ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਉਹਨਾਂ ਸੋਚ ਉੱਤੇ ਵਿਚਾਰ ਚਰਚਾ ਕੀਤੀ ਗਈ
ਖਰੜ, 28 ਸਤੰਬਰ 2015 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਉੱਤੇ ਸੰਵਾਦ ਰਚਾਉਣ ਦੇ ਮਕਸਦ ਤਹਿਤ ਤਰਕਸ਼ੀਲ ਸਾਹਿਤ ਦੇ ਪਾਠਕਾਂ ਅਤੇ ਸਮਾਜਿਕ ਸਰੋਕਾਰਾਂ ਨਾਲ਼ ਜੁੜੇ ਵਿਅਕਤੀਆਂ ਨਾਲ਼ ਪਾਠਕ ਮਿਲਣੀ ਕੀਤੀ ਗਈ. ਸ਼ਹੀਦ ਭਗਤ ਸਿੰਘ
ਦੇ ਜਨਮ ਦਿਨ ਨੂੰ ਸਮਰਪਿਤ ਇਹ ਪਾਠਕ ਮਿਲਣੀ ਭਗਤ ਸਿੰਘ ਦੇ ਬੁੱਤਾਂ ਨੂੰ ਹਾਰ ਪਾਕੇ ਮੱਥੇ ਟੇਕਣ ਵਾਲ਼ੇ ਰਵਾਇਤੀ ਪ੍ਰੋਗਰਾਮਾਂ ਤੋਂ ਬਿਲਕੁਲ ਵੱਖਰੀ ਸੀ. ਡੂੰਘੇ ਅਧਿਐਨ ਦੀ ਰੁਚੀ ਪੈਦਾ ਕਰਨ ਲਈ ਉਲੀਕੇ ਇਸ ਪ੍ਰੋਗਰਾਮ ਵਿੱਚ ਪਸਤੌਲਾਂ, ਰਿਵਾਲਵਰਾਂ ਦੀ ਬਜਾਇ, ਵਿਸ਼ਵ ਸਾਹਿਤ ਦਾ ਡੁੰਘਾਈ ਨਾਲ ਅਧਿਐਨ ਕਰਨ ਵਾਲੇ ਭਗਤ ਸਿੰਘ ਦੀ ਸੋਚ ਉੱਤੇ ਵਿਚਾਰ ਚਰਚਾ ਕੀਤੀ ਗਈ. ਹਾਜਰੀਨਾ ਨਾਲ਼ ਗੱਲਬਾਤ ਦੀ ਸੁਰੂਆਤ ਕਰਦਿਆਂ ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਕਿ ਸਿਰਫ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆਂ ਦੀਆਂ ਕ੍ਰਾਂਤੀਕਾਰੀ ਸ਼ਖਸੀਅਤਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਂ ਬਹੁਤ ਸਤਿਕਾਰ ਦੇ ਨਾਲ਼ ਲਿਆ ਜਾਂਦਾ ਹੈ. ਸਿਰਫ 23 ਸਾਲ, 5 ਮਹੀਨੇ ਅਤੇ 26 ਦਿਨ ਦੀ ਬਹੁਤ ਹੀ ਛੋਟੀ ਜਿੰਦਗੀ ਵਿੱਚ ਭਗਤ ਸਿੰਘ ਨੇ ਉਸ ਅੰਗਰੇਜੀ ਸ਼ਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਜਿਸ ਦੀ ਸਲਤਨਤ ਵਿੱਚ ਸੂਰਜ ਕਦੇ ਵੀ ਨਹੀਂ ਸੀ ਡੁੱਬਦਾ ਵਾਲ਼ੀ ਕਹਾਵਤ ਮਸ਼ਹੂਰ ਸੀ. ਇਸ ਮੌਕੇ ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਸਾਡੇ ਪੰਜਾਬ ਵਿੱਚ ਆਮ ਕਹਾਵਤ ਹੈ ਕਿ ਹਰ ਮਾਂ ਚਾਹੁੰਦੀ ਹੈ ਉਸਦੀ ਕੁੱਖ ਵਿੱਚੋਂ ਕੋਈ ਭਗਤ ਸਿੰਘ ਵਰਗਾ ਬਾਲਕ ਪੈਦਾ ਹੋਵੇ. ਪਰ ਅਸਲੀਅਤ ਇਹ ਹੈ ਕਿ ਭਗਤ ਸਿੰਘ ਵਰਗੇ ਚਿੰਤਕ-ਸੂਰਮੇ ਮਾਂ ਦੀ ਕੁੱਖ ਵਿਚੋਂ ਨਹੀਂ ਬਲਕਿ ਅਧਿਐਨ ਦੇ ਗਰਭ ਵਿੱਚੋਂ ਜਨਮ ਲੈਂਦੇ ਹਨ. ਉਨਾਂ ਕਿਹਾ ਕਿ ਇਨਕਲਾਬੀ ਸਾਹਿਤ ਉਹ ਮਾਂ ਹੈ ਜੋ ਅਧਿਐਨ ਕਰਨ ਵਾਲ਼ੇ ਕਿਸੇ ਵੀ ਇਨਸਾਨ ਨੂੰ ਭਗਤ ਸਿੰਘ ਬਣਾਉਣ ਦੇ ਸਮਰੱਥ ਹੈ .
ਇਸ ਵਿਚਾਰ ਚਰਚਾ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜਿਵੇਂ ਤਸਵੀਰਾਂ ਵਿੱਚ ਭਗਤ ਸਿੰਘ ਦੀ ਸਖਸ਼ੀਅਤ ਨੂੰ ਹਥਿਆਰਾਂ ਦੇ ਸ਼ੌਕੀਨ ਕਿਸੇ ਨੌਜਵਾਨ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਅਸਲੀਅਤ ਵਿੱਚ ਉਸਦੀ ਵਿਚਾਰਧਾਰਾ ਉਸ ਤੋਂ ਬਿਲਕੁਲ ਵੱਖਰੀ ਸੀ. ਉਹ ਸਿਰਫ ਯੋਧਾ ਹੀ ਨਹੀਂ ਮਹਾਨ ਚਿੰਤਕ ਵੀ ਸੀ. ਭਗਤ ਸਿੰਘ ਲਈ ਆਜ਼ਾਦੀ ਦਾ ਮਤਲਬ ਸਿਰਫ ਅੰਗਰੇਜਾਂ ਤੋਂ ਦੇਸ ਨੂੰ ਮੁਕਤ ਕਰਾਉਣ ਤੱਕ ਸੀਮਿਤ ਨਹੀਂ ਸੀ. ਬਲਕਿ ਉਸ ਦਾ ਮਿਸ਼ਨ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਪੂਰਨ-ਬਰਾਬਰੀ ਦੇ ਸਮਾਜ ਦੀ ਸਿਰਜਣਾ’ਸੀ. ਪਰ ਜਿਸ ਸੋਹਣੇ ਸਮਾਜ ਦੇ ਨਿਰਮਾਣ ਵਾਸਤੇ ਭਗਤ ਸਿੰਘ ਨੇ ਬਲਿਦਾਨ ਦਿੱਤਾ ਸੀ ਅੱਜ ਉਸਦੀ ਕੁਰਬਾਨੀ ਦੇ 84 ਸਾਲ ਬਾਅਦ ਵੀ ਅਸੀਂ ਨਾ ਸਿਰਫ ਉਹ ਸਮਾਜ ਸਿਰਜਣ ਤੋਂ ਕੋਹਾ ਦੂਰ ਹਾਂ ਬਲਕਿ ਭਗਤ ਸਿੰਘ ਦੁਆਰਾ ਦੇਖਿਆ ਬਰਾਬਰੀ ਦੇ ਸਮਾਜ ਵਾਲ਼ਾ ਸੁਫਨਾ ਵੀ ਵਿਸਾਰ ਦਿੱਤਾ ਹੈ. ਇਸ ਮੌਕੇ ਸ੍ਰੀ ਜਰਨੈਲ ਕਰਾਂਤੀ ਨੇ ਅੰਧ-ਵਿਸ਼ਵਾਸਾਂ ਦੇ ਵੱਧ ਰਹੇ ਮੱਕੜਜਾਲ਼ ਦੀਆਂ ਜੜਾਂ ਫਰੋਲ਼ਦਿਆਂ ਦੱਸਿਆ ਕਿ ਜੇਕਰ ਅਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਪੀਰਾਂ-ਫਕੀਰਾਂ ਦੀਆਂ ਮਜ਼ਾਰਾਂ ਉੱਤੇ ਮੱਥੇ ਟਿਕਾਉਂਦੇ ਫਿਰਾਂਗੇ ਤਾਂ ਵੱਡੇ ਹੋਕੇ ਉਨ੍ਹਾਂ ਨੇ ਅੰਧ-ਵਿਸ਼ਵਾਸੀ ਬਣ ਹੀ ਜਾਣਾ ਹੁੰਦਾ ਹੈ. ਇਸ ਦੌਰਾਨ ਜੋਨ ਮੁਖੀ ਲੈਕ. ਗੁਰਮੀਤ ਖਰੜ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਅੰਧ-ਵਿਸ਼ਵਾਸਾਂ ਦੀ ਜੜ੍ਹ ਆਤਮਾਵਾਦੀ ਫਲਸ਼ਫਾ ਹੈ. ਅਖੌਤੀ ਆਤਮਾ ਨਾਲ਼ ਹੀ ਸਾਰੇ ਕਰਮਕਾਂਡ ਅਤੇ ਭੂਤਾਂ-ਪ੍ਰੇਤਾਂ ਦੀ ਹੋਂਦ ਜੁੜੀ ਹੋਈ ਹੈ. ਪਰ ਤਰਕਸ਼ੀਲ ਸੁਸਾਇਟੀ ਨੇ ਭੂਤਾਂ-ਪ੍ਰੇਤਾਂ ਦੇ ਹਜਾਰਾਂ ਕੇਸ ਹੱਲ ਕਰਕੇ ਇਹ ਸਾਬਤ ਕੀਤਾ ਹੈ ਕਿ ਆਤਮਾ ਨਾਂ ਦੀ ਕੋਈ ਚੀਜ ਨਹੀਂ ਹੁੰਦੀ. ਲੋਕੀਂ ਸਿਰਫ ਚੇਤਨਾਂ ਨੂੰ ਹੀ ਆਤਮਾ ਸਮਝੀ ਬੈਠੇ ਹਨ.
ਸੁਜਾਨ ਬਡਾਲ਼ਾ ਨੇ ਮਾਨਸਿਕ ਰੋਗਾਂ ਨਾਲ਼ ਸਬੰਧਤ ਕੇਸ ਹਿਸਟਰੀਆਂ ਵੀ ਸਾਂਝੀਆਂ ਕੀਤੀਆਂ. ਵਿਚਾਰ ਚਰਚਾ ਨੂੰ ਅੱਗੇ ਵਧਾਉਣ ਵਾਸਤੇ ਬੀਬੀ ਸੀਮਾਂ ਢਿੱਲੋਂ, ਸ਼ੇਰ ਸਿੰਘ, ਹਰਪ੍ਰੀਤ, ਸੁਰਜੀਤ ਮੁਹਾਲ਼ੀ, ਹਰਵਿੰਦਰ ਸਿੰਘ, ਮਨਜੀਤ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ. ਅਖੀਰ ਵਿੱਚ ਇਕਾਈ ਮੁਖੀ ਬਿਕਰਮਜੀਤ ਸੋਨੀ ਨੇ ਪ੍ਰੋਗਰਾਮ ਵਿੱਚ ਹਾਜਰ ਹੋਣ ਲਈ ਸਭ ਦਾ ਧੰਨਵਾਦ ਕੀਤਾ.