ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਸ਼ਹੀਦ ਊਧਮ ਸਿੰਘ ਦਾ ਪ੍ਰੇਰਨਾ ਸ਼ਰੋਤ ਸਹੀਦ ਭਗਤ ਸਿੰਘ ਸੀ: ਰਾਕੇਸ਼ ਕੁਮਾਰ

ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਸੈਮੀਨਾਰ ’ਚ ਅਣਫੋਲੇ ਤੱਥ ਆਏ ਸਾਹਮਣੇ

ਐਸ ਏ ਐਸ ਨਗਰ, 27 ਮਾਰਚ (ਹਰਪ੍ਰੀਤ): ਸ਼ਹੀਦ ਊਧਮ ਸਿੰਘ ਬਾਰੇ ਆਮ ਪ੍ਰਚੱਲਿਤ ਗੱਲਾਂ ਇਤਿਹਾਸਿਕ ਤੱਥਾਂ ਤੋਂ ਬਹੁਤ ਦੂਰ ਹਨ. 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਗੋਲੀਆਂ ਚਲਾਉਣ ਪਿੱਛੇ ਸਿਰਫ ਬਦਲੇ ਦੀ ਭਾਵਨਾ ਨਹੀਂ ਬਲਕਿ ਸਮਾਜਿਕ ਤਬਦੀਲੀ ਦਾ ਮਿਸ਼ਨ ਸੀ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ

ਸ਼ਹੀਦ ਊਧਮ ਸਿੰਘ ਬਾਰੇ ਵਿਸ਼ੇਸ਼ ਖੋਜਕਾਰ ਰਾਕੇਸ਼ ਕੁਮਾਰ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵੱਲੋਂ ‘‘ਸ਼ਹੀਦ ਊਧਮ ਸਿੰਘ-ਜੀਵਨ ਤੇ ਵਿਚਾਰਧਾਰਾ’ਵਿਸ਼ੇ 'ਤੇ ਕਰਵਾਏ ਸੈਮੀਨਾਰ ਦੌਰਾਨ ਕੀਤਾ. ਉਹਨਾਂ ਕਿਹਾ ਕਿ ਇਸ ਗੱਲ ਬਾਰੇ ਕੋਈ ਇਤਿਹਾਸਿਕ ਤੱਥ ਮੌਜੂਦ ਨਹੀਂ ਕਿ ਊਧਮ ਸਿੰਘ, ਰਿਵਾਲਵਾਰ ਨੂੰ ਇੱਕ ਕਿਤਾਬ ਵਿੱਚ ਪਾ ਕੇ ਕੈਕਸਟਨ ਹਾਲ ਵਿੱਚ ਦਾਖਲ ਹੋਇਆ ਬਲਕਿ ਰਿਵਾਲਵਰ ਉਹਨਾਂ ਦੇ ਪਾਏ ਨੀਲੇ ਰੰਗ ਦੇ ਕੋਟ ਪੈਂਟ ਅੰਦਰ ਹੀ ਮੌਜੂਦ ਸੀ. ਸ਼੍ਰੀ ਰਾਕੇਸ਼ ਕੁਮਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਬ੍ਰਿਟਿਸ਼ ਸਰਕਾਰ ਦੇ ਗੁਪਤ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਯਾਨੀ 13 ਅਪ੍ਰੈਲ 1919 ਨੂੰ ਸ਼ਹੀਦ ਊਧਮ ਸਿੰਘ ਮੌਕੇ ’ਤੇ ਮੌਜੂਦ ਨਹੀਂ ਸੀ.

            ਸ਼੍ਰੀ ਰਾਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਜੂਨ 1997 'ਚ ਇੰਗਲੈਡ ਸਰਕਾਰ ਵੱਲੋਂ ਰਿਲੀਜ ਕੀਤੀਆਂ ਗਈਆਂ 5 ਫਾਈਲਾਂ (771ਪੰਨੇ) ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਕੈਕਸਟਨ ਹਾਲ ਵਿੱਚ ਇਕੱਲੇ ਮਾਈਕਲ ਓਡਵਾਇਰ 'ਤੇ ਨਹੀਂ ਬਲਕਿ ਕੁੱਲ ਚਾਰ ਅੰਗਰੇਜ਼ ਅਫਸਰਾਂ 'ਤੇ ਛੇ ਗੋਲੀਆਂ ਦਾਗੀਆਂ ਜਿਹਨਾਂ ਵਿੱਚ ਮਾਈਕਲ ਓਡਵਾਇਰ ਮੌਕੇ 'ਤੇ ਹੀ ਮਾਰਿਆ ਗਿਆ ਅਤੇ ਬਾਕੀ ਜ਼ਖਮੀ ਹੋਏ. ਇਹ ਸਾਰੇ ਅਫਸਰ ਭਾਰਤ ਵਿੱਚ ਗਵਰਨਰ ਰਹਿ ਚੁੱਕੇ ਸਨ ਅਤੇ ਭਾਰਤ ਦੀ ਆਜ਼ਾਦੀ ਦੇ ਵਿਰੋਧੀ ਸਨ. ਉਹਨਾਂ ਇਹ ਵੀ ਦਾਅਵਾ ਕੀਤਾ ਕਿ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਮੌਕੇ 'ਤੇ ਫੜ੍ਹ ਲਿਆ ਗਿਆ ਸੀ. ਉਹਨਾਂ ਕਿਹਾ ਕਿ ਗਦਰ ਲਹਿਰ ਨੂੰ ਕੁਚਲਣ ਵਿੱਚ ਮਾਈਕਲ ਓਡਵਾਇਰ ਦਾ ਮੁੱਖ ਰੋਲ ਸੀ ਅਤੇ ਸ਼ਹੀਦ ਊਧਮ ਸਿੰਘ ਗਦਰੀਆਂ ਤੋਂ ਪ੍ਰੇਰਿਤ ਸੀ. ਸ਼੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਆਪਣੇ ਜਿੰਦਗੀ ਵਿੱਚ ਕਰੀਬ 10 ਨਾਂ ਵਰਤੇ. ਉਹਨਾਂ ਅੱਗੇ ਇਹ ਵੀ ਕਿਹਾ ਕਿ ਊਧਮ ਸਿੰਘ ਦੀਆਂ 20 ਤੋਂ ਜਿਆਦਾ ਫੋਟੋਆਂ ਇੰਟਰਨੈਟ 'ਤੇ ਮੌਜੂਦ ਹਨ ਜੋ ਅਸਲੀ ਨਹੀਂ. ਹੁਣ ਤੱਕ ਸਿਰਫ ਚਾਰ ਅਸਲੀ ਤਸਵੀਰਾਂ ਸਾਹਮਣੇ ਆਈਆਂ ਹਨ. ਇਥੋਂ ਤੱਕ ਕਿ ਸੁਨਾਮ 'ਚ ਇੱਕ ਵੀ ਬੁੱਤ ਸ਼ਹੀਦ ਊਧਮ ਸਿੰਘ ਦੀ ਅਸਲੀ ਸ਼ਕਲ ਨਾਲ ਨਹੀਂ ਮਿਲਦਾ. ਸਰੋਤਿਆਂ ਨਾਲ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਊਧਮ ਸਿੰਘ ਬਾਰੇ ਚਾਰ ਫਾਈਲਾਂ ਅਜੇ ਜਨਤਕ ਨਹੀਂ ਹੋਈਆਂ ਜਿਹਨਾਂ ਬਾਰੇ ਪੈਰਵਾਈ ਕਰਨ ਦੀ ਲੋੜ ਹੈ. ਉਹਨਾਂ ਦਾਅਵਾ ਕੀਤਾ ਕਿ ਸ਼ਹੀਦ ਊਧਮ ਸਿੰਘ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਸੀ.

ਹੁਣ ਤੱਕ ਨਹੀਂ ਬਣੀ ਇੱਕ ਵੀ ਯਾਦਗਾਰ

ਸ਼੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦਾ 31 ਜੁਲਾਈ 1974 ਨੂੰ ਸਸਕਾਰ ਕੀਤਾ ਗਿਆ. ਸਸਕਾਰ ਨੂੰ 42 ਸਾਲ ਹੋ ਚੁੱਕੇ ਹਨ ਪਰ ਕੋਈ ਯਾਦਗਾਰ ਨਹੀਂ ਬਣੀ. ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬਰੇਰੀ 'ਚ ਸ਼ਹੀਦ ਊਧਮ ਸਿੰਘ ਦੀਆਂ ਚਿੱਠੀਆਂ ਪਈਆਂ ਹਨ. 1939-40 ਦੀਆਂ ਦੋ ਡਾਇਰੀਆਂ, ਚਾਕੂ, ਗੋਲੀਆਂ ਇੰਗਲੈਂਡ 'ਚ ਪਏ ਹਨ. ਇੱਕ ਫੋਟੋ ਕਿਸੇ ਹੋਰ ਕੋਲ ਪਈ ਹੈ. ਮੈਮੋਰੀਅਲ ਨਾ ਹੋਣ ਕਰਕੇ ਇਹ ਚੀਜ਼ਾ ਵੱਖ-ਵੱਖ ਥਾਵਾਂ ਤੇ ਪਈਆਂ ਹਨ. ਸਰਕਾਰ ਨੇ 15 ਕਰੋੜ ਖਰਚ ਕੇ ਯਾਦਗਾਰ ਬਣਾਉਣ ਦੀ ਗੱਲ ਕੀਤੀ ਸੀ ਪਰ ਹੁਣ ਤੱਕ ਸਿਰਫ ਜ਼ਮੀਨ ਹੀ ਖਰੀਦੀ ਗਈ ਹੈ.

powered by social2s