ਤਰਕਸ਼ੀਲਾਂ ਵੱਲੋਂ ਵਿਗਿਆਨਕ ਦ੍ਰਿਸ਼ਟੀਕੋਣ ਦੇ ਪਸਾਰ ਨਾਲ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਦਾ ਅਹਿਦ
ਰਣਜੀਤ ਬਠਿੰਡਾ ਬਣੇ ਜੋਨ ਜਥੇਬੰਦਕ ਮੁਖੀ
ਬਠਿੰਡਾ, 16 ਮਾਰਚ (ਬਲਰਾਜ ਮੌੜ): ਅੰਧ ਵਿਸ਼ਵਾਸਾਂ ਤੇ ਅਗਿਆਨਤਾ ਦਾ ਖਾਤਮਾ ਕਰਕੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਪ੍ਰਸਾਰ ਨਾਲ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਮਾਲਵਾ ਖਿੱਤੇ ਦੀਆਂ ਤਰਕਸ਼ੀਲ ਇਕਾਈਆਂ ਦੀ ਅਹਿਮ ਮੀਟਿੰਗ ਸਥਾਨਕ ਟੀਚਰ ਹੋਮ ਵਿਖੇ ਹੋਈ.
ਜਿਸ ਵਿੱਚ ਭਾਈ ਰੂਪਾ, ਬਰਗਾੜੀ, ਭਾਗੀ ਵਾਂਦਰ, ਮੌੜ, ਤਲਵੰਡੀ ਸਾਬੋ, ਬਠਿੰਡਾ, ਰਾਮਪੁਰਾ, ਜੈਤੋ, ਫਰੀਦਕੋਟ, ਡੱਬਵਾਲੀ ਤੇ ਕਾਲਾਂਵਾਲੀ ਇਕਾਈਆਂ ਦੇ ਚੁਣੇ ਹੋਏ ਤਰਕਸ਼ੀਲ ਆਗੂਆਂ ਤੇ ਡੇਲੀਗੇਟਾਂ ਨੇ ਸ਼ਮੂਲੀਅਤ ਕੀਤੀ. ਜੋਨ ਬਠਿੰਡਾ ਦੀਆਂ ਇਹਨਾਂ ਇਕਾਈਆਂ ਨੇ ਪਿਛਲੇ ਦੋ ਸਾਲਾ ਦਾ ਲੇਖਾ ਜੋਖਾ ਕਰਨ ਉਪਰੰਤ ਨਵੇਂ ਸ਼ੈਸਨ ਲਈ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਮ ਸਵਰਨ ਲੱਖੇਵਾਲੀ ਦੀ ਦੇਖਰੇਖ ਹੇਠ ਚੋਣ ਕੀਤੀ. ਸਰਵ ਸੰਮਤੀ ਨਾਲ ਹੋਈ ਇਸ ਚੋਣ ਵਿੱਚ ਰਣਜੀਤ ਸਿੰਘ ਬਠਿੰਡਾ ਨੂੰ ਜੋਨ ਜਥੇਬੰਦਕ ਮੁਖੀ, ਜੰਟਾ ਸਿੰਘ ਰਾਮਪੁਰਾ ਨੂੰ ਵਿੱਤ ਮੁਖੀ, ਬਲਰਾਜ ਮੌੜ ਨੂੰ ਮੀਡੀਆ ਮੁਖੀ, ਬਲਦੇਵ ਸਿੰਘ ਬਠਿੰਡਾ ਨੂੰ ਮੈਗਜ਼ੀਨ ਵਿਭਾਗ ਮੁਖੀ ਤੇ ਅਜਾਇਬ ਜਲਾਲੇਆਣਾ ਨੂੰ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਦਾ ਮੁਖੀ ਚੁਣਿਆ ਗਿਆ.
ਚੋਣ ਉਪਰੰਤ ਜੋਨ ਮੁਖੀ ਰਣਜੀਤ ਸਿੰਘ ਬਠਿੰਡਾ ਨੇ ਹਾਜ਼ਰ ਡੇਲੀਗੇਟਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਤਰਕਸ਼ੀਲਤਾ ਦੇ ਪ੍ਰਸਾਰ ਨਾਲ ਜਿੰਦਗੀ ਤੇ ਸਮਾਜ ਨੂੰ ਉਸਾਰੂ ਲੀਹਾਂ 'ਤੇ ਤੋਰਿਆ ਜਾ ਸਕਦਾ ਹੈ. ਉਹਨਾਂ ਆਖਿਆ ਕਿ ਅਜੋਕੇ ਦੌਰ ਵਿੱਚ ਜਦ ਵਿਗਿਆਨ ਦੁਆਰਾ ਖੋਜੇ ਗਏ ਸਾਧਨ ਅੰਧਵਿਸ਼ਵਾਸਾਂ ਦਾ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ ਤਾਂ ਅਜਿਹੇ ਸਮੇਂ ਤਰਕਸ਼ੀਲ ਵਿਚਾਰਾਂ ਨੂੰ ਹਰ ਦਰ 'ਤੇ ਪਹੁੰਚਾਉਣਾ ਸਮੇਂ ਦੀ ਲੋੜ ਹੈ. ਇਸ ਮੌਕੇ ਬੋਲਦਿਆਂ ਬਲਦੇਵ ਸਿੰਘ ਨੇ ਆਖਿਆ ਕਿ ਤਰਕਸ਼ੀਲ ਮੈਗਜ਼ੀਨ ਪਿਛਲੇ ਤਿੰਨ ਦਹਾਕਿਆਂ ਤੋਂ ਸਮਾਜ ਲਈ ਰਾਹ ਦਰਸਾਵਾ ਬਣ ਰਿਹਾ ਹੈ. ਇਸ ਨੂੰ ਵਧੇਰੇ ਹੱਥਾਂ ਤੱਕ ਪਹੁੰਚਾਕੇ ਵਿਗਿਆਨ ਦ੍ਰਿਸ਼ਟੀਕੋਣ ਨੂੰ ਲੋਕਾਂ ਤੱਕ ਸਹਿਜੇ ਹੀ ਪਹੁੰਚਾਇਆ ਜਾ ਸਕਦਾ ਹੈ. ਤਰਕਸ਼ੀਲ ਆਗੂਆਂ ਦਾ ਕਹਿਣਾ ਸੀ ਕਿ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਅੱਜ ਪੰਜਾਬ ਵਿੱਚ ਵੀ ਪਾਸ ਹੋਣਾ ਚਾਹੀਦਾ ਹੈ ਤਾਂ ਜੋ ਅੰਧ ਵਿਸ਼ਵਾਸਾ ਦੇ ਸਹਾਰੇ ਲੋਕਾਂ ਦੀ ਆਰਥਿਕ, ਮਾਨਸਿਕ ਤੇ ਸਰੀਰਿਕ ਲੁੱਟ ਕਰਨ ਵਾਲੇ ਚਲਾਕ ਲੋਕਾਂ ਨੂੰ ਨੱਥ ਪਾਈ ਜਾ ਸਕੇ. ਇਸ ਮੌਕੇ ਬੋਲਦਿਆਂ ਹੇਮਰਾਜ ਸਟੈਨੋ ਨੇ ਆਖਿਆ ਕਿ ਫਿਰਕਾਪ੍ਰਸਤ ਤਾਕਤਾਂ ਹਮੇਸ਼ਾ ਹੀ ਅੰਧਵਿਸ਼ਵਾਸਾਂ ਦੇ ਪਸਾਰੇ ਲਈ ਯਤਨਸ਼ੀਲ ਰਹੀਆਂ ਹਨ. ਇਸ ਦਾ ਮੁਕਾਬਲਾ ਅਗਾਹ ਵਧੂ ਵਿਗਿਆਨਕ ਵਿਚਾਰਾਂ ਨਾਲ ਹੀ ਕੀਤਾ ਜਾ ਸਕਦਾ ਹੈ. ਹਾਜ਼ਰ ਆਗੂਆਂ ਨੇ ਮਹਾਰਾਸ਼ਟਰ ਦੀ ਵਿਗਿਆਨਕ ਚੇਤਨਾ ਤੇ ਪ੍ਰਗਤੀਵਾਦੀ ਲਹਿਰ ਦੇ ਆਗੂ ਗੋਵਿੰਦ ਪੰਸਾਰੇ ਦੀ ਫਿਰਕਾਪ੍ਰਸਤ ਤਾਕਤਾਂ ਵੱਲੋਂ ਕੀਤੇ ਕਤਲ ਦੀ ਸਖ਼ਤ ਸਬਦਾਂ 'ਚ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ. ਜੋਨ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਾਮ ਸਿੰਘ ਨਿਰਮਾਣ, ਹਰਜੀਤ ਫੌਜੀ, ਅੰਮ੍ਰਿਤ ਤਲਵੰਡੀ ਸਾਬੋ, ਯੋਗਰਾਜ ਭਾਗੀਵਾਂਦਰ, ਹਾਕਮ ਸਿੰਘ, ਭੂਰਾ ਸਿੰਘ ਮਹਿਮਾ ਸਰਜਾ, ਮਾਸਟਰ ਜਗਦੀਸ਼ ਕਾਲਾਂਵਾਲੀ ਤੇ ਜਗਦੇਵ ਰਾਮਪੁਰਾ ਆਦਿ ਤਰਕਸ਼ੀਲ ਆਗੂ ਹਾਜ਼ਰ ਸਨ.