ਤਰਕਸ਼ੀਲ ਜ਼ੋਨ ਚੰਡੀਗੜ੍ਹ ਵੱਲੋਂ ਤਿੰਨ ਵਿਭਾਗਾਂ ਦੀ ਵਰਕਸ਼ਾਪ ਖਰੜ ਵਿਖੇ ਲਗਾਈ
ਜ਼ੋਨ ਪੱਧਰੀ ਮਾਨਸਿਕ ਸਿਹਤ ਚੇਤਨਾ ਕੇਂਦਰ ਖੋਲਣ ਦੀ ਯੋਜਨਾ
ਖਰੜ, 23 ਮਈ (ਕੁਲਵਿੰਦਰ ਨਗਾਰੀ): ਲੋਟੂ ਪਰਜ਼ੀਵੀ-ਤਾਕਤਾਂ ਖਿਲਾਫ ਲੋਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੇ ਚੰਡੀਗੜ੍ਹ ਜ਼ੋਨ ਵੱਲੋਂ ਤਿੰਨ ਵਿਭਾਗਾਂ ਦੀ ਸਾਂਝੀ ਵਰਕਸ਼ਾਪ ਖਰੜ ਵਿਖੇ ਜ਼ੋਨ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਦੀ ਅਗਵਾਈ ਵਿੱਚ ਲਗਾਈ ਗਈ. ਜਿਸ
ਵਿੱਚ ਸਾਰੀਆਂ ਇਕਾਈਆਂ ਦੇ ਮੀਡੀਆ ਵਿਭਾਗ, ਸੱਭਿਆਚਾਰਿਕ ਵਿਭਾਗ ਅਤੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸ਼ਾਮਿਲ ਹੋਏ. ਇਸ ਵਰਕਸ਼ਾਪ ਦੇ ਪਹਿਲੇ ਸ਼ੈਸਨ ਦੌਰਾਨ ਜ਼ੋਨ ਚੰਡੀਗੜ੍ਹ ਦੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸੰਦੀਪ ਬੱਸੀ ਪਠਾਣਾ ਨੇ ਦੱਸਿਆ ਕਿ ਇੱਟਾਂ-ਰੋੜੇ ਵੱਜਣੇ, ਖੂਨ ਦੇ ਛਿੱਟੇ ਡਿੱਗਣੇ, ਸਿਰ ਘੁਮਾਉਣਾ, ਦੰਦਲ਼-ਦੌਰੇ ਪੈਣੇ, ਸ਼ਹੀਦਾਂ ਦੀ ਕਸਰ, ਪੀਰ ਦਾ ਰੂਪ ਧਾਰ ਕੇ ਖੇਡਣਾ ਆਦਿ ਕਿਸੇ ਗੈਬੀ ਸ਼ਕਤੀ, ਪ੍ਰੇਤ-ਸ਼ਾਇਆ ਜਾਂ ਓਪਰੀ ਕਸਰ ਕਰਕੇ ਨਹੀਂ ਬਲਕਿ ਇਹ ਸਭ ਮਾਨਸਿਕ ਰੋਗਾਂ ਦੀਆਂ ਹੀ ਵੱਖ-ਵੱਖ ਕਿਸਮਾਂ ਹਨ. ਜਿਨ੍ਹਾਂ ਦਾ ਇਲਾਜ ਸਾਧਾਂ-ਤਾਂਤਰਿਕਾਂ ਦੀ ਬਜਾਇ ਮਨੋਰੋਗਾਂ ਦੇ ਮਾਹਿਰ ਡਾਕਟਰ ਦੁਆਰਾ ਹੀ ਸੰਭਵ ਹੈ. ਉਹਨਾਂ ਕਿਹਾ ਕਿ ਤਰਕਸ਼ੀਲਾਂ ਦਾ ਕੰਮ ਵੀ ਮਰੀਜਾਂ ਨੂੰ ਸਹੀ ਸਲਾਹ ਦੇਕੇ ਡਾਕਟਰੀ ਇਲਾਜ ਵਾਸਤੇ ਪ੍ਰੇਰਿਤ ਕਰਨਾ ਹੈ ਤਾਂਕਿ ਭੋਲ਼ੇ-ਭਾਲ਼ੇ ਲੋਕ ਅਖੌਤੀ ਸਿਆਣਿਆਂ ਦੇ ਚੁੰਗਲ ਵਿੱਚ ਫਸਣ ਤੋਂ ਬਚ ਸਕਣ. ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਇੱਕ ਜ਼ੋਨ ਪੱਧਰੀ ਮਾਨਸਿਕ ਸਿਹਤ ਚੇਤਨਾ ਕੇਂਦਰ ਖੋਲਣ ਦੀ ਯੋਜਨਾ ਹੈ.
ਇਸ ਵਰਕਸ਼ਾਪ ਦੇ ਦੂਜੇ ਸੈਸ਼ਨ ਵਿੱਚ ਜ਼ੋਨ ਦੇ ਮੀਡੀਆ ਮੁਖੀ ਸਤਨਾਮ ਦਾਊਂ ਨੇ ਕਿਹਾ ਕਿ ਕਿਸੇ ਵਿਚਾਰਧਾਰਾ ਦੇ ਪ੍ਰਚਾਰ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਸਾਨੂੰ ਪ੍ਰਿੰਟ-ਮੀਡੀਆ ਦੇ ਨਾਲ-ਨਾਲ ਇਲੈਕਟ੍ਰਾਨਿਕ ਮੀਡੀਆਂ ਵਿੱਚ ਵੀ ਆਪਣੀ ਜਗ੍ਹਾ ਬਣਾਉਣੀ ਪਵੇਗੀ. ਇਸ ਸੈਸਨ ਵਿੱਚ ਇਕਾਈ ਮੋਹਾਲ਼ੀ ਦੇ ਸਾਬਕਾ ਮੀਡੀਆ ਮੁਖੀ ਹਰਪ੍ਰੀਤ ਨੇ ਕਿਹਾ ਕਿ ਮੀਡੀਆ ਮੁਖੀਆਂ ਵਾਸਤੇ ਰੋਜਾਨਾਂ ਦੀਆਂ ਅਖਬਾਰਾਂ ਪੜ੍ਹਨਾ ਅਤੇ ਟੈਲੀਵਿਜਨ ਦੀਆਂ ਖਬਰਾਂ ਅਤੇ ਦੁਨੀਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਰੱਖਣੀ ਬਹੁਤ ਜਰੂਰੀ ਹੈ. ਇਸ ਮੌਕੇ ਉਨਾਂ ਨੇ ਪ੍ਰਜੈਕਟਰ ਰਾਹੀਂ ਮੀਡੀਆ ਮੁਖੀਆਂ ਨੂੰ ਨਵੇਂ ਸ਼ਾਫਟਵੇਅਰਾਂ, ਫੌਟਾਂ, ਭਾਸ਼ਾ ਕਨਵਰਟਰਾਂ, ਦੀ ਜਾਣਕਾਰੀ ਵੀ ਦਿੱਤੀ.
ਤੀਜੇ ਸੈਸਨ ਵਿੱਚ ਜ਼ੋਨ ਦੇ ਸੱਭਿਆਚਾਰਿਕ ਵਿਭਾਗ ਦੇ ਮੁਖੀ ਬਲਦੇਵ ਜਲਾਲ ਨੇ ਕਿਹਾ ਕਿ ਸੱਭਿਆਚਾਰ ਕੋਈ ਜੜ੍ਹ ਚੀਜ ਨਹੀਂ ਹੁੰਦਾ ਬਲਕਿ ਇਹ ਸਮੇਂ ਦੇ ਨਾਲ-ਨਾਲ ਬਦਲਦਾ ਰਹਿੰਦਾ ਹੈ. ਇਸ ਮੌਕੇ ਉਨਾਂ ਆਪਣੇ ਵਿਭਾਗ ਦੀ ਭਵਿੱਖੀ ਵਿਊਂਤਬੰਦੀ ਦਾ ਜਿਕਰ ਕਰਦਿਆਂ ਦੱਸਿਆ ਕਿ ਸੱਭਿਆਚਾਰਿਕ ਵਿਸੇ ਉੱਤੇ ਸੈਮੀਨਾਰ ਕਰਵਾਉਣੇ, ਜਾਦੂ ਦੀਆਂ ਟੀਮਾਂ ਦਾ ਗਠਨ ਕਰਨਾ, ਨੁੱਕੜ ਨਾਟਕਾਂ ਦਾ ਮੰਚਨ, ਵੱਧ ਤੋਂ ਵੱਧ ਲੋਕਾਂ ਨੂੰ ਪ੍ਰਜੈਕਟਰ ਦੁਆਰਾ ਤਰਕਸ਼ੀਲ ਨਾਟਕ ਦਿਖਾਉਣੇ, ਤਰਕਸ਼ੀਲ ਲੋਕਾਂ ਦੀਆਂ ਪਰਿਵਾਰਿਕ ਮਿਲਣੀਆ ਕਰਵਾਉਣੀਆਂ, ਤਰਕਸੀਲ਼ ਕਾਫਲੇ ਕੱਢਣੇ ਅਤੇ ਮੈਗਜ਼ੀਨ ਹਫਤਾ ਆਦਿ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਜਾਵੇਗੀ.