ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਆਧੁਨਿਕ ਤਕਨੀਕਾਂ ਵਰਤ ਕੇ ਲੋਕਾਂ ਤੱਕ ਪਹੁੰਚ ਕਰੇਗੀ ਤਰਕਸ਼ੀਲ ਸੁਸਾਇਟੀ

ਜੋਨ ਚੰਡੀਗੜ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਹੋਈ

ਖਰੜ, 27 ਮਾਰਚ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਚੰਡੀਗੜ ਦਾ ਇਜਲਾਸ ਖਰੜ ਵਿਖੇ ਹੋਇਆ. ਇਜਲਾਸ ਵਿੱਚ ਸੂਬੇ ਦੇ ਨੁਮਾਇੰਦੇ ਵਜੋਂ ਸੁਸਾਇਟੀ ਦੇ ਕਾਨੂੰਨ ਵਿਭਾਗ ਦੇ ਮੁਖੀ ਐਡਵੋਕੇਟ ਹਰਿੰਦਰ ਲਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ. ਇਸ ਦੌਰਾਨ ਅਗਲੇ ਦੋ ਸਾਲਾਂ ਲਈ ਜੋਨ ਦੀ ਨਵੀਂ ਟੀਮ ਨੂੰ

ਸਰਵਸੰਮਤੀ ਨਾਲ ਚੁਣਿਆ ਗਿਆ ਜਿਸ ਵਿੱਚ ਲੈਕਚਰਾਰ ਗੁਰਮੀਤ ਖਰੜ ਨੂੰ ਜੱਥੇਬੰਦਕ ਮੁਖੀ, ਜਰਨੈਲ ਕ੍ਰਾਂਤੀ ਨੂੰ ਮੀਡੀਆ ਵਿਭਾਗ ਮੁਖੀ, ਅਜੀਤ ਪ੍ਰਦੇਸੀ ਨੂੰ ਵਿੱਤ ਵਿਭਾਗ ਮੁਖੀ, ਸੰਦੀਪ ਸਿੰਘ ਨੂੰ ਸੱਭਿਆਚਾਰ ਵਿਭਾਗ ਮੁਖੀ ਤੇ ਸਤਨਾਮ ਦਾਉਂ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਥਾਪਿਆ ਗਿਆ. ਇਜਲਾਸ ਦੌਰਾਨ ਸੂਬਾ ਕਮੇਟੀ ਮੈਂਬਰ ਹਰਿੰਦਰ ਲਾਲੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਤਰਕਸ਼ੀਲਾਂ ਨੂੰ ਆਪਣੀ ਸਿਹਤ, ਪਰਿਵਾਰ ਅਤੇ ਆਪਣੇ ਮਿਸ਼ਨ ਵਿੱਚ ਸੰਤੁਲਨ ਬਣਾ ਕੇ ਸਮਾਜ ਨੂੰ ਲੋਕ ਪੱਖੀ ਬਣਾਉਣ ਲਈ ਲੋਕਾਂ ਵਿੱਚ ਕੰਮ ਕਰਨਾ ਚਾਹੀਦਾ ਹੈ. 

ਉੱਧਰ ਨਵੀਂ ਟੀਮ ਦੇ ਅਹੁਦੇਦਾਰਾਂ ਨੇ ਜੋਨ ਦੀਆਂ ਵੱਖ ਵੱਖ ਇਕਾਈਆਂ ਵੱਲੋਂ ਆਏ ਡੈਲੀਗੇਟਾਂ ਨੂੰ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ. ਗੱਲਬਾਤ ਕਰਦਿਆਂ ਜੋਨ ਜੱਥੇਬੰਦਕ ਮੁਖੀ ਗੁਰਮੀਤ ਖਰੜ ਨੇ ਕਿਹਾ ਕਿ ਨਵੀਂ ਚੁਣੀ ਟੀਮ ਆਧੁਨਿਕ ਤਕਨੀਕ ਵਰਤ ਕੇ ਲੋਕਾਂ ਤੱਕ ਪਹੁੰਚ ਕਰੇਗੀ ਤੇ ਪਿੰਡਾਂ ਅਤੇ ਸਕੂਲਾਂ ਵਿੱਚ ਵਿਗਿਆਨਿਕ ਸੋਚ ਦੇ ਪ੍ਰਚਾਰ ਤੋਂ ਇਲਾਵਾ ਸੋਸ਼ਲ ਮੀਡੀਆਂ ਨੂੰ ਏਸ ਕੰਮ ਲਈ ਵਰਤਣ ਤੇ ਜੋਰ ਦਿੱਤਾ ਜਾਵੇਗਾ. ਉਹਨਾਂ ਕਿਹਾ ਕਿ ਸੁਸਾਇਟੀ ਦੇ ਇਕਾਈ ਪੱਧਰ ਤੇ ਅਹੁਦੇਦਾਰਾਂ ਨੂੰ ਆਪੋ-ਆਪਣੇ ਵਿਭਾਗਾਂ ਦੇ ਕੰਮਕਾਰ ਦੌਰਾਨ ਨਵੀਂ ਤਕਨੀਕ ਨੂੰ ਵਰਤੋਂ ਵਿੱਚ ਲਿਆਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਤੇ ਤਰੀਕੇ ਸਿਖਾਏ ਜਾਣਗੇ. ਉੱਧਰ ਜੋਨ ਦੇ ਮੀਡੀਆ ਵਿਭਾਗ ਦੇ ਮੁਖੀ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਸੁਸਾਇਟੀ ਦੇ ਮੀਡੀਆ ਵਿਭਾਗ ਵੱਲੋਂ ਭਵਿੱਖ ਵਿੱਚ ਮੀਡੀਆ ਵਿਸ਼ੇ ਤੇ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ.

ਇਜਲਾਸ ਦੇ ਆਰੰਭ ਵਿੱਚ ਜੋਨ ਜੱਥੇਬੰਦਕ ਮੁਖੀ ਲੈਕਚਰਾਰ ਗੁਰਮੀਤ ਨੇ ਦੋ ਸਾਲਾਂ ਦੀ ਕਾਰਗੁਜਾਰੀ ਰਿਪੋਰਟ ਹਾਜਰ ਡੈਲੀਗੇਟਾਂ ਸਾਹਮਣੇ ਪੜ੍ਹ ਕੇ ਸੁਣਾਈ. ਉਹਨਾਂ ਕਿਹਾ ਕਿ ਸੁਸਾਇਟੀ ਦੁਆਰਾ ਮਿੱਥੇ ਘੱਟੋ ਘੱਟ ਪ੍ਰੋਗਰਾਮ ਅਨੁਸਾਰ ਜੋਨ ਦੀ ਕਾਰਗੁਜਾਰੀ ਵਧੀਆ ਰਹੀ ਹੈ ਤੇ ਲੰਘੇ ਦੋ ਸਾਲਾਂ ਵਿੱਚ ਜੋਨ ਦੀਆਂ 9 ਇਕਾਈਆਂ ਵੱਲੋਂ ਆਪਣੇ ਪੱਧਰ ਤੇ ਵਿਗਿਆਨਿਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਗਏ ਹਨ. ਇਸ ਤੋਂ ਇਲਾਵਾ ਜੋਨ ਦੇ ਮੀਡੀਆ ਵਿਭਾਗ ਦੇ ਮੁਖੀ ਜਰਨੈਲ ਕ੍ਰਾਂਤੀ, ਵਿੱਤ ਵਿਭਾਗ ਦੇ ਮੁਖੀ ਅਜੀਤ ਪ੍ਰਦੇਸੀ ਅਤੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸੰਦੀਪ ਸਿੰਘ ਨੇ ਵੀ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ.