ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਅੰਧਵਿਸ਼ਵਾਸ ਲੋਕ-ਚੇਤਨਾ ਨੂੰ ਖੁੰਢਾ ਕਰਨ ਦਾ ਜਰੀਆ: ਗੁਰਮੀਤ ਖਰੜ

ਮਾਘੀ ਮੇਲੇ ਮੌਕੇ ਦਾਊਂ ਵਿਖੇ ‘ਤਰਕਸ਼ੀਲ ਪੁਸਤਕ ਪ੍ਰਦਰਸ਼ਨੀ' ਲਗਾੳਣ ਦਾ ਫੈਸਲਾ

ਖਰੜ, 5 ਜਨਵਰੀ (ਕੁਲਵਿੰਦਰ ਨਗਾਰੀ): ਇਕਾਈ ਖਰੜ ਵੱਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਕੈਲੰਡਰ ਰੀਲੀਜ਼ ਕਰਨ ਮੌਕੇ ਲੋਕਾਂ ਨੂੰ ਨਵੇਂ ਸਾਲ ਵਿੱਚ ਨਵੀਂ ਸੋਚ ਅਪਨਾਉਣ ਦਾ ਸੱਦਾ ਦਿੰਦਿਆਂ ਜੋਨ ਆਗੂ ਗੁਰਮੀਤ ਖਰੜ ਨੇ ਕਿਹਾ ਕਿ ਨਵਾਂ ਸਾਲ ਸਿਰਫ ਕੈਲੰਡਰ ਬਦਲਣ ਤੱਕ ਹੀ ਸੀਮਿਤ ਨਾ ਰਹਿ ਜਾਵੇ ਬਲਕਿ ਕੈਲੰਡਰ ਦੀ ਤਰ੍ਹਾਂ

ਸਾਡੀ ਸੋਚ ਦਾ ਵੀ ਨਵੀਨੀਕਰਣ ਹੋਣਾ ਜਰੂਰੀ ਹੈ. ਪੁਰਾਣੇ ਰਸਤਿਆਂ ਨੂੰ ਛੱਡੇ ਬਿਨਾਂ ਨਵੀਆਂ ਮੰਜਿਲਾਂ ਨਹੀਂ ਲੱਭੀਆਂ ਜਾ ਸਕਦੀਆਂ. ਕਿਸਮਤਵਾਦੀ ਫਲਸ਼ਫੇ  ਦੀ ਥਾਂ ਹਿੰਮਤ, ਯਤਨ, ਦ੍ਰਿੜ-ਇਰਾਦਾ ਆਦਿ ਦੇ ਸੰਕਲਪ ਉਸਾਰਨ ਦੀ ਲੋੜ ਹੈ. ਜੇਕਰ ਸਾਡੇ ਦੇਸ ਭਗਤ ਵੀ ਸ਼ਹੀਦੀਆਂ ਦੇ ਕੇ ਦੇਸ ਨੂੰ ਆਜਾਦ ਕਰਾਉਣ ਦੀ ਬਜਾਇ ਗੁਲਾਮੀ ਨੂੰ ਕਿਸਮਤ ਦੀ ਦੇਣ ਸਮਝਕੇ ਅਜਾਦੀ-ਸੰਗਰਾਮ ਤੋਂ ਮੂੰਹ ਮੋੜ ਲੈਂਦੇ ਤਾਂ ਅੱਜ ਵੀ ਅਸੀਂ ਅੰਗਰੇਜਾਂ ਦੀ ਗੁਲਾਮੀ ਭੋਗਦੇ ਹੋਣਾ ਸੀ. ਇਸ ਤੋਂ ਇਹ ਗੱਲ ਸੌਖੇ ਹੀ ਸਮਝੀ ਜਾ ਸਕਦੀ ਹੈ ਕਿ ਸਾਡੇ ਸਮਾਜ ਨੂੰ ਜਿਨ੍ਹਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਉਹਨਾਂ ਦਾ ਹੱਲ ਕਿਸਮਤ ਵਾਦੀ ਫਲਸਫੇ ਨੂੰ ਰੱਦ ਕਰਕੇ ਲੋਕ-ਸੰਘਰਸ ਦੁਆਰਾ ਹੀ ਕੀਤਾ ਜਾ ਸਕਦਾ ਹੈ.  

ਇਸ ਮੌਕੇ ਇਕਾਈ ਮੁਖੀ ਬਿਕਰਮਜੀਤ ਸੋਨੀ ਨੇ ਕਿਹਾ ਕਿ ਜਿਹੜਾ ਸਮਾਜ ਨਿਰੰਤਰ ਬਦਲਾਅ ਲਈ ਤਿਆਰ ਨਹੀਂ ਰਹਿੰਦਾ ਉਸਦਾ ਪਤਨ ਹੋਣਾ ਤੈਅ ਹੁੰਦਾ ਹੈ. ਚਿੰਤਾ ਵਾਲ਼ੀ ਗੱਲ ਹੈ ਕਿ ਸਾਡੀ ਜਿਆਦਾਤਰ ਸ਼ਕਤੀ ਪੁਰਾਣੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਨੂੰ ਹੀ ਨਿਭਾਣ ਵਿੱਚ ਖਰਚ ਹੋ ਜਾਂਦੀ ਹੈ. ਅਸੀਂ ਵਿਗਿਆਨ ਨੂੰ ਵੀ ਧਰਮ ਦਾ ਪਿੱਛਲੱਗ ਬਣਾਉਣ ਵਿੱਚ ਰੁਝੇ ਹੋਏ ਹਾਂ. ਟੈਲੀਵਿਜ਼ਨ ਵਰਗੀ ਕ੍ਰਾਂਤੀਕਾਰੀ ਕਾਢ ਨੇ ਵੀ ਲੋਕਾਂ ਦੇ ਬੌਧਿਕ-ਵਿਕਾਸ ਦੀ ਥਾਂ ਅੰਧਵਿਸ਼ਵਾਸ ਫੈਲਾਅ ਕੇ ਲੋਕ ਚੇਤਨਾਂ ਨੂੰ ਖੁੰਢਾ ਕਰਨ ਵਿੱਚ ਹੀ ਯੋਗਦਾਨ ਪਾਇਆ ਹੈ. ਇਸ ਕਰਕੇ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਆਪਣੇ ਆਪ ਨੂੰ ਕਹਿੰਦੇ ਤਾਂ ਆਧੁਨਿਕ ਹਾਂ ਪਰ ਸਦੀਆਂ ਪੁਰਾਣੀਆਂ ਮਾਨਤਾਵਾਂ ਸਾਡਾ ਖਹਿੜਾ ਨਹੀਂ ਛੱਡ ਰਹੀਆਂ.

ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਲੋਕਾਂ ਦੀ ਜੀਵਨ-ਤਰਜ ਨੂੰ ਵਿਗਿਆਨ-ਮੁਖੀ ਬਣਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਲੱਗਭਗ ਪਿਛਲੇ ਤੀਹ ਸਾਲਾਂ ਤੋਂ ਲਗਾਤਾਰ ਲੋਕ-ਲਹਿਰ ਛੇੜੀ ਹੋਈ ਹੈ. ਇਸੇ ਮਿਸ਼ਨ ਤਹਿਤ ਇਕਾਈ ਖਰੜ ਵੱਲੋਂ ਮਾਘੀ ਮੇਲੇ ਮੌਕੇ ਪਿੰਡ ਦਾਊਂ ਵਿਖੇ ਤਰਕਸ਼ੀਲ ਸਾਹਿਤ ਦੀ ‘ਪੁਸਤਕ ਪ੍ਰਦਰਸ਼ਨੀ’ ਲਗਾਈ ਜਾਵੇਗੀ. ਇਸ ਮੌਕੇ ਹਾਜਰ ਤਰਕਸ਼ੀਲ ਆਗੂਆਂ ਕਰਮਜੀਤ ਸਕਰੁੱਲਾਂਪੁਰੀ, ਭੁਪਿੰਦਰ ਮਦਨਹੇੜੀ, ਸੁਜਾਨ ਬਡਾਲ਼ਾ, ਸੁਰਿੰਦਰ ਸਿੰਬਲ਼ਮਾਜਰਾ, ਗੁਰਮੀਤ ਸਹੌੜਾਂ, ਹਰਜਿੰਦਰ ਪਮੌਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋ ਮੁਕਤ ਸਮਾਜ ਦੀ ਸਿਰਜਣਾ ਲਈ ਵਿਗਿਆਨਿਕ-ਚਿੰਤਨ ਨੂੰ ਆਪਣੀ  ਜਿੰਦਗੀ ਦਾ ਹਿੱਸਾ ਬਨਾਉਣਾ ਪਵੇਗਾ.