ਤਰਕਸ਼ੀਲ ਜੋਨ ਫਾਜ਼ਿਲਕਾ ਨੇ ਜਲਾਲਾਬਾਦ ਇਕਾਈ ਦਾ ਕੀਤਾ ਗਠਨ

 ਜਲਾਲਾਬਾਦ, 3 ਸਤੰਬਰ (ਬੂਟਾ ਸਿੰਘ ਵਾਕਫ਼): ਤਰਕਸ਼ੀਲ ਸੁਸਾਇਟੀ ਦੀ ਜੋਨ ਫਾਜ਼ਿਲਕਾ–ਮੁਕਤਸਰ ਦੀ ਇੱਕ ਅਹਿਮ ਮੀਟਿੰਗ ਸਥਾਨਕ ਕੋਰਟ ਕੰਪਲੈਕਸ ਵਿਖੇ ਜੋਨ ਮੁਖੀ ਕੁਲਜੀਤ ਡੰਗਰਖੇੜਾ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਦੌਰਾਨ ਜੋਨ ਵੱਲੋਂ ਜਿੱਥੇ ਪਿਛਲੇ ਸਮੇਂ ਦੀਆਂ ਤਰਕਸ਼ੀਲ ਕਾਰਵਾਈਆਂ ਦਾ

ਲੇਖਾ ਜੋਖਾ ਕੀਤਾ ਗਿਆ ਉਥੇ ਆਉਂਦੇ ਸਮੇਂ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਮੈਂਬਰਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ. ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਮੀਡੀਆ ਇੰਚਾਰਜ ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੀ ਪ੍ਰਤੀਯੋਗਤਾ ਸਬੰਧੀ ਮੁਕੰਮਲ ਜਾਣਕਾਰੀ ਅਤੇ ਇਸ ਪ੍ਰੀਖਿਆ ਨਾਲ ਸਬੰਧਤ ਮੈਟੀਰੀਅਲ ਮੁਹੱਈਆ ਕਰਵਾਇਆ ਗਿਆ. ਜੋਨ ਦੇ ਵਿੱਤ ਵਿਭਾਗ ਦੇ ਮੁਖੀ ਪਰਵੀਨ ਜੰਡਵਾਲਾ ਨੇ ਪਿਛਲੇ ਮਹੀਨਿਆਂ ਦੌਰਾਨ ਤਰਕਸ਼ੀਲ ਸਾਹਿਤ ਵੈਨ ਦੇ ਸਫ਼ਰ ਅਤੇ ਮੈਗਜ਼ੀਨ ਸਪਤਾਹ ਦੌਰਾਨ ਮੈਗਜ਼ੀਨ ਦੇ ਪ੍ਰਚਾਰ ਤੇ ਪਾਸਾਰ ਲਈ ਕੀਤੇ ਗਏ ਉਪਰਾਲਿਆਂ ਸਬੰਧੀ ਚਰਚਾ ਕੀਤੀ. ਸੁਰਿੰਦਰ ਗੰਜੂਆਣਾ ਨੇ ਪੰਜਾਬ ਅੰਦਰ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਪਿੱਛੇ ਛੁਪੇ ਅਸਲ ਸੱਚ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ.

ਇਸ ਮੀਟਿੰਗ ਦੌਰਾਨ ਜਲਾਲਾਬਾਦ ਦੀ ਤਰਕਸ਼ੀਲ ਇਕਾਈ ਦਾ ਗਠਨ ਕੀਤਾ ਗਿਆ ਜਿਸ ਲਈ ਸਰਬਸੰਮਤੀ ਨਾਲ ਸੁਰਿੰਦਰ ਬਿੱਟੂ ਨੂੰ ਜਥੇਬੰਦਕ ਮੁਖੀ, ਕੇਵਲ ਕ੍ਰਿਸ਼ਨ ਨੂੰ ਵਿੱਤ ਵਿਭਾਗ ਦਾ ਮੁਖੀ, ਮੇਹਰ ਸਿੰਘ ਨੂੰ ਮੀਡੀਆ ਮੁਖੀ, ਹਰਨੇਕ ਸਿੰਘ ਨੂੰ ਮਾਨਸਿਕ ਵਿਭਾਗ ਮੁਖੀ ਅਤੇ ਮਲਕੀਤ ਸਿੰਘ ਨੂੰ ਮੈਗਜ਼ੀਨ ਤੇ ਸਾਹਿਤ ਵਿਭਾਗ ਦਾ ਮੁਖੀ ਚੁਣਿਆ ਗਿਆ. ਇਸ ਨਵ-ਗਠਿਤ ਇਕਾਈ ਦੇ ਮੈਂਬਰਾਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨ ਦਾ ਪ੍ਰਣ ਦਿੱਤਾ. ਮੀਟਿੰਗ ਦੇ ਅੰਤ ਵਿਚ ਕੁਲਜੀਤ ਡੰਗਰਖੇੜਾ ਨੇ ਬਰਨਾਲਾ ਵਿਖੇ ਉਸਾਰੇ ਜਾ ਰਹੇ ਤਰਕਸ਼ੀਲ ਭਵਨ ਨੂੰ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣ ਅਤੇ ਤਰਕਸ਼ੀਲ ਮੈਗਜ਼ੀਨ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਅਪੀਲ ਵੀ ਕੀਤੀ. ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਖੋਖਰ, ਕੁਲਦੀਪ ਜਮਾਲ ਕੇ, ਡਾ. ਸੁਖਚੈਨ, ਜਗਦੀਸ਼ ਕਿੱਕਰ ਖੇੜਾ, ਆਸ਼ੂਤੋਸ਼ ਆਦਿ ਤਰਕਸ਼ੀਲ ਅਹੁਦੇਦਾਰ ਤੇ ਮੈਂਬਰ ਵੀ ਮੌਜੂਦ ਸਨ.