੇ ਹੀ ਦਿੱਤਾ ਜਾਂਦਾ ਹੈ ਫੇਰ ਵੀ ਜੇਕਰ ਕੋਈ ਵਿਅਕਤੀ ਪੜ੍ਹਨ ਦਾ ਚਾਹਵਾਨ ਹੋਵੇ ਤਾਂ ਇਕਾਈ ਖਰੜ ਦੇ ਦਫਤਰ ਤੋਂ ਮੁਫਤ ਵੀ ਪ੍ਰਾਪਤ ਕਰ ਸਕਦਾ ਹੈ. ਇਸ ਪੰਦਰਵਾੜੇ ਦੌਰਾਨ ਤਰਕਸ਼ੀਲ ਆਗੂਆਂ ਜਰਨੈਲ ਸਹੌੜਾਂ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਜਗਵਿੰਦਰ ਸਿੰਬਲ਼ ਮਾਜਰਾ, ਸੁਜਾਨ ਬਡਾਲ਼ਾ ਨੇ ਵੀ ਮੈਗਜ਼ੀਨ ਦੇ ਨਵੇਂ ਪਾਠਕ ਬਣਾਉਣ ਵਿੱਚ ਸਰਗਰਮ ਭੁਮਿਕਾ ਨਿਭਾਈ.